ਫੈਡਰਰ ਰੋਜਰਸ ਮਾਸਟਰਜ਼ ਦੇ ਸੈਮੀਫਾਈਨਲ 'ਚ

Updated on: Sat, 12 Aug 2017 08:31 PM (IST)
  

ਕਾਮਯਾਬੀ

-ਰੋਜਰ ਨੇ ਬਤਿਸਤਾ ਨੂੰ ਹਰਾ ਕੇ ਦਰਜ ਕੀਤੀ ਸੈਸ਼ਨ ਦੀ 34ਵੀਂ ਜਿੱਤ

-ਹਾਸ, ਜਵੇਰੇਵ ਤੇ ਡੈਨਿਸ ਵੀ ਆਖ਼ਰੀ ਚਾਰ 'ਚ ਪੁੱਜੇ

ਮਾਂਟਰੀਅਲ (ਏਐੱਫਪੀ) : ਸਵਿਸ ਟੈਨਿਸ ਸਟਾਰ ਰੋਜਰ ਫੈਡਰਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਕੁਆਰਟਰ ਫਾਈਨਲ 'ਚ ਸਪੇਨ ਦੇ ਰਾਬਰਟੋ ਬਤਿਸਤਾ ਏਗੁਟ ਨੂੰ ਆਸਾਨੀ ਨਾਲ 6-4, 6-4 ਨਾਲ ਹਰਾ ਕੇ ਸੈਸ਼ਨ ਦੇ ਆਪਣੇ ਛੇਵੇਂ ਖ਼ਿਤਾਬ ਵੱਲ ਕਦਮ ਵਧਾਏ। ਫੈਡਰਰ ਦੀ ਇਹ ਬਤਿਸਤਾ 'ਤੇ ਲਗਤਾਰ ਸੱਤਵੀਂ ਜਿੱਤ ਹੈ। ਇਹੀ ਨਹੀਂ ਇਹ ਇਸ ਸੈਸ਼ਨ ਦੀ ਉਨ੍ਹਾਂ ਦੀ 36 ਮੈਚਾਂ 'ਚ 34ਵੀਂ ਜਿੱਤ ਹੈ।

19 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਪੰਜ ਏਸ ਲਾਏ ਤੇ ਦੋ ਡਬਲ ਫਾਲਟ ਕੀਤੇ ਪਰ ਉਨ੍ਹਾਂ ਨੇ ਦਬਦਬਾ ਬਣਾਉਂਦੇ ਹੋਏ 68 ਮਿੰਟ 'ਚ ਮੁਕਾਬਲਾ ਆਪਣੇ ਨਾਂ ਕੀਤਾ। ਫਾਈਨਲ 'ਚ ਥਾਂ ਬਣਾਉਣ ਲਈ ਹੁਣ ਉਨ੍ਹਾਂ ਦਾ ਸਾਹਮਣਾ ਨੀਦਰਲੈਂਡ ਦੇ ਰਾਬਿਨ ਹਾਸ ਨਾਲ ਹੋਵੇਗਾ ਜਿਨ੍ਹਾਂ ਨੇ ਅਰਜਨਟੀਨਾ ਦੇ ਡਿਏਗੋ ਨੂੰ 4-6, 6-3, 6-3 ਨਾਲ ਹਰਾਇਆ। ਹਾਸ ਤੇ ਫੈਡਰਰ ਦੀ ਇਹ ਕੁੱਲ ਦੂਜੀ ਟੱਕਰ ਹੋਵੇਗੀ। ਇਸ ਤੋਂ ਪਹਿਲਾਂ ਉਹ 2012 'ਚ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਆਫ 'ਚ ਆਹਮੋ-ਸਾਹਮਣੇ ਹੋਏ ਸਨ ਜਿੱਥੇ ਫੈਡਰਰ ਨੇ ਬਾਜ਼ੀ ਮਾਰੀ ਸੀ। ਪਿਛਲੇ ਮੈਚ 'ਚ ਰਾਫੇਲ ਨਡਾਲ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਵਾਲੇ ਕੈਨੇਡਾ ਦੇ 18 ਸਾਲਾ ਡੈਨਿਸ ਸ਼ਾਪੋਵਾਲੋਵ ਨੇ ਫਰਾਂਸ ਦੇ ਏਡਰੀਅਨ ਮਾਨਾਰੀਨੋ ਨੂੰ 2-6, 6-3, 6-4 ਨਾਲ ਹਰਾਇਆ। ਹੁਣ ਸੈਮੀਫਾਈਨਲ 'ਚ ਡੈਨਿਸ ਦੀ ਟੱਕਰ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗੀ ਜਿਨ੍ਹਾਂ ਨੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਸਿੱਧੇ ਸੈੱਟਾਂ 'ਚ 7-5, 6-4 ਨਾਲ ਮਾਤ ਦਿੱਤੀ।

ਵੋਜਨਿਆਕੀ ਨੇ ਕੀਤਾ ਪਲਿਸਕੋਵਾ ਨੂੰ ਬਾਹਰ

ਟੋਰਾਂਟੋ : ਡੈਨਮਾਰਕ ਦੀ ਕੈਰੋਲਿਨ ਵੋਜਨਿਆਕੀ ਨੇ ਦੁਨੀਆ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੂੰ 7-5, 6-7, 6-4 ਨਾਲ ਮਾਤ ਦੇ ਕੇ ਡਬਲਯੂਟੀਏ ਟੋਰਾਂਟੋ ਟੈਨਿਸ ਟੂਰਨਾਮੈਂਟ ਦੇ ਆਖ਼ਰੀ ਚਾਰ ਦੀ ਟਿਕਟ ਕਟਾ ਲਈ। ਛੇਵਾਂ ਦਰਜਾ ਵੋਜਨਿਆਕੀ ਦੀ ਇਹ ਸੱਤ ਮੁਕਾਬਲਿਆਂ 'ਚ ਪਲਿਸਕੋਵਾ 'ਤੇ ਪਹਿਲੀ ਜਿੱਤ ਹੈ। ਉਨ੍ਹਾਂ ਨੇ ਬਾਰਿਸ਼ ਨਾਲ ਪ੍ਰਭਾਵਿਤ ਇਹ ਮੈਚ ਦੋ ਘੰਟੇ 56 ਮਿੰਟ 'ਚ ਜਿੱਤਿਆ। ਹੁਣ ਵੋਜਨਿਆਕੀ ਦਾ ਮੁਕਾਬਲਾ ਅਮਰੀਕਾ ਦੀ ਸਲੋਨੇ ਸਟੀਫੰਸ ਨਾਲ ਹੋਵੇਗਾ ਜਿਨ੍ਹਾਂ ਨੇ ਚੈੱਕ ਗਣਰਾਜ ਦੀ ਲੁਸੀ ਸਾਫਾਰੋਵਾ ਨੂੰ 6-2, 1-6, 7-5 ਨਾਲ ਮਾਤ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Federer punches ticket to Montreal semis