ਭਾਰਤੀ ਨੂੰ ਰੜਕੀ ਸਪਿੰਨਰ ਦੀ ਘਾਟ

Updated on: Sat, 13 Jan 2018 10:00 PM (IST)
  

-ਦੱਖਣੀ ਅਫਰੀਕਾ ਨੇ ਪਹਿਲੇ ਦਿਨ ਬਣਾਈਆਂ ਛੇ ਵਿਕਟਾਂ 'ਤੇ 269 ਦੌੜਾਂ

-ਅਸ਼ਵਿਨ ਨੇ ਸਭ ਤੋਂ ਜ਼ਿਆਦਾ 31 ਓਵਰ ਸੁੱਟ ਕੇ ਹਾਸਿਲ ਕੀਤੀਆਂ ਤਿੰਨ ਵਿਕਟਾਂ

ਅਭਿਸ਼ੇਕ ਤਿ੫ਪਾਠੀ, ਸੈਂਚੂਰੀਅਨ :

ਕੇਪਟਾਊਨ ਦੇ ਨਿਊਲੈਂਡਜ਼ ਸਟੇਡੀਅਮ ਦੀ ਘਾਹ ਵਾਲੀ ਪਿੱਚ ਭਾਰਤੀ ਟੀਮ ਮੈਨੇਜਮੈਂਟ ਦੇ ਦਿਲੋ ਦਿਮਾਗ਼ 'ਚ ਇਸ ਤਰ੍ਹਾਂ ਘਰ ਕਰ ਗਈ ਕਿ ਸੈਂਚੂਰੀਅਨ ਦੇ ਸੁਪਰ ਸਪੋਰਟਸ ਪਾਰਕ ਦੀ ਸੁੱਕੀ ਪਿੱਚ 'ਤੇ ਵੀ ਉਹ ਤਿੰਨ ਤੇਜ਼ ਗੇਂਦਬਾਜ਼, ਇਕ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਤੇ ਇਕ ਸਪਿੰਨਰ ਨਾਲ ਉਤਰੇ। ਮੈਚ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਇੱਥੇ ਦੀ ਪਿੱਚ ਪੂਰੀ ਤਰ੍ਹਾਂ ਸੁੱਕੀ ਨਜ਼ਰ ਆ ਰਹੀ ਸੀ। ਪਿੱਚ ਕਿਊਰੇਟਰ ਨੇ ਇਸ 'ਤੇ ਘਾਹ ਛੱਡਿਆ ਸੀ ਪਰ ਪਿਛਲੇ ਕਈ ਦਿਨਾਂ ਤੋਂ 32 ਡਿਗਰੀ ਸੈਲਸੀਅਸ ਦੇ ਤਾਪਮਾਨ ਤੇ ਤੇਜ਼ ਸੂਰਜ ਨੇ ਉਸ ਨੂੰ ਝੁਲਸਾ ਦਿੱਤਾ। ਦੂਜੇ ਟੈਸਟ ਦੇ ਪਹਿਲੇ ਸ਼ਨਿਚਰਵਾਰ ਨੂੰ ਇੱਥੇ ਦਾ ਮੌਸਮ, ਪਿੱਚ ਤੇ ਮਾਹੌਲ ਪੂਰੀ ਤਰ੍ਹਾਂ ਭਾਰਤੀ ਸੀ ਪਰ ਤਿੰਨ ਮੈਚਾਂ ਦੀ ਸੀਰੀਜ਼ ਵਿਚ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਆਪਣੇ ਮੁਤਾਬਕ ਸਭ ਕੁਝ ਹੋਣ ਦੇ ਬਾਵਜੂਦ ਦੋ ਸਪਿੰਨਰ ਖਿਡਾਉਣ ਦੀ ਹਿੰਮਤ ਨਾ ਦਿਖਾ ਸਕੀ। ਟੀਮ ਦੇ ਚਾਰ ਤੇਜ਼ ਗੇਂਦਬਾਜ਼ਾਂ ਦੇ ਹੁੰਦੇ ਹੋਏ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਸਭ ਤੋਂ ਜ਼ਿਆਦਾ 31 ਓਵਰ ਸੁੱਟਦੇ ਹੋਏ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਹਾਸਿਲ ਕੀਤੀਆਂ। ਉਥੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 18, ਮੁਹੰਮਦ ਸ਼ਮੀ ਨੇ 11, ਇਸ਼ਾਂਤ ਸ਼ਰਮਾ ਨੇ 16 ਤੇ ਹਾਰਦਿਕ ਪਾਂਡਿਆ ਨੇ 14 ਓਵਰ ਸੁੱਟੇ। ਚਾਰ ਤੇਜ਼ ਗੇਂਦਬਾਜ਼ਾਂ ਵਿਚੋਂ ਸਿਰਫ ਇਸ਼ਾਂਤ ਹੀ ਪਹਿਲੇ ਦਿਨ ਡਿੱਗੀਆਂ ਛੇ ਵਿਚੋਂ ਇਕ ਵਿਕਟ ਲੈ ਸਕੇ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਦੱਖਣੀ ਅਫਰੀਕੀ ਟੀਮ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਛੇ ਵਿਕਟਾਂ 'ਤੇ 269 ਦੌੜਾਂ ਬਣਾ ਲਈਆਂ ਹਨ ਪਰ ਜੇ ਟੀਮ ਇੰਡੀਆ ਅਸ਼ਵਿਨ ਦੇ ਨਾਲ ਦੂਜੇ ਸਪਿੰਨਰ ਰਵਿੰਦਰ ਜਡੇਜਾ ਨੂੰ ਆਖ਼ਰੀ ਇਲੈਵਨ ਵਿਚ ਰੱਖਦੀ ਤਾਂ ਯਕੀਨੀ ਤੌਰ 'ਤੇ ਮੇਜ਼ਬਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਪਿਛਲੇ ਮੈਚ 'ਚ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ 'ਚ ਸਿਰਫ਼ 12 ਦੌੜਾਂ 'ਤੇ ਤਿੰਨ ਵਿਕਟਾਂ ਹਾਸਿਲ ਕੀਤੀਆਂ ਸਨ ਪਰ ਇੱਥੇ ਤਾਂ ਉਨ੍ਹਾਂ ਨੂੰ ਪਹਿਲੇ ਸੈਸ਼ਨ 'ਚ ਕੋਈ ਵਿਕਟ ਨਹੀਂ ਮਿਲੀ। ਯਕੀਨੀ ਤੌਰ 'ਤੇ ਵਿਰਾਟ ਇਸ ਪਿੱਚ ਨੂੰ ਪੜ੍ਹਨ ਤੋਂ ਖੁੰਝ ਗਏ। ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨ ਉਤਰੇ ਬੁਮਰਾਹ ਤੇ ਸ਼ਮੀ ਕੁਝ ਨਾ ਕਰ ਸਕੇ। ਸ਼ਮੀ ਨੇ ਤਾਂ ਆਪਣੇ ਪਹਿਲੇ ਸਪੈੱਲ ਵਿਚ ਚਾਰ ਓਵਰਾਂ ਵਿਚ 5.75 ਦੇ ਰਨ ਰੇਟ ਨਾਲ 23 ਦੌੜਾਂ ਖ਼ਰਚ ਕੀਤੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cri cri