ਬੈਲਜੀਅਮ ਨੇ ਕੋਸਟਾ ਰਿਕਾ ਨੂੰ ਹਰਾਇਆ

Updated on: Tue, 12 Jun 2018 09:31 PM (IST)
  

ਬਰੱਸਲਜ਼ (ਏਐੱਫਪੀ) : ਰੋਮੇਲੂ ਲੁਕਾਕੂ ਤੇ ਈਡਨ ਹੈਜ਼ਾਰਡ ਦੀ ਦਮਦਾਰ ਖੇਡ ਦੀ ਬਦੌਲਤ ਬੈਲਜੀਅਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖ਼ਰੀ ਅਭਿਆਸ ਮੈਚ 'ਚ ਕੋਸਟਾ ਰਿਕਾ ਨੂੰ 4-1 ਨਾਲ ਹਰਾ ਦਿੱਤਾ। ਹਾਲਾਂਕਿ ਮੁਕਾਬਲੇ ਦੇ 70ਵੇਂ ਮਿੰਟ 'ਚ ਬੈਲਜੀਅਮ ਦੇ ਪ੍ਰਸ਼ੰਸਕ ਉਸ ਸਮੇਂ ਪਰੇਸ਼ਾਨ ਹੋ ਗਏ ਜਦ ਹੈਜ਼ਾਰਡ ਲੰਗੜਾਉਣ ਲੱਗੇ ਪਰ ਉਨ੍ਹਾਂ ਦੇ ਸਾਥੀ ਖਿਡਾਰੀ ਲੁਕਾਕੂ ਨੇ ਕਿਹਾ ਕਿ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ। ਖੇਡ ਦੇ 31ਵੇਂ ਮਿੰਟ 'ਚ ਡਰਾਈਸ ਮਾਰਟੇਂਸ ਨੇ ਬੈਲਜੀਅਮ ਦਾ ਖ਼ਾਤਾ ਖੋਲਿ੍ਹਆ ਤੇ ਫਿਰ ਹਾਫ ਟਾਈਮ ਤੋਂ ਤਿੰਨ ਮਿੰਟ ਤੇ ਹਾਫ ਟਾਈਮ ਦੇ ਪੰਜ ਮਿੰਟ ਬਾਅਦ ਲੁਕਾਕੂ ਨੇ ਤੇ ਮਿਕੀ ਬਾਤਸੂਈ ਨੇ 64ਵੇਂ ਮਿੰਟ 'ਚ ਬੈਲਜੀਅਮ ਲਈ ਗੋਲ ਕੀਤੇ। ਕੋਸਟਾ ਰਿਕਾ ਲਈ ਇਕਲੌਤਾ ਗੋਲ ਖੇਡ ਦੇ 24ਵੇਂ ਮਿੰਟ 'ਚ ਬਰਾਇਨ ਰੁਇਜ ਨੇ ਕੀਤਾ। ਮੁਕਾਬਲੇ ਦੌਰਾਨ ਕੋਚ ਰਾਬਰਟੋ ਮਾਰਟੀਨੇਜ ਦੀ ਟੀਮ ਕੋਸਟਾ ਰਿਕਾ 'ਤੇ ਪੂਰੀ ਤਰ੍ਹਾਂ ਹਾਵੀ ਦਿਖਾਈ ਦਿੱਤੀ। ਵਿਸ਼ਵ ਕੱਪ 2018 ਵਿਚ ਬੈਲਜੀਅਮ ਦੀ ਟੀਮ ਗਰੁੱਪ ਜੀ 'ਚ ਇੰਗਲੈਂਡ, ਪਨਾਮਾ ਤੇ ਟਿਊਨੀਸ਼ੀਆ ਖ਼ਿਲਾਫ਼ ਖੇਡਦੀ ਨਜ਼ਰ ਆਵੇਗੀ। ਇਕ ਹੋਰ ਅਭਿਆਸ ਮੁਕਾਬਲੇ 'ਚ ਸੇਨੇਗਲ ਨੇ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਦਿੱਤਾ।

ਮੈਸੀ ਦੇ ਪ੍ਰਸ਼ੰਸਕਾਂ ਦਾ ਹਜੂਮ

ਬ੍ਰੋਨੀਟਸੀ : ਲਗਪਗ 400 ਦੀ ਗਿਣਤੀ ਵਿਚ ਅਰਜਨਟੀਨਾ ਦੇ ਜਨੂੰਨੀ ਪ੍ਰਸ਼ੰਸਕ ਉਸ ਦੇ ਬੇਸ ਕੈਂਪ ਵਿਚ ਆਪਣੇ ਸਟਾਰ ਖਿਡਾਰੀ ਲਿਓਨ ਮੈਸੀ ਦੇ ਅਭਿਆਸ ਸੈਸ਼ਨ ਨੂੰ ਦੇਖਣ ਪੁੱਜੇ। ਇਸ ਦੌਰਾਨ ਬਾਰਸੀਲੋਨਾ ਦੇ ਸਟਾਰ ਲਈ ਸਮਰਥਕ ਮੈਸੀ-ਮੈਸੀ ਦੀਆਂ ਆਵਾਜ਼ਾਂ ਲਾਉਂਦੇ ਨਜ਼ਰ ਆਏ।

ਮੋਰੱਕੋ ਤੇ ਉੱਤਰੀ ਅਮਰੀਕਾ 'ਚ ਮੁਕਾਬਲਾ

ਮਾਸਕੋ : ਫੀਫਾ ਦੇ ਮੈਂਬਰ ਬੁੱਧਵਾਰ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਉੱਤਰੀ ਅਮਰੀਕਾ ਜਾਂ ਮੋਰੱਕੋ ਵਿਚੋਂ ਕਿਸੇ ਇਕ ਨਾਂ 'ਤੇ ਫੈਸਲਾ ਲੈਣਗੇ। ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਚਮਕਦਾਰ ਸਟੇਡੀਅਮਾਂ ਦੇ ਆਧਾਰ 'ਤੇ ਉੱਤਰੀ ਅਮਰੀਕਾ ਨੂੰ ਮੇਜ਼ਬਾਨੀ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ।

ਫਰਨਾਂਡੀਜ਼ ਨੂੰ ਪਛਤਾਵਾ ਨਹੀਂ

ਮਾਸਕੋ : ਬ੍ਰਾਜ਼ੀਲ 'ਚ ਜੰਮੇ ਰੂਸੀ ਡਿਫੈਂਡਰ ਮਾਰੀਓ ਫਰਨਾਂਡੀਜ਼ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਾਜ਼ੀਲ ਦੇ ਰਾਈਟ ਬੈਕ ਡਿਫੈਂਸ 'ਚ ਚੰਗੇ ਖਿਡਾਰੀ ਦੀ ਘਾਟ ਹੋਣ ਦੇ ਬਾਵਜੂਦ ਆਪਣੀ ਰਾਸ਼ਟਰੀ ਟੀਮ ਨੂੰ ਬਦਲਣ ਦਾ ਕੋਈ ਪਛਤਾਵਾ ਨਹੀਂ ਹੈ। 2016 'ਚ ਰੂਸ ਦੀ ਰਾਸ਼ਟਰੀਅਤਾ ਹਾਸਿਲ ਕਰਨ ਵਾਲੇ ਫਰਨਾਂਡੀਜ਼ ਰੂਸ ਵੱਲੋਂ ਫੀਫਾ ਵਿਸ਼ਵ ਕੱਪ ਵਿਚ ਸਾਊਦੀ ਅਰਬ ਖ਼ਿਲਾਫ਼ ਉਤਰਨ ਦੀ ਤਿਆਰੀ ਕਰ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: fifa world cup