ਸ਼ਨਿਚਰਵਾਰ ਨੂੰ ਭਾਰਤ ਨੇ ਜਿੱਤੇ ਅੱਠ ਗੋਲਡ ਮੈਡਲ

Updated on: Sat, 14 Apr 2018 08:24 PM (IST)
  

ਇਹ ਮੇਰੇ ਲਈ ਬਹੁਤ ਅਹਿਮ ਮੈਡਲ ਹੈ, ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਪਰ ਮੈਂ ਇਕ ਸੈਂਟੀਮੀਟਰ ਤੋਂ ਖੁੰਝ ਗਿਆ। ਮੈਂ ਇਸ ਲਈ ਬੇਚੈਨ ਸੀ। ਮੈਂ ਆਪਣੀਆਂ ਪਿਛਲੀਆਂ ਦੋ ਕੋਸ਼ਿਸ਼ਾਂ ਨੂੰ ਪਛਾੜਨ ਲਈ ਕਾਫੀ ਮਿਹਨਤ ਕੀਤੀ। ਮੈਂ ਬਹੁਤ ਖ਼ੁਸ਼ ਹਾਂ ਤੇ ਮੇਰੇ ਕੋਲ ਇਸ ਸਾਲ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਲਈ ਕਈ ਮੁਕਾਬਲੇ ਹਨ।

-ਨੀਰਜ ਚੋਪੜਾ

---

ਜੈਸਿਕਾ ਨਾਲ ਸਖ਼ਤ ਮੁਕਾਬਲਾ ਸੀ ਕਿਉਂਕਿ ਉਹ ਵਿਸ਼ਵ ਚੈਂਪੀਅਨ ਹੈ ਪਰ ਮੈਂ ਚੁਣੌਤੀ ਸਵੀਕਾਰੀ ਤੇ ਇਸ ਦੀ ਮੈਨੂੰ ਖ਼ੁਸ਼ੀ ਹੈ। ਮੈਂ ਇਸ ਪਲ ਦਾ ਪਿਛਲੇ ਚਾਰ ਸਾਲਾਂ ਤੋਂ ਉਡੀਕ ਕਰ ਰਹੀ ਸੀ ਕਿ ਆਪਣੇ ਕੌਮੀ ਗੀਤ ਨੂੰ ਸੁਣ ਸਕਾਂ ਤੇ ਤਿਰੰਗੇ ਨੂੰ ਚੁੱਕ ਸਕਾਂ।

-ਵਿਨੇਸ਼ ਫੋਗਾਟ

-----

ਰਾਸ਼ਟਰਮੰਡਲ ਖੇਡਾਂ

-ਮੁੱਕੇਬਾਜ਼ੀ 'ਚ ਤਿੰਨ ਤੇ ਕੁਸ਼ਤੀ 'ਚ ਆਏ ਦੋ ਸੋਨੇ ਦੇ ਤਮਗੇ

-ਗੋਲਡ ਜਿੱਤਣ ਵਾਲੇ ਪਹਿਲੇ ਨੇਜ਼ਾ ਸੁੱਟ ਐਥਲੀਟ ਬਣੇ ਨੀਰਜ ਚੋਪੜਾ

---

ਗੋਲਡ ਕੋਸਟ (ਪੀਟੀਆਈ) : 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਸ਼ਨਿਚਰਵਾਰ ਦਾ ਦਿਨ ਭਾਰਤੀ ਐਥਲੀਟਾਂ ਲਈ ਇਤਿਹਾਸਿਕ ਰਿਹਾ। ਮੁੱਕੇਬਾਜ਼ੀ 'ਚ ਐੱਮਸੀ ਮੈਰੀਕਾਮ ਨੂੰ ਗੋਲਡ ਕੋਸਟ ਵਿਚ ਸੁਨਹਿਰਾ ਪੰਚ ਲਾਉਂਦੇ ਦੇਖਣਾ ਭਾਵੁਕ ਪਲ ਸੀ ਤੇ ਨੌਜਵਾਨ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦਾ ਸੋਨਾ ਚੁੰਮਣਾ ਮਾਣ ਵਧਾਅ ਗਿਆ। ਮਰਦ ਮੁੱਕੇਬਾਜ਼ਾਂ ਗੌਰਵ ਸੋਲੰਕੀ ਤੇ ਵਿਕਾਸ ਿਯਸ਼ਣਨ ਨੇ ਵੀ ਦੇਸ਼ ਨੂੰ ਗੋਲਡ ਮੈਡਲ ਦਿਵਾਏ। ਟੇਬਲ ਟੈਨਿਸ ਵਿਚ ਮਨਿਕਾ ਬੱਤਰਾ ਦੀ ਸੁਨਹਿਰੀ ਸਫ਼ਲਤਾ ਨੇ ਚਾਰ-ਚੰਨ ਲਾ ਦਿੱਤੇ। ਨਿਸ਼ਾਨੇਬਾਜ਼ੀ 'ਚ ਸੰਜੀਵ ਰਾਜਪੂਤ ਨੇ ਵੀ ਗੋਲਡਨ ਨਿਸ਼ਾਨ ਲਾਇਆ। ਉਥੇ ਕੁਸ਼ਤੀ 'ਚ ਵਿਨੇਸ਼ ਫੋਗਾਟ ਤੇ ਸੁਮਿਤ ਨੇ ਗੋਲਡ ਮੈਡਲ ਜਿੱਤੇ ਤੇ ਇਸ ਖੇਡ 'ਚ ਭਾਰਤ ਦੇ ਦਬਦਬੇ ਨੂੰ ਕਾਇਮ ਰੱਖਿਆ। ਭਾਰਤ ਨੇ ਅੱਠ ਗੋਲਡ, ਪੰਜ ਸਿਲਵਰ ਤੇ ਚਾਰ ਕਾਂਸੇ ਸਮੇਤ ਇਕ ਦਿਨ ਵਿਚ 17 ਮੈਡਲ ਜਿੱਤੇ।

ਮੈਰੀ ਦਾ ਗੋਲਡ :

ਸ਼ਨਿਚਰਵਾਰ ਨੂੰ ਸਟਾਰ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਭਾਰਤ ਨੂੰ ਸੁਨਹਿਰੀ ਸ਼ੁਰੂਆਤ ਦਿਵਾਈ। 48 ਕਿਲੋਗ੍ਰਾਮ ਵਰਗ ਵਿਚ ਨਾਰਦਰਨ ਆਇਰਲੈਂਡ ਦੀ ਿਯਸਟੀਨਾ ਓਹਾਰਾ ਨੂੰ 5-0 ਨਾਲ ਮਾਤ ਦੇ ਕੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਗੋਲਡ ਦੇ ਰੂਪ ਵਿਚ ਆਪਣਾ ਪਹਿਲਾ ਮੈਡਲ ਹਾਸਿਲ ਕੀਤਾ। 35 ਸਾਲਾ ਮੈਰੀ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈ ਰਹੀ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਇਕਤਰਫ਼ਾ ਅੰਦਾਜ਼ ਵਿਚ ਸਾਰੇ ਮੁਕਾਬਲੇ ਜਿੱਤੇ। ਉਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ।

ਵਿਕਾਸ ਤੇ ਗੌਰਵ ਦੇ ਗੋਲਡਨ ਪੰਚ :

ਮਰਦਾਂ ਦੇ 52 ਕਿਲੋਗ੍ਰਾਮ ਫਾਈਨਲ ਵਿਚ ਗੌਰਵ ਸੋਲੰਕੀ ਨੇ ਨਾਰਦਰਨ ਆਇਰਲੈਂਡ ਦੇ ਬਰੇਂਡਨ ਇਰਵਿਨ ਨੂੰ 4-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਸ਼ੁਰੂਆਤੀ ਦੋ ਗੇੜ ਵਿਚ ਜਿੱਤ ਤੋਂ ਬਾਅਦ ਗੌਰਵ ਨੂੰ ਤੀਜੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਗਲੇ ਦੋਵਾਂ ਰਾਊਂਡਾਂ ਵਿਚ ਉਨ੍ਹਾਂ ਨੇ ਜਿੱਤ ਨਾਲ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਜਿੱਤ ਤੋਂ ਬਾਅਦ ਗੌਰਵ ਨੇ ਆਪਣੇ ਇਸ ਮੈਡਲ ਨੂੰ ਆਪਣੀ ਮਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਉਹ ਟੋਕੀਓ ਓਲੰਪਿਕ ਵਿਚ ਭਾਰਤੀ ਝੰਡੇ ਨੂੰ ਉੱਚਾ ਕਰਨਾ ਚਾਹੁੰਦੇ ਹਨ।

ਓਧਰ ਮਰਦਾਂ ਦੇ 75 ਕਿਲੋਗ੍ਰਾਮ ਫਾਈਨਲ ਵਿਚ ਵਿਕਾਸ ਿਯਸ਼ਣਨ ਨੇ ਵੀ ਦੇਸ਼ ਲਈ ਸੁਨਹਿਰਾ ਪੰਚ ਲਾਇਆ। ਵਿਕਾਸ ਨੇ ਕੈਮਰੂਨ ਦੇ ਮੁੱਕੇਬਾਜ਼ ਡਿਊਡੋਨੇ ਵਿਲਫਰੇਡ ਸੇਈ ਨੂੰ 5-0 ਨਾਲ ਹਰਾਉਂਦੇ ਹੋਏ ਰਾਸ਼ਟਰਮੰਗਲ ਖੇਡਾਂ ਵਿਚ ਆਪਣਾ ਪਹਿਲਾ ਮੈਡਲ ਹਾਸਿਲ ਕੀਤਾ। ਪੰਜ ਜੱਜਾਂ ਨੇ 30-27, 29-28, 29-28, 30-27 ਤੇ 29-28 ਦਾ ਸਕੋਰ ਵਿਕਾਸ ਦੇ ਪੱਖ 'ਚ ਦਿੱਤਾ।

ਹਾਲਾਂਕਿ 49 ਕਿਲੋਗ੍ਰਾਮ ਫਾਈਨਲ ਵਿਚ ਅਮਿਤ ਨੂੰ ਇੰਗਲੈਂਡ ਦੇ ਗਲਾਲ ਯਾਫੀ ਖ਼ਿਲਾਫ਼ 1-3 ਨਾਲ ਮਾਤ ਸਹਿਣੀ ਪਈ ਅਤੇ ਉਨ੍ਹਾਂ ਨੂੰ ਸਿਲਵਰ ਨਾਲ ਸਬਰ ਕਰਨਾ ਪਿਆ। ਉਥੇ ਮਨੀਸ਼ ਕੌਸ਼ਿਕ ਨੂੰ 60 ਕਿਲੋਗ੍ਰਾਮ ਫਾਈਨਲ ਵਿਚ ਆਸਟ੫ੇਲੀਆ ਦੇ ਹੈਰੀ ਗਾਰਸਾਈਡ ਖ਼ਿਲਾਫ਼ 2-3 ਨਾਲ ਹਾਰ ਸਹਿਣੀ ਪਈ ਤੇ ਉਨ੍ਹਾਂ ਨੂੰ ਵੀ ਸਿਲਵਰ ਨਾਲ ਸਬਰ ਕਰਨਾ ਪਿਆ। ਇਸ ਤੋਂ ਬਾਅਦ ਸਤੀਸ਼ ਕੁਮਾਰ ਵੀ ਮਰਦਾਂ ਦੇ +91 ਕਿਲੋਗ੍ਰਾਮ ਫਾਈਨਲ 'ਚ ਹਾਰ ਗਏ ਤੇ ਉਨ੍ਹਾਂ ਨੂੰ ਵੀ ਸਿਲਵਰ ਹਾਸਿਲ ਹੋਇਆ।

ਵਿਨੇਸ਼, ਸੁਮਿਤ ਦੇ ਗੋਲਡਨ ਦਾਅ :

ਵਿਨੇਸ਼ ਫੋਗਾਟ ਨੇ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਕੁਸ਼ਤੀ 'ਚ ਗੋਲਡ ਮੈਡਲ ਹਾਸਿਲ ਕੀਤਾ। ਉਨ੍ਹਾਂ ਨੇ ਕੈਨੇਡਾ ਦੀ ਜੈਸਿਕਾ ਮੈਕਡੋਨਲਡ ਨੂੰ 13-3 ਨਾਲ ਧੂੜ ਚਟਾਈ। ਓਧਰ ਮਰਦਾਂ ਦੇ 125 ਕਿਲੋਗ੍ਰਾਮ ਫ੍ਰੀਸਟਾਈਲ ਸ਼ੈਲੀ ਵਿਚ ਸੁਮਿਤ ਨੇ ਵੀ ਦੇਸ਼ ਨੂੰ ਗੋਲਡ ਮੈਡਲ ਦਿਵਾਇਆ। ਸੁਮਿਤ ਨੇ ਪਾਕਿਸਤਾਨ ਦੇ ਤਿਆਬ ਰਾਜਾ ਨੂੰ 10-4 ਨਾਲ ਹਰਾ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਇਕ ਸਮੇਂ ਪਾਕਿਸਤਾਨੀ ਭਲਵਾਨ ਰਾਜਾ 3-2 ਨਾਲ ਅੱਗੇ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਸੁਮਿਤ ਨੇ ਧੀਰਜ ਨਾਲ ਖੇਡਦੇ ਹੋਏ ਜਿੱਤ ਹਾਸਿਲ ਕੀਤੀ।

ਸਾਕਸ਼ੀ, ਸੋਮਵੀਰ ਨੂੰ ਕਾਂਸਾ :

ਰੀਓ ਓਲੰਪਿਕ ਦੀ ਮੈਡਲ ਜੇਤੂ ਸਾਕਸ਼ੀ ਮਲਿਕ ਨੂੰ 62 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੇ ਨਾਲ ਸਬਰ ਕਰਨਾ ਪਿਆ। ਨਾਲ ਹੀ ਮਰਦਾਂ ਦੇ 86 ਕਿਲੋਗ੍ਰਾਮ ਵਿਚ ਸੋਮਵੀਰ ਨੇ ਵੀ ਦੇਸ਼ ਲਈ ਕਾਂਸੇ ਦਾ ਮੈਡਲ ਹਾਸਿਲ ਕੀਤਾ। ਉਨ੍ਹਾਂ ਨੇ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ 'ਚ ਕੈਨੇਡਾ ਦੇ ਐਲਗਜ਼ੈਂਡਰ ਮੂਰੇ ਨੂੰ 7-3 ਨਾਲ ਮਾਤ ਦਿੱਤੀ।

ਸੰਜੀਵ ਨੇ ਲਾਇਆ ਸੋਨੇ 'ਤੇ ਨਿਸ਼ਾਨਾ :

ਨਿਸ਼ਾਨੇਬਾਜ਼ਾਂ 'ਚ ਸ਼ਨਿਚਰਵਾਰ ਨੂੰ ਸਾਬਕਾ ਵਿਸ਼ਵ ਚੈਂਪੀਅਨ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਏਅਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਕਾਮਨਵੈਲਥ ਖੇਡਾਂ ਦੇ ਰਿਕਾਰਡ ਨਾਲ ਗੋਲਡ ਮੈਡਲ ਹਾਸਿਲ ਕੀਤਾ। ਸੰਜੀਵ ਨੇ 454.5 ਅੰਕਾਂ ਨਾਲ ਕੈਨੇਡਾ ਦੇ ਗ੍ਰੇਗੋਰਜ ਸੇਚ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੂੰ 448.4 ਦੇ ਸਕੋਰ ਨਾਲ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਥੇ ਇਸ ਮੁਕਾਬਲੇ ਦਾ ਕਾਂਸਾ ਇੰਗਲੈਂਡ ਦੇ ਡੀਨ ਬੇਲ (441.2) ਦੇ ਨਾਂ ਰਿਹਾ। ਇਸੇ ਵਰਗ ਵਿਚ ਚੈਨ ਸਿੰਘ 419.1 ਦੇ ਸਕੋਰ ਨਾਲ ਪੰਜਵੇਂ ਸਥਾਨ 'ਤੇ ਰਹੇ। ਰਾਸ਼ਟਰਮੰਡਲ ਖੇਡਾਂ 'ਚ ਸੰਜੀਵ ਦਾ ਇਹ ਪਹਿਲਾ ਗੋਲਡ ਤੇ ਕੁੱਲ ਤੀਜਾ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2006 'ਚ ਕਾਂਸਾ ਤੇ 2014 ਵਿਚ ਸਿਲਵਰ ਮੈਡਲ ਹਾਸਿਲ ਕੀਤਾ ਸੀ।

ਨੀਰਜ ਨੇ ਰਚਿਆ ਇਤਿਹਾਸ :

ਜੂਨੀਅਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਨੀਰਜ ਚੋਪੜਾ ਨੇ ਮਰਦ ਨੇਜ਼ਾ ਸੁੱਟ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕੀਤਾ ਤੇ ਰਾਸ਼ਟਰਮੰਡਲ ਖੇਡਾਂ ਦੇ ਨੇਜ਼ਾ ਸੁੱਟ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ। ਨੀਰਜ ਨੇ 86.47 ਮੀਟਰ ਨੇਜ਼ਾ ਸੁੱਟ ਕੇ ਇਸ ਸੈਸ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਹਾਲਾਂਕਿ ਉਹ ਨਿੱਜੀ ਸਰਬੋਤਮ ਪ੍ਰਦਰਸ਼ਨ ਕਰਨ ਤੋਂ ਖੁੰਝ ਗਏ। 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਕਾਸ਼ੀਨਾਥ ਨਾਈਕ ਤੋਂ ਬਾਅਦ ਨੀਰਜ ਰਾਸ਼ਟਰਮੰਡਲ ਖੇਡਾਂ ਦੇ ਨੇਜ਼ਾ ਸੁੱਟ ਮੁਕਾਬਲੇ ਵਿਚ ਮੈਡਲ ਜਿੱਤਣ ਵਾਲੇ ਦੂਜੇ ਭਾਰਤੀ ਐਥਲੀਟ ਹਨ। ਉਹ ਟਰੈਕ ਐਂਡ ਫੀਲਡ ਖੇਡਾਂ ਦੇ ਇਤਿਹਾਸ ਵਿਚ ਗੋਲਡ ਮੈਡਲ ਜਿੱਤਣ ਵਾਲੇ ਪੰਜਵੇਂ ਭਾਰਤੀ ਐਥਲੀਟ ਹਨ। ਉਨ੍ਹਾਂ ਤੋਂ ਪਹਿਲਾਂ ਦਿੱਗਜ ਦੌੜਾਕ ਮਿਲਖਾ ਸਿੰਘ (1958), ਚੱਕਾ ਸੁੱਟ ਐਥਲੀਟ ਿਯਸ਼ਣਾ ਪੂਨੀਆ (2010), ਰਿਲੇ ਦੌੜਾਕ ਮਨਜੀਤ ਕੌਰ, ਸਿਨੀ ਜੋਸ, ਅਸ਼ਵਿਨੀ ਅਕੁੰਜੀ ਤੇ ਮਨਦੀਪ ਕੌਰ ਦੀ ਚੌਕੜੀ (2010) ਤੇ ਸ਼ਾਟ ਪੁਟਰ ਵਿਕਾਸ ਗੌੜਾ (2014) ਦੇ ਨਾਂ ਚਾਰ ਗੋਲਡ ਮੈਡਲ ਸਨ।

ਮਨਿਕਾ ਨੇ ਦਿਵਾਇਆ ਸੋਨਾ :

ਟੇਬਲ ਟੈਨਿਸ ਮਹਿਲਾ ਸਿੰਗਲਜ਼ ਫਾਈਨਲ 'ਚ ਮਨਿਕਾ ਬੱਤਰਾ ਨੇ ਸੁਨਹਿਰੀ ਸਫ਼ਲਤਾ ਹਾਸਿਲ ਕੀਤੀ। ਉਨ੍ਹਾਂ ਨੇ ਸਿੰਗਾਪੁਰ ਦੀ ਮੈਂਗਯੂ ਯੂ ਨੂੰ ਇਕਤਰਫ਼ਾ ਮੁਕਾਬਲੇ 'ਚ 4-0 (11-7, 11-6, 11-2, 11-7) ਨਾਲ ਹਰਾਇਆ। ਖੇਡਾਂ ਦੇ ਇਤਿਹਾਸ ਵਿਚ ਮਹਿਲਾ ਟੇਬਲ ਟੈਨਿਸ ਵਿਚ ਮਿਲਣ ਵਾਲਾ ਭਾਰਤ ਦਾ ਇਹ ਪਹਿਲਾ ਗੋਲਡ ਮੈਡਲ ਹੈ। ਉਥੇ ਮਰਦ ਡਬਲਜ਼ ਦੇ ਫਾਈਨਲ ਵਿਚ ਅਚੰਤ ਸ਼ਰਤ ਕਮਲ ਤੇ ਜੀ ਸਾਥੀਆਨ ਨੂੰ ਇੰਗਲੈਂਡ ਦੇ ਪਾਲ ਤੇ ਲਿਆਮ ਦੀ ਜੋੜੀ ਹੱਥੋਂ 2-3 ਨਾਲ ਮਾਤ ਸਹਿਣੀ ਪਈ ਜਿਸ ਨਾਲ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਹਰਮੀਤ ਦੇਸਾਈ-ਸਨੀਲ ਸ਼ੰਕਰ ਨੇ ਇਸੇ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ।

ਸਕੁਐਸ਼ 'ਚ ਸਿਲਵਰ :

ਦੀਪਿਕਾ ਪੱਲੀਕਲ ਤੇ ਸੌਰਵ ਘੋਸ਼ਾਲ ਦੀ ਭਾਰਤੀ ਜੋੜੀ ਨੂੰ ਮਿਕਸਡ ਡਬਲਜ਼ ਸਕੁਐਸ਼ ਫਾਈਨਲ ਵਿਚ ਆਸਟ੫ੇਲੀਆ ਦੀ ਡੋਨਾ ਉਰਕੀਹਾਤ ਤੇ ਕੈਮਰੋਨ ਪੀਲੇ ਦੀ ਜੋੜੀ ਹੱਥੋਂ 0-2 (8-11, 10-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਭਾਰਤੀ ਜੋੜੀ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਇਹ ਮੌਜੂਦਾ ਖੇਡਾਂ ਦੇ ਸਕੁਐਸ਼ ਮੁਕਾਬਲੇ ਵਿਚ ਭਾਰਤ ਦਾ ਪਹਿਲਾ ਮੈਡਲ ਸੀ।

ਬੈਡਮਿੰਟਨ 'ਚ ਕਾਂਸਾ :

ਬੈਡਮਿੰਟਨ 'ਚ ਮਹਿਲਾ ਡਬਲਜ਼ 'ਚ ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ ਨੇ ਆਸਟ੫ੇਲੀਆ ਦੀ ਮਪਾਸਾ ਤੇ ਗਰੋਨਾ ਦੀ ਜੋੜੀ ਨੂੰ 2-0 ਨਾਲ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: commonwealth games