ਹਾਕੀ 'ਚ ਖਾਲੀ ਰਹੀ ਭਾਰਤ ਦੀ ਝੋਲੀ

Updated on: Sat, 14 Apr 2018 09:22 PM (IST)
  

ਗੋਲਡ ਕੋਸਟ (ਪੀਟੀਆਈ) : ਭਾਰਤੀ ਖਿਡਾਰੀਆਂ ਨੇ ਜਿੱਥੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸ਼ਨਿਚਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੈਡਲਾਂ ਦੀ ਝੜੀ ਲਾਈ ਤਾਂ ਹਾਕੀ ਦੇ ਮੈਦਾਨ ਤੋਂ ਭਾਰਤੀ ਟੀਮਾਂ ਖਾਲ੍ਹੀ ਹੱਥ ਮੁੜੀਆਂ ਤੇ ਖੇਡ ਪ੍ਰੇਮੀਆਂ ਨੂੰ ਨਿਰਾਸ਼ਾ ਮਿਲੀ। ਭਾਰਤ ਦੀ ਮਰਦ ਤੇ ਮਹਿਲਾ ਟੀਮਾਂ ਸ਼ਨਿਚਰਵਾਰ ਨੂੰ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਹਾਰ ਕੇ ਚੌਥੇ ਸਥਾਨ 'ਤੇ ਰਹੀਆਂ। ਦੋਵਾਂ ਹੀ ਮੁਕਾਬਲਿਆਂ ਵਿਚ ਭਾਰਤੀ ਟੀਮਾਂ ਨੂੰ ਇੰਗਲੈਂਡ ਦੀਆਂ ਟੀਮਾਂ ਹੱਥੋਂ ਮਾਤ ਦਾ ਸਾਹਮਣਾ ਕਰਨਾ ਪਿਆ। ਮਰਦ ਟੀਮ 1-2 ਨਾਲ ਮੁਕਾਬਲਾ ਹਾਰੀ ਤੇ ਮਹਿਲਾ ਟੀਮ ਨੇ 0-6 ਨਾਲ ਮੁਕਾਬਲਾ ਗੁਆਇਆ। ਇੱਤਫ਼ਾਕ ਨਾਲ ਭਾਰਤ ਨੇ ਦੋਵਾਂ ਵਰਗਾਂ ਦੇ ਪੂਲ ਗੇੜ 'ਚ ਇੰਗਲੈਂਡ ਨੂੰ ਹਰਾਇਆ ਸੀ। ਮਰਦ ਟੀਮ ਜਿੱਥੇ 4-3 ਨਾਲ ਜਿੱਤੀ ਸੀ ਉਥੇ ਮਹਿਲਾ ਟੀਮ ਨੇ ਤਦ 2-1 ਨਾਲ ਮੈਚ ਆਪਣੇ ਨਾਂ ਕੀਤਾ ਸੀ। ਸ਼ਨਿਚਰਵਾਰ ਨੂੰ ਮਰਦਾਂ ਦੇ ਮੁਕਾਬਲੇ ਵਿਚ ਪਹਿਲੇ ਕੁਆਰਟਰ ਵਿਚ ਸੱਤਵੇਂ ਮਿੰਟ 'ਚ ਸੈਮ ਵਾਰਡ ਨੇ ਗੋਲ ਕਰ ਕੇ ਇੰਗਲੈਂਡ ਦਾ ਖਾਤਾ ਖੋਲਿ੍ਹਆ। ਭਾਰਤ ਨੂੰ ਵਰੁਣ ਕੁਮਾਰ ਨੇ 27ਵੇਂ ਮਿੰਟ 'ਚ ਬਰਾਬਰੀ ਦਿਵਾਈ। ਤੀਜੇ ਕੁਆਰਟਰ ਦੇ 43ਵੇਂ ਮਿੰਟ 'ਚ ਸੈਮ ਨੇ ਇਕ ਹੋਰ ਗੋਲ ਕਰ ਕੇ ਇੰਗਲੈਂਡ ਨੂੰ ਮੁੜ ਅੱਗੇ ਕਰ ਦਿੱਤਾ। ਚੌਥੇ ਕੁਆਰਟਰ ਵਿਚ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਾ ਹੋ ਸਕਿਆ ਤੇ ਭਾਰਤ ਇਹ ਮੁਕਾਬਲਾ ਗੁਆ ਬੈਠਾ। ਭਾਰਤੀ ਮਹਿਲਾ ਟੀਮ ਨੇ ਤਾਂ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਹ ਪੰਜ ਵਿਚੋਂ ਇਕ ਵੀ ਪੈਨਲਟੀ ਕਾਰਨਰ ਦਾ ਫ਼ਾਇਦਾ ਨਾ ਉਠਾ ਸਕੀ। ਭਾਰਤੀ ਮਹਿਲਾ ਟੀਮ ਲਗਾਤਾਰ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਤੋਂ ਖਾਲੀ ਹੱਥ ਮੁੜੇਗੀ। ਪਿਛਲੀ ਵਾਰ ਉਸ ਨੇ 2006 'ਚ ਮੈਲਬੌਰਨ 'ਚ ਸਿਲਵਰ ਮੈਡਲ ਜਿੱਤਿਆ ਸੀ। ਇੰਗਲੈਂਡ ਲਈ ਸੋਫੀ ਬਰੇ (44, 49 ਤੇ 56ਵੇਂ ਮਿੰਟ) ਨੇ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਹੋਲੀ ਪੀਅਰਨ ਵੇਬ (27ਵੇਂ ਮਿੰਟ), ਲੌਰਾ ਉਨਸਵਰਥ (55ਵੇਂ ਮਿੰਟ) ਤੇ ਕਪਤਾਨ ਐਲਗਜੇਂਡਰਾ ਡੇਨਸਨ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: hockey cwg