ਬਾਰਿਸ਼ 'ਚ ਵਹੇ ਟੀਮ ਇੰਡੀਆ ਦੇ ਚੋਟੀ ਦੇ ਬੱਲੇਬਾਜ਼

Updated on: Fri, 10 Aug 2018 09:44 PM (IST)
  

ਇੰਗਲਿਸ਼ ਸਮਰ

-ਭਾਰਤ ਨੇ ਸਿਰਫ਼ 15 ਦੌੜਾਂ 'ਤੇ ਹੀ ਗੁਆਈਆਂ ਤਿੰਨ ਵਿਕਟਾਂ

-ਮੀਂਹ ਕਾਰਨ 8.3 ਓਵਰ ਦਾ ਹੀ ਹੋ ਸਕਿਆ ਮੈਚ

ਲੰਡਨ (ਰਾਇਟਰ) : ਲਾਰਡਜ਼ 'ਚ ਸਾਰੇ ਬਾਰਿਸ਼ ਦੇ ਬੰਦ ਹੋਣ ਦੀ ਉਡੀਕ ਕਰ ਰਹੇ ਸਨ। ਬਾਰਿਸ਼ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਬਰਬਾਦ ਕਰ ਦਿੱਤੀ ਸੀ। ਦੂਜੇ ਦਿਨ ਵੀ ਇਹੀ ਆਲਮ ਸੀ ਪਰ ਜਿਵੇਂ ਹੀ ਖੇਡ ਸ਼ੁਰੂ ਹੋਈ ਇੰਗਲੈਂਡ ਦੇ ਸਵਿੰਗ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਭਾਰਤੀ ਬੱਲੇਬਾਜ਼ੀ ਦੀ ਪੋਲ ਖੋਲ੍ਹ ਦਿੱਤੀ। ਭਾਰਤ ਨੇ 8.3 ਓਵਰਾਂ ਵਿਚ ਸਿਰਫ਼ 15 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਤੇ ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਬਾਰਿਸ਼ ਪੈਣ ਦੀ ਉਡੀਕ ਕਰਨ ਲੱਗੇ। ਇਸ ਤੋਂ ਬਾਅਦ ਮੁੜ ਬਾਰਿਸ਼ ਸ਼ੁਰੂ ਹੋਈ ਤੇ ਅੱਗੇ ਦੀ ਖੇਡ ਨਹੀਂ ਹੋ ਸਕੀ।

ਐਂਡਰਸਨ ਦਾ ਜਲਵਾ :

ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ ਪਹਿਲਾ ਮੁਕਾਬਲਾ ਹਾਰ ਕੇ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਦੀ ਬੱਲੇਬਾਜ਼ੀ ਦੂਜੇ ਟੈਸਟ ਵਿਚ ਵੀ ਨਾਕਾਮ ਦਿਖਾਈ ਦਿੱਤੀ। ਇੰਗਲੈਂਡ ਨੇ ਟਾਸ ਜਿੱਤ ਕੇ ਮਹਿਮਾਨਾਂ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਵੀਰਵਾਰ ਨੂੰ ਪੂਰਾ ਦਿਨ ਬਾਰਿਸ਼ ਹੋਈ ਤੇ ਸ਼ੁੱਕਰਵਾਰ ਦੀ ਸਵੇਰ ਵੀ ਬਹੁਤ ਬਾਰਿਸ਼ ਹੋਈ, ਇਸ ਕਾਰਨ ਪਿੱਚ 'ਤੇ ਨਮੀ ਸੀ। ਇਸ ਨੂੰ ਦੇਖਦੇ ਹੋਏ ਇੰਗਲਿਸ਼ ਕਪਤਾਨ ਜੋ ਰੂਟ ਨੇ ਇਹ ਫ਼ੈਸਲਾ ਕੀਤਾ। ਉਨ੍ਹਾਂ ਦਾ ਫੈਸਲਾ ਸਹੀ ਵੀ ਸਾਬਿਤ ਹੋਇਆ। 2014 ਵਿਚ ਭਾਰਤ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐਂਡਰਸਨ ਨੇ ਓਪਨਰ ਮੁਰਲੀ ਵਿਜੇ (00) ਤੇ ਕੇਐੱਲ ਰਾਹੁਲ (08) ਨੂੰ ਆਊਟ ਕਰ ਦਿੱਤਾ। ਅਸਮਾਨ 'ਤੇ ਬੱਦਲ ਸਨ ਤੇ ਇਸ ਕਾਰਨ ਐਂਡਰਸਨ ਨੂੰ ਖੇਡਣਾ ਸੌਖਾ ਨਹੀਂ ਸੀ। ਹਾਲਾਂਕਿ ਵਿਜੇ ਦਾ ਫੁੱਟਵਰਕ ਸਹੀ ਨਜ਼ਰ ਆ ਰਿਹਾ ਸੀ ਪਰ ਜਿਮੀ ਦੀ ਆਊਟਸਵਿੰਗਰ 'ਤੇ ਉਨ੍ਹਾਂ ਨੇ ਅਜੀਬ ਫਲਿਕ ਸ਼ਾਟ ਖੇਡਿਆ। ਉਹ ਗੇਂਦ ਨੂੰ ਸਮਝ ਨਹੀਂ ਸਕੇ ਤੇ ਪੰਜ ਗੇਂਦਾਂ ਅੰਦਰ ਹੀ ਬੋਲਡ ਹੋ ਕੇ ਬਿਨਾਂ ਦੌੜ ਬਣਾਏ ਤੁਰਦੇ ਬਣੇ। ਹਾਲਾਂਕਿ ਦੂਜੇ ਪਾਸੇ ਰਾਹੁਲ ਨੇ ਸਟੂਅਰਟ ਬਰਾਡ ਦੇ ਸ਼ੁਰੂਆਤੀ ਓਵਰਾਂ ਨੂੰ ਆਰਾਮ ਨਾਲ ਖੇਡਿਆ ਤੇ ਦੋ ਚੌਕੇ ਵੀ ਲਾਏ ਪਰ ਐਂਡਰਸਨ ਦੀਆਂ ਗੇਂਦਾਂ ਨੂੰ ਛੱਡਣਾ ਉਨ੍ਹਾਂ ਲਈ ਕਾਫੀ ਅੌਖਾ ਕੰਮ ਸੀ। ਪਾਰੀ ਦੇ ਸੱਤਵੇਂ ਓਵਰ ਵਿਚ ਹੀ ਇਕ ਗੇਂਦ ਉਨ੍ਹਾਂ ਦੇ ਬੱਲੇ ਨਾਲ ਲੱਗ ਕੇ ਵਿਕਟਕੀਪਰ ਬੇਰਸਟੋ ਦੇ ਹੱਥਾਂ ਵਿਚ ਚਲੀ ਗਈ। ਬਾਰਿਸ਼ ਕਾਰਨ ਇਕ ਵਾਰ ਮੁੜ ਮੈਚ ਰੋਕਣਾ ਪਿਆ। ਜਦ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਕਪਤਾਨ ਵਿਰਾਟ ਕੋਹਲੀ (ਅਜੇਤੂ 03) ਤੇ ਇਸ ਮੈਚ ਵਿਚ ਸ਼ਾਮਿਲ ਕੀਤੇ ਗਏ ਚੇਤੇਸ਼ਵਰ ਪੁਜਾਰਾ (01) ਨੇ ਆਰਾਮ ਨਾਲ ਖੇਡਣਾ ਸ਼ੁਰੂ ਕੀਤਾ ਪਰ ਨੌਵੇਂ ਓਵਰ ਵਿਚ ਵਿਰਾਟ ਦੀ ਕਾਲ 'ਤੇ ਪੁਜਾਰਾ ਰਨ ਆਊਟ ਹੋ ਗਏ। ਇਹ ਰਨ ਆਊਟ ਟੀਮ 'ਤੇ ਭਾਰੀ ਪਿਆ। ਹਾਲਾਂਕਿ ਇਸ ਤੋਂ ਬਾਅਦ ਮੁੜ ਬਾਰਿਸ਼ ਸ਼ੁਰੂ ਹੋ ਗਈ ਤੇ ਮੈਚ ਰੋਕਣਾ ਪਿਆ।

ਇੰਗਲੈਂਡ ਨੇ ਕੀਤੀਆਂ ਦੋ ਤਬਦੀਲੀਆਂ :

ਮੇਜ਼ਬਾਨ ਟੀਮ ਨੇ ਇਸ ਮੈਚ ਵਿਚ ਦੋ ਤਬਦੀਲੀਆਂ ਕੀਤੀਆਂ ਤੇ ਬੇਨ ਸਟੋਕਸ ਦੀ ਥਾਂ ਿਯਸ ਵੋਕਸ ਜਦਕਿ ਡੇਵਿਡ ਮਲਾਨ ਦੀ ਥਾਂ 20 ਸਾਲਾ ਓਲੀ ਪੋਪ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਿਲ ਕੀਤਾ ਗਿਆ। ਇਹ ਪੋਪ ਦਾ ਪਹਿਲਾ ਟੈਸਟ ਮੈਚ ਹੈ ਉਥੇ ਭਾਰਤ ਨੇ ਬਾਰਿਸ਼ ਤੇ ਨਮੀ ਦੇ ਬਾਵਜੂਦ ਸਭ ਨੂੰ ਹੈਰਾਨ ਕਰਦੇ ਹੋਏ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਬਾਹਰ ਕਰ ਕੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਆਖ਼ਰੀ ਇਲੈਵਨ 'ਚ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਸ਼ਿਖਰ ਧਵਨ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਜਦਕਿ ਚੇਤੇਸ਼ਵਰ ਪੁਜਾਰਾ ਨੂੰ ਟੀਮ 'ਚ ਲਿਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: india vs england