ਮੈਸੀ ਦੇ ਡਬਲ ਗੋਲ ਨਾਲ ਜਿੱਤਿਆ ਬਾਰਸੀਲੋਨਾ

Updated on: Mon, 20 Mar 2017 07:52 PM (IST)
  

ਲਾ ਲੀਗਾ

-ਵੇਲੇਂਸੀਆ ਨੂੰ 4-2 ਨਾਲ ਦਿੱਤੀ ਮਾਤ

-ਸੁਆਰੇਜ ਤੇ ਗੋਮਜ਼ ਨੇ ਵੀ ਕੀਤੇ ਗੋਲ

ਮੈਡਰਿਡ (ਏਐੱਫਪੀ) : ਲਿਓਨ ਮੈਸੀ ਦੇ ਦੋ ਗੋਲ (ਡਬਲ) ਦੀ ਮਦਦ ਨਾਲ ਬਾਰਸੀਲੋਨਾ ਨੇ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਕੈਂਪ ਨਾਉ 'ਚ 10 ਖਿਡਾਰੀਆਂ ਨਾਲ ਖੇਡ ਰਹੇ ਵੇਲੇਂਸੀਆ ਨੂੰ 4-2 ਨਾਲ ਮਾਤ ਦਿੱਤੀ।

ਇਸ ਜਿੱਤ ਨਾਲ ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' 'ਚ ਸਿਖਰਲੇ ਸਥਾਨ 'ਤੇ ਚੱਲ ਰਹੇ ਰੀਅਲ ਮੈਡਰਿਡ ਤੇ ਆਪਣੇ ਵਿਚਾਲੇ ਅੰਕਾਂ ਦੇ ਫਰਕ ਨੂੰ ਦੋ ਤਕ ਸੀਮਤ ਕਰ ਦਿੱਤਾ। ਸੂਚੀ 'ਚ ਬਾਰਸੀਲੋਨਾ 63 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਰੀਅਲ ਮੈਡਰਿਡ ਦੇ 65 ਅੰਕ ਹਨ।

ਵੇਲੇਂਸੀਆ ਨੂੰ ਸਭ ਤੋਂ ਪਹਿਲਾਂ ਏਲੀਆਕਿਮ ਮੰਗਾਲਾ ਨੇ 29ਵੇਂ ਮਿੰਟ 'ਚ ਗੋਲ ਕਰ ਕੇ ਬੜ੍ਹਤ ਦਿਵਾਈ ਪਰ ਲੁਇਸ ਸੁਆਰੇਜ ਨੇ ਇਸ ਤੋਂ ਛੇ ਮਿੰਟ ਬਾਅਦ ਹੀ ਬਾਰਸੀਲੋਨਾ ਨੂੰ ਬਰਾਬਰੀ ਦਿਵਾ ਦਿੱਤੀ। ਸੁਆਰੇਜ 'ਤੇ ਫਾਉਲ ਕਰਨ ਲਈ ਮੰਗਾਲਾ ਨੂੰ ਬਾਹਰ ਕੀਤਾ ਗਿਆ। 45ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰ ਕੇ ਮੈਸੀ ਨੇ ਬਾਰਸੀਲੋਨਾ ਨੂੰ 2-1 ਨਾਲ ਅੱਗੇ ਕਰ ਦਿੱਤਾ। ਜਲਦੀ ਹੀ ਮੁਨਿਰ ਐੱਲ ਹਦਾਦੀ ਨੇ ਅੱਧੇ ਸਮੇਂ ਤੋਂ ਪਹਿਲਾਂ ਵੇਲੇਂਸੀਆ ਨੂੰ ਬਰਾਬਰੀ ਦਿਵਾਈ। ਪਹਿਲੇ ਅੱਧ ਤਕ ਸਕੋਰ 2-2 ਨਾਲ ਬਰਾਬਰੀ 'ਤੇ ਰਿਹਾ।

ਦੂਜੇ ਅੱਧ 'ਚ ਗੋਲ ਕਰਨ ਦੀ ਸ਼ੁਰੂਆਤ ਮੈਸੀ ਨੇ ਕੀਤੀ। ਉਨ੍ਹਾਂ ਨੇ 52ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰ ਕੇ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਇਸ ਦੌਰਾਨ ਵੇਲੇਂਸੀਆ ਬਰਾਬਰੀ ਤਾਂ ਨਹੀਂ ਕਰ ਸਕੀ ਅਤੇ 89ਵੇਂ ਮਿੰਟ 'ਚ ਇਕ ਹੋਰ ਗੋਲ ਖਾ ਬੈਠੀ। ਆਂਦਰੇ ਗੋਮਜ਼ ਨੇ ਗੋਲ ਕਰ ਕੇ ਬਾਰਸੀਲੋਨਾ ਦਾ ਜਿੱਤ ਦਾ ਸਕੋਰ 4-2 ਕਰ ਦਿੱਤਾ। ਲੀਗ ਦੇ ਹੋਰ ਮੈਚਾਂ 'ਚ ਏਂਟੋਨੀ ਗ੍ਰੀਜਮੈਨ (61ਵੇਂ ਮਿੰਟ) ਦੇ ਫ੍ਰੀ ਕਿੱਕ 'ਤੇ ਕੀਤੇ ਗੋਲ ਦੀ ਬਦੌਲਤ ਏਟਲੇਟਿਕੋ ਮੈਡਰਿਡ ਨੇ ਸੇਵਿਲਾ ਨੂੰ 3-1 ਨਾਲ ਹਰਾਇਆ। ਏਟਲੇਟਿਕੋ ਮੈਡਲਿਡ ਦੀ ਜਿੱਤ 'ਚ ਇਸ ਤੋਂ ਇਲਾਵਾ ਡਿਏਗੋ ਗੋਡਿਨ (37ਵੇਂ ਮਿੰਟ) ਤੇ ਕੋਕੇ (77ਵੇਂ ਮਿੰਟ) ਨੇ ਯਮਵਾਰ ਇਕ-ਇਕ ਗੋਲ ਕੀਤੇ ਜਦਕਿ ਸੇਵਿਲਾ ਲਈ ਇੱਕੋ ਇਕ ਗੋਲ ਯੋਕਿਨ ਕੋਰੀਆ ਨੇ 85ਵੇਂ ਮਿੰਟ 'ਚ ਕੀਤਾ। ਦੂਜੇ ਪਾਸੇ ਸੇਲਟਾ ਵਿਗੋ ਨੇ ਡੇਪੋਰਟਿਵੋ ਨੂੰ 1-0 ਨਾਲ ਹਰਾਇਆ ਜਦਕਿ ਗਿਜੋਨ ਨੇ ਗ੍ਰੇਨੇਡਾ ਨੂੰ 3-1 ਨਾਲ ਮਾਤ ਦਿੱਤੀ।

ਸਿਟੀ ਨੇ ਲੀਵਰਪੂਲ ਨਾਲ ਖੇਡਿਆ ਡਰਾਅ

ਮਾਨਚੈਸਟਰ (ਆਈਏਐੱਨਐੱਸ) : ਮਾਨਚੈਸਟਰ ਸਿਟੀ ਤੇ ਲੀਵਰਪੂਲ ਵਿਚਾਲੇ ਖੇਡਿਆ ਗਿਆ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦਾ ਮੁਕਾਬਲਾ 1-1 ਦੇ ਸਕੋਰ ਨਾਲ ਡਰਾਅ ਰਿਹਾ। ਪਹਿਲੇ ਅੱਧ 'ਚ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ ਲੀਵਰਪੂਲ ਦੇ ਜੇਮਜ਼ ਮਿਲਨੇਰ ਨੇ 51ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕੀਤਾ। ਇਸ ਤੋਂ ਬਾਅਦ 69ਵੇਂ ਮਿੰਟ 'ਚ ਕੇਵਿਨ ਬਰੂਅਨ ਦੇ ਯਾਸ ਪਾਸ 'ਤੇ ਗੋਲ ਕਰਦੇ ਸਰਗੀਓ ਏਗਵੇਰੋ ਨੇ ਸਿਟੀ ਲਈ ਬਰਾਬਰੀ ਦਾ ਗੋਲ ਕੀਤਾ। ਸਿਟੀ ਟੀਮ 57 ਅੰਕਾਂ ਨਾਲ ਸੂਚੀ 'ਚ ਤੀਜੇ ਸਥਾਨ 'ਤੇ ਕਾਬਜ ਹੈ। ਲੀਵਰਪੂਲ ਤੋਂ ਉਸ ਦਾ ਇਕ ਅੰਕ ਜ਼ਿਆਦਾ ਹੈ। ਚੇਲਸੀ 69 ਅੰਕਾਂ ਨਾਲ ਸਿਖਰ 'ਤੇ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: football football