ਧਵਨ ਦਾ ਸੈਂਕੜਾ, ਰਾਹੁਲ ਖੁੰਿਝਆ

Updated on: Sat, 12 Aug 2017 09:27 PM (IST)
  

-ਪਹਿਲੇ ਦਿਨ ਭਾਰਤ ਨੇ ਬਣਾਈਆਂ ਛੇ ਵਿਕਟਾਂ 'ਤੇ 329 ਦੌੜਾਂ

-ਪੁਜਾਰਾ, ਕੋਹਲੀ ਤੇ ਰਹਾਣੇ ਹੋਏ ਜਲਦੀ ਆਊਟ

ਪੱਲੇਕਲ (ਪੀਟੀਆਈ) : ਸ਼ਿਖਰ ਧਵਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ ਪਰ ਮੱਧਯਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਮੇਜ਼ਬਾਨ ਸ੍ਰੀਲੰਕਾ ਨੇ ਇੱਥੇ ਤੀਜੇ ਟੈਸਟ ਦੇ ਪਹਿਲੇ ਦਿਨ ਭਾਰਤ ਨੂੰ ਛੇ ਵਿਕਟਾਂ 'ਤੇ 329 ਦੌੜਾਂ 'ਤੇ ਹੀ ਰੋਕ ਦਿੱਤਾ। ਧਵਨ ਨੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਜੜਦੇ ਹੋਏ 119 ਦੌੜਾਂ ਬਣਾਈਆਂ। ਉਨ੍ਹਾਂ ਨੇ 123 ਗੇਂਦਾਂ ਦਾ ਸਾਹਮਣਾ ਕੀਤਾ ਤੇ 17 ਚੌਕੇ ਲਾਏ। ਉਨ੍ਹਾਂ ਦੇ ਸਲਾਮੀ ਜੋੜੀਦਾਰ ਕੇਐੱਲ ਰਾਹੁਲ ਸੈਂਕੜੇ ਤੋਂ ਖੁੰਝ ਗਏ। ਉਨ੍ਹਾਂ ਨੇ 135 ਗੇਂਦਾਂ 'ਤੇ ਅੱਠ ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ। ਧਵਨ ਤੇ ਰਾਹੁਲ ਨੇ ਪਹਿਲੀ ਵਿਕਟ ਲਈ ਰਿਕਾਰਡ 188 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਦੀ ਬਦੌਲਤ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 400 ਦੌੜਾਂ ਦੇ ਨੇੜੇ ਪੁੱਜਦੀ ਨਜ਼ਰ ਆ ਰਹੀ ਹੈ।

ਪੁਸ਼ਪਕੁਮਾਰਾ, ਸੰਦਾਕਨ ਦੀ ਸ਼ਾਨਦਾਰ ਗੇਂਦਬਾਜ਼ੀ : ਪਹਿਲੇ ਦਿਨ ਦੇ ਆਖ਼ਰੀ ਦੋ ਸੈਸ਼ਨਾਂ 'ਚ ਸ੍ਰੀਲੰਕਾ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਟੰਪ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਖੱਬੇ ਹੱਥ ਦੇ ਸਪਿੰਨਰ ਮਾਲਿੰਦਾ ਪੁਸ਼ਪਕੁਮਾਰਾ (3/40) ਤੇ ਚਾਈਨਾਮੈਨ ਲਕਸ਼ਨ ਸੰਦਾਕਨ (2/84) ਦੀ ਬਦੌਲਤ ਮੈਚ 'ਚ ਆਪਣਾ ਆਧਾਰ ਬਣਾਉਣ 'ਚ ਸਫਲ ਰਹੀ। ਲੈਅ 'ਚ ਚੱਲ ਰਹੇ ਚੇਤੇਸ਼ਵਰ ਪੁਜਾਰਾ (08) ਤੇ ਪਿਛਲੇ ਟੈਸਟ 'ਚ ਸੈਂਕੜਾ ਲਾਉਣ ਵਾਲੇ ਅਜਿੰਕੇ ਰਹਾਣੇ (17) ਜਲਦੀ ਆਊਟ ਹੋ ਗਏ ਜਦਕਿ ਕਪਤਾਨ ਵਿਰਾਟ ਕੋਹਲੀ (42) ਨੇ ਸੈੱਟ ਹੋਣ ਤੋਂ ਬਾਅਦ ਆਪਣੀ ਵਿਕਟ ਗੁਆਈ। ਕੋਹਲੀ ਯੀਜ਼ ਤੋਂ ਹੀ ਸਪਿੰਨਰਾਂ 'ਤੇ ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ 79ਵੇਂ ਓਵਰ 'ਚ ਸੰਦਾਕਨ ਦੀ ਇਕ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਗਈ ਤੇ ਉਹ ਪਹਿਲੀ ਸਲਿੱਪ 'ਚ ਫੜੇ ਗਏ।

ਸਾਹਾ ਨੂੰ ਮਿਲਿਆ ਜੀਵਨਦਾਨ :

ਦਿਨ ਦੀ ਆਖ਼ਰੀ ਵਿਕਟ ਦੇ ਰੂਪ 'ਚ ਰਵੀਚੰਦਰਨ ਅਸ਼ਵਿਨ (31) ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਿਸ਼ਵਾ ਫਰਨਾਂਡੋ (1/68) ਨੇ ਆਊਟ ਕੀਤਾ। ਅਸ਼ਵਿਨ ਨੇ ਰਿੱਧੀਮਾਨ ਸਾਹਾ (ਅਜੇਤੂ 13) ਨਾਲ ਮਿਲ ਕੇ 81ਵੇਂ ਓਵਰ 'ਚ ਭਾਰਤ ਦੇ ਸਕੋਰ ਨੂੰ 300 ਦੌੜਾਂ ਤਕ ਪਹੁੰਚਾਇਆ। ਇਨ੍ਹਾਂ ਦੋਵਾਂ ਨੇ ਦੂਜੀ ਨਵੀਂ ਗੇਂਦ ਦਾ ਚੰਗਾ ਸਾਹਮਣਾ ਕੀਤਾ ਤੇ ਛੇਵੀਂ ਵਿਕਟ ਲਈ 26 ਦੌੜਾਂ ਜੋੜੀਆਂ। ਸਾਹਾ ਨੂੰ ਵਿਕਟਾਂ ਪਿੱਛੇ ਫੜੇ ਜਾਣ 'ਤੇ ਡੀਆਰਐੱਸ ਦੀ ਮਦਦ ਨਾਲ ਇਕ ਜੀਵਨਦਾਨ ਵੀ ਮਿਲਿਆ ਪਰ ਸਟੰਪ ਤੋਂ ਦੋ ਓਵਰ ਪਹਿਲਾਂ ਫਰਨਾਂਡੋ ਨੇ ਅਸ਼ਵਿਨ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਕੇ ਦੂਜੇ ਦਿਨ ਲਈ ਭਾਰਤ ਦੇ ਕੰਮ ਨੂੰ ਹੋਰ ਵਧਾ ਦਿੱਤਾ।

ਪ੍ਰਭਾਕਰ, ਸਿੱਧੂ ਦਾ ਰਿਕਾਰਡ ਤੋੜਿਆ :

ਇਸ ਤੋਂ ਪਹਿਲਾਂ ਧਵਨ ਤੇ ਰਾਹੁਲ ਨੇ ਇਕ ਵਾਰ ਫਿਰ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਇਨ੍ਹਾਂ ਦੋਵਾਂ ਨੇ ਸ੍ਰੀਲੰਕਾ ਖ਼ਿਲਾਫ਼ ਉਸ ਦੀ ਜ਼ਮੀਨ 'ਤੇ ਪਹਿਲੀ ਵਿਕਟ ਲਈ ਸਭ ਤੋਂ ਜ਼ਿਆਦਾ ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਨੇ ਮਨੋਜ ਪ੍ਰਭਾਕਰ ਤੇ ਨਵਜੋਤ ਸਿੰਘ ਸਿੱਧੂ ਦੇ ਰਿਕਾਰਡ ਨੂੰ ਤੋੜਿਆ ਜਿਨ੍ਹਾਂ ਨੇ 1993 ਦੇ ਸ੍ਰੀਲੰਕਾ ਦੌਰੇ 'ਤੇ ਪਹਿਲੀ ਵਿਕਟ ਲਈ 173 ਦੌੜਾਂ ਦੀ ਭਾਈਵਾਲੀ ਕੀਤੀ ਸੀ। ਰਾਹੁਲ 40ਵੇਂ ਓਵਰ 'ਚ ਪੁਸ਼ਪਕੁਮਾਰਾ ਦੀ ਗੇਂਦ 'ਤੇ ਆਊਟ ਹੋਣ ਕਾਰਨ ਸੈਂਕੜਾ ਬਣਾਉਣ 'ਤੋਂ ਖੁੰਝ ਗਏ। ਉਨ੍ਹਾਂ ਨੇ ਲੰਬਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਮਿਡਆਨ 'ਤੇ ਦਿਮੁਥ ਕਰੁਨਾਰਤਨੇ ਦੇ ਹੱਥੋਂ ਫੜੇ ਗਏ। ਦੂਜੇ ਪਾਸੇ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਸਿਲਸਿਲਾ ਜਾਰੀ ਰੱਖਿਆ ਤੇ 107 ਗੇਂਦਾਂ 'ਤੇ ਇਸ ਲੜੀ 'ਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਪੁਜਾਰਾ ਨਾਲ 31 ਦੌੜਾਂ ਜੋੜੀਆਂ ਪਰ ਉਸ ਤੋਂ ਬਾਅਦ ਬੱਲੇਬਾਜ਼ੀ ਦੇ ਢੁੱਕਵੇਂ ਹਾਲਾਤ ਦੇ ਬਾਵਜੂਦ ਉਹ ਸਹਿਜ ਨਹੀਂ ਦਿਖਾਈ ਦਿੱਤੇ। ਪੁਸ਼ਪਕੁਮਾਰਾ ਦੀ ਗੇਂਦ ਨੂੰ ਉਲਟ ਦਿਸ਼ਾ 'ਚ ਖੇਡਣ ਦੀ ਕੋਸ਼ਿਸ਼ 'ਚ ਧਵਨ ਸਕੁਆਇਰ ਲੈੱਗ 'ਤੇ ਫੜੇ ਗਏ। ਕਪਤਾਨ ਦਿਨੇਸ਼ ਚਾਂਦੀਮਲ ਨੇ ਛਾਲ ਲਾ ਕੇ ਉਨ੍ਹਾਂ ਦਾ ਬਿਹਤਰੀਨ ਕੈਚ ਫੜਿਆ। ਭਰੋਸੇਯੋਗ ਬੱਲੇਬਾਜ਼ ਪੁਜਾਰਾ ਆਉਂਦੇ ਹੀ ਕੁਝ ਦੇਰ ਬਾਅਦ 51ਵੇਂ ਓਵਰ 'ਚ ਸੰਦਾਕਨ ਦੀ ਗੇਂਦ 'ਤ ਪਹਿਲੀ ਸਲਿੱਪ 'ਚ ਕੈਚ ਦੇ ਬੈਠੇ। ਉਨ੍ਹਾਂ ਨੇ ਕੋਹਲੀ ਨਾਲ ਸਿਰਫ਼ ਦਸ ਦੌੜਾਂ ਦੀ ਭਾਈਵਾਲੀ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India vs srilanka