ਅੱਜ ਜਿੱਤੇ ਤਾਂ ਖੇਡਾਂਗੇ ਫਾਈਨਲ

Updated on: Tue, 13 Mar 2018 08:42 PM (IST)
  

ਟੀ-20 ਸੀਰੀਜ਼

-ਹਾਰ ਦੇ ਬਾਵਜੂਦ ਫਾਈਨਲ ਦੀ ਦੌੜ 'ਚੋਂ ਬਾਹਰ ਨਹੀਂ ਹੋਵੇਗਾ ਭਾਰਤ

-ਕਪਤਾਨ ਰੋਹਿਤ ਸ਼ਰਮਾ ਦੀ ਲੈਅ ਟੀਮ ਮੈਨੇਜਮੈਂਟ ਲਈ ਵੱਡੀ ਮੁਸ਼ਕਿਲ

ਕੋਲੰਬੋ (ਪੀਟੀਆਈ) : ਭਾਰਤੀ ਟੀਮ ਫਾਈਨਲ ਵਿਚ ਆਪਣੀ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਬੁੱਧਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਤਿਕੋਣੀ ਸੀਰੀਜ਼ ਦੇ ਮੁਕਾਬਲੇ ਵਿਚ ਉਤਰੇਗੀ। ਸ੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਉਮੀਦ ਹੈ ਕਿ ਭਾਰਤ ਬੰਗਲਾਦੇਸ਼ ਖ਼ਿਲਾਫ਼ ਆਖ਼ਰੀ ਲੀਗ ਮੁਕਾਬਲੇ ਵਿਚ ਤਜਰਬਾ ਨਹੀਂ ਕਰੇਗਾ। ਸ੍ਰੀਲੰਕਾ ਖ਼ਿਲਾਫ਼ ਰਿਕਾਰਡ 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਬੰਗਲਾਦੇਸ਼ੀ ਟੀਮ ਨੂੰ ਭਾਰਤ ਖ਼ਿਲਾਫ਼ ਪਿਛਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਇਸ ਮੈਚ 'ਚ ਹਾਰ ਉਨ੍ਹਾਂ ਦਾ ਫਾਈਨਲ ਵਿਚ ਪੁੱਜਣ ਦਾ ਸੁਪਨਾ ਨਹੀਂ ਤੋੜ ਸਕਦੀ ਹੈ ਕਿਉਂਕਿ ਇਹ ਫ਼ੈਸਲਾ ਫਿਰ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਮੁਕਾਬਲੇ 'ਚ ਨੈੱਟ ਰਨ ਰੇਟ ਦੇ ਆਧਾਰ 'ਤੇ ਹੋਵੇਗਾ। ਇਕ ਤੋਂ ਬਾਅਦ ਇਕ ਜਿੱਤ ਤੋਂ ਬਾਅਦ ਭਾਰਤ ਦੀ ਰਨ ਰੇਟ ਹੁਣ 0.21 ਹੋ ਗਈ ਹੈ। ਭਾਰਤ ਲਈ ਇਹ ਟੂਰਨਾਮੈਂਟ ਕਈ ਸੀਨੀਅਰ ਖਿਡਾਰੀਆਂ ਦੀ ਗ਼ੈਰ ਮੌਜੂਦਗੀ 'ਚ ਨੌਜਵਾਨਾਂ ਨੂੰ ਮੌਕਾ ਦੇਣ ਲਈ ਦੇਖਿਆ ਗਿਆ ਸੀ ਪਰ ਪਹਿਲੇ ਮੁਕਾਬਲੇ ਵਿਚ ਮਿਲੀ ਹਾਰ ਨੇ ਉਨ੍ਹਾਂ ਨੂੰ ਮੁਸ਼ਕਿਲ ਵਿਚ ਪਾ ਦਿੱਤਾ।

ਕਈ ਖਿਡਾਰੀ ਅਜੇ ਵੀ ਬੈਂਚ 'ਤੇ :

ਭਾਰਤੀ ਟੀਮ 'ਚ ਅਜੇ ਵੀ ਦੀਪਕ ਹੁੱਡਾ, ਮੁਹੰਮਦ ਸਿਰਾਜ, ਅਕਸ਼ਰ ਪਟੇਲ ਵਰਗੇ ਖਿਡਾਰੀਆਂ ਨੂੰ ਬੈਂਚ 'ਤੇ ਬੈਠਣਾ ਪਿਆ ਹੈ। ਹੁੱਡਾ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਸ੍ਰੀਲੰਕਾ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ ਵੀ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਭਾਰਤੀ ਟੀਮ ਲਈ ਸਭ ਤੋਂ ਵੱਡੀ ਪਰੇਸ਼ਾਨੀ ਕਪਤਾਨ ਰੋਹਿਤ ਸ਼ਰਮਾ ਦੀ ਲੈਅ ਹੈ। ਚਿੱਟੀ ਗੇਂਦ ਦੇ ਸਫ਼ਲ ਬੱਲੇਬਾਜ਼ ਨੂੰ ਅਜੇ ਵੀ ਲੈਅ 'ਚ ਵਾਪਸੀ ਲਈ ਇਕ ਵੱਡੀ ਪਾਰੀ ਦੀ ਲੋੜ ਹੈ। ਰੋਹਿਤ ਕਾਰਨ ਭਾਰਤੀ ਟੀਮ ਨੂੰ ਤਿੰਨਾਂ ਮੁਕਾਬਲਿਆਂ ਵਿਚ ਇਕ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ ਸੀ। ਦੂਜੇ ਪਾਸੇ ਉਨ੍ਹਾਂ ਦੇ ਓਪਨਰ ਸਾਥੀ ਸੀਰੀਜ਼ ਦੇ ਤਿੰਨ ਮੈਚਾਂ 'ਚ 153 ਦੌੜਾਂ ਠੋਕ ਚੁੱਕੇ ਹਨ।

ਰੈਣਾ ਨੂੰ ਪਵੇਗਾ ਸੰਭਲਣਾ :

ਮੱਧਯਮ ਵਿਚ ਸੁਰੇਸ਼ ਰੈਣਾ ਜਿੱਥੇ 20 ਤਕ ਦੇ ਸਕੋਰ ਤਕ ਪੁੱਜ ਸਕੇ ਹਨ ਉਥੇ ਮਨੀਸ਼ ਪਾਂਡੇ ਮੱਧਯਮ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਮੁਕਾਬਲੇ ਵਿਚ ਦਿਨੇਸ਼ ਕਾਰਤਿਕ ਦੀ 25 ਗੇਂਦਾਂ 'ਚ 39 ਦੌੜਾਂ ਦੀ ਪਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿਚ ਵੀ ਰਿਸ਼ਭ ਪੰਤ ਨੂੰ ਆਰਾਮ ਕਰਨਾ ਪਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕਪਤਾਨ ਰੋਹਿਤ ਖ਼ੁਦ ਨੂੰ ਨੰਬਰ ਚਾਰ 'ਤੇ ਖਿਡਾ ਕੇ ਕੇਐੱਲ ਰਾਹੁਲ ਨੂੰ ਓਪਨਿੰਗ ਲਈ ਭੇਜਣਗੇ ਕਿਉਂਕਿ ਰੋਹਿਤ ਖ਼ੁਦ ਆਈਪੀਐੱਲ 'ਚ ਕਾਫੀ ਸਾਲਾਂ ਤੋਂ ਮੁੰਬਈ ਇੰਡੀਅਨਜ਼ ਲਈ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਆਏ ਹਨ। ਸੋਮਵਾਰ ਨੂੰ ਹੋਏ ਮੁਕਾਬਲੇ 'ਚ ਰਾਹੁਲ ਚੰਗੀ ਲੈਅ 'ਚ ਨਜ਼ਰ ਆਏ।

ਗੇਂਦਬਾਜ਼ਾਂ ਸਾਹਮਣੇ ਚੁਣੌਤੀ :

ਬੱਲੇਬਾਜ਼ਾਂ ਤੋਂ ਜ਼ਿਆਦਾ ਭਾਰਤੀ ਗੇਂਦਬਾਜ਼ਾਂ ਲਈ ਚੁਣੌਤੀ ਹੋਵੇਗੀ ਕਿਉਂਕਿ ਬੰਗਲਾਦੇਸ਼ ਦੇ ਬੱਲੇਬਾਜ਼ ਕੁਝ ਵੀ ਕਰਨ ਦਾ ਦਮ ਰੱਖਦੇ ਹਨ। ਆਖ਼ਰੀ ਮੁਕਾਬਲੇ ਵਿਚ ਭਾਰਤੀ ਗੇਂਦਬਾਜ਼ਾਂ ਨੇ ਜ਼ਰੂਰ ਉਨ੍ਹਾਂ ਨੂੰ 139 ਦੌੜਾਂ ਤਕ ਸੀਮਿਤ ਕਰ ਦਿੱਤਾ ਪਰ ਤਮੀਮ ਇਕਬਾਲ, ਲਿਟੋਨ ਦਾਸ, ਮੁਸ਼ਫਿਕੁਰ ਰਹੀਮ ਦੀ ਅਗਵਾਈ ਵਿਚ ਬੰਗਲਾਦੇਸ਼ ਨੇ ਸ੍ਰੀਲੰਕਾ ਖ਼ਿਲਾਫ਼ ਰਿਕਾਰਡ ਦੌੜਾਂ ਦੇ ਟੀਚੇ ਦਾ ਪਿੱਛਾ ਕਰ ਦਿੱਤਾ ਸੀ। ਭਾਰਤੀ ਗੇਂਦਬਾਜ਼ਾਂ ਵਿਚ ਆਈਪੀਐੱਲ ਨਿਲਾਮੀ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣੇ ਜੈਦੇਵ ਉਨਾਦਕਟ ਤਿੰਨਾਂ ਹੀ ਮੈਚਾਂ 'ਚ ਬੜੇ ਮਹਿੰਗੇ ਸਾਬਿਤ ਹੋਏ ਹਨ। ਕਪਤਾਨ ਰੋਹਿਤ ਨੇ ਤਿੰਨ ਵਿਚੋਂ ਦੋ ਮੈਚਾਂ 'ਚ ਉਨ੍ਹਾਂ ਦੇ ਕੋਟੇ ਦੇ ਪੂਰੇ ਓਵਰ ਤਕ ਨਹੀਂ ਸੁਟਵਾਏ। ਹਾਲਾਂਕਿ ਉਨਾਦਕਟ ਦਾ ਤਜਰਬਾ ਉਨ੍ਹਾਂ ਨੂੰ ਆਖ਼ਰੀ-11 ਵਿਚ ਬਣਾਈ ਰੱਖੇਗਾ। ਸ਼ਾਰਦੂਲ ਠਾਕੁਰ ਨੇ ਆਖ਼ਰੀ ਦੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਹਰਫ਼ਨਮੌਲਾ ਵਿਜੇ ਸ਼ੰਕਰ ਨੇ ਵੀ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਸਪਿੰਨਰਾਂ 'ਚ ਵਾਸ਼ਿੰਗਟਨ ਸੁੰਦਰ ਨੇ ਤਿੰਨਾਂ ਹੀ ਮੁਕਾਬਲਿਆਂ ਵਿਚ ਪਾਵਰਪਲੇ ਵਿਚ ਗੇਂਦਬਾਜ਼ੀ ਕਰਦੇ ਹੋਏ ਪ੍ਰਭਾਵਿਤ ਕੀਤਾ ਹੈ। ਯੁਜਵਿੰਦਰ ਸਿੰਘ ਚਹਿਲ ਸ੍ਰੀਲੰਕਾ ਖ਼ਿਲਾਫ਼ ਦੋਵੇਂ ਮੁਕਾਬਲਿਆਂ ਵਿਚ ਮਹਿੰਗੇ ਸਾਬਿਤ ਹੋਏ ਹਨ ਜੋ ਦਿਖਾਉਂਦਾ ਹੈ ਕਿ ਯੁਜਵਿੰਦਰ ਤਦ ਤਕ ਹੀ ਪ੍ਰਭਾਵਿਤ ਕਰ ਸਕ ਰਹੇ ਸਨ ਜਦ ਤਕ ਦੂਜੇ ਪਾਸੇ ਉਨ੍ਹਾਂ ਨਾਲ ਕੁਲਦੀਪ ਯਾਦਵ ਸਨ।

ਟੀਮਾਂ 'ਚ ਸ਼ਾਮਿਲ ਖਿਡਾਰੀ

ਭਾਰਤ :

ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ (ਉੱਪ ਕਪਤਾਨ), ਕੇਐੱਲ ਰਾਹੁਲ, ਸੁਰੇਸ਼ ਰੈਣਾ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ (ਵਿਕਟਕੀਪਰ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਸਿੰਘ ਚਹਿਲ, ਅਕਸ਼ਰ ਪਟੇਲ, ਵਿਜੇ ਸ਼ੰਕਰ, ਸ਼ਾਰਦੂਲ ਠਾਕੁਰ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਰਿਸ਼ਭ ਪੰਤ (ਵਿਕਟਕੀਪਰ)।

ਬੰਗਲਾਦੇਸ਼ :

ਮਹਿਮੂਦੁੱਲ੍ਹਾ (ਕਪਤਾਨ), ਤਮੀਮ ਇਕਬਾਲ, ਸੌਮਿਆ ਸਰਕਾਰ, ਇਮਰੂਲ ਕਾਏਸ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਸ਼ਬੀਰ ਰਹਿਮਾਨ, ਮੁਸ਼ਤਫਿਜੁਰ ਰਹਿਮਾਨ, ਰੁਬੇਲ ਹੁਸੈਨ, ਤਸਕੀਨ ਅਹਿਮਦ, ਅਬੂ ਹੈਦਰ, ਅਬੂ ਜਾਏਦ, ਅਰੀਫੁਲ ਹਕ, ਨਜਮੁਲ ਇਸਲਾਮ, ਨੂਰੁਲ ਹਸਨ, ਮੇਹਦੀ ਹਸਨ, ਲਿਟੋਨ ਦਾਸ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: fdd fd