ਕਰੀਅਰ ਦੀ ਸਰਬੋਤਮ ਰੈਂਕਿੰਗ 'ਤੇ ਪੁੱਜੇ ਰਾਮਨਾਥਨ

Updated on: Mon, 17 Jul 2017 08:28 PM (IST)
  

ਉਪਲੱਬਧੀ

-ਰਾਮਕੁਮਾਰ ਨੂੰ ਮਰਦ ਸਿੰਗਲਜ਼ 'ਚ ਹਾਸਿਲ ਹੋਇਆ 168ਵਾਂ ਸਥਾਨ

-ਮਹਿਲਾ ਡਬਲਜ਼ 'ਚ ਸਾਨੀਆ ਸੱਤਵੇਂ ਸਥਾਨ 'ਤੇ ਕਾਇਮ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਸੋਮਵਾਰ ਨੂੰ ਜਾਰੀ ਏਟੀਪੀ ਵਿਸ਼ਵ ਸਿੰਗਲਜ਼ ਰੈਂਕਿੰਗ 'ਚ ਆਪਣੀ ਸਰਬੋਤਮ 168 ਵੀਂ ਰੈਂਕਿੰਗ ਹਾਸਿਲ ਕੀਤੀ। ਪਿਛਲੇ ਦਿਨੀਂ ਅਮਰੀਕਾ 'ਚ ਹੋਏ ਵਿਨੇਤੇਕਾ ਚੈਲੰਜਰ ਦੇ ਉੱਪ ਜੇਤੂ ਰਾਮਨਾਥਨ ਨੂੰ ਇਸ ਟੂਰਨਾਮੈਂਟ 'ਚ 48 ਅੰਕ ਹਾਸਿਲ ਹੋਏ ਸਨ ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਰੈਂਕਿੰਗ 'ਚ ਵੀ ਹੋਇਆ। ਉਹ 16 ਸਥਾਨ ਦੇ ਫ਼ਾਇਦੇ ਨਾਲ 168ਵੇਂ ਸਥਾਨ 'ਤੇ ਪੁੱਜ ਗਏ ਹਨ।

ਚੇਨਈ ਦੇ 22 ਸਾਲਾ ਖਿਡਾਰੀ ਰਾਮਨਾਥਨ ਹੁਣ ਮਰਦ ਸਿੰਗਲਜ਼ 'ਚ ਭਾਰਤ ਦੇ ਸਿਖਰਲੇ ਰੈਂਕਿੰਗ ਵਾਲੇ ਖਿਡਾਰੀ ਹਨ ਜਦਕਿ ਉਨ੍ਹਾਂ ਤੋਂ ਬਾਅਦ ਯੁਕੀ ਭਾਂਬਰੀ (212), ਪ੍ਰਜਨੇਸ਼ ਗੁਣੇਸ਼ਵਰਨ (214), ਐੱਨ ਸ਼੍ਰੀਰਾਮ ਬਾਲਾਜੀ (293) ਤੇ ਸੁਮਿਤ ਨਾਗਲ (306) ਦਾ ਨੰਬਰ ਆਉਂਦਾ ਹੈ।

ਬੋਪੰਨਾ ਨੂੰ ਇਕ ਸਥਾਨ ਦਾ ਨੁਕਸਾਨ :

ਭਾਰਤ ਦੇ ਰੋਹਨ ਬੋਪੰਨਾ ਨੂੰ ਡਬਲਜ਼ 'ਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਜਦਕਿ ਮਹਿਲਾ ਡਬਲਜ਼ 'ਚ ਸਾਨੀਆ ਮਿਰਜ਼ਾ ਆਪਣੇ ਸੱਤਵੇਂ ਸਥਾਨ 'ਤੇ ਕਾਇਮ ਹੈ। ਵਿੰਬਲਡਨ 'ਚ ਮਰਦ ਡਬਲਜ਼ ਦੇ ਦੂਜੇ ਰਾਊਂਡ 'ਚ ਹਾਰ ਕੇ ਬਾਹਰ ਹੋਣ ਵਾਲੇ ਬੋਪੰਨਾ ਡਬਲਜ਼ ਰੈਂਕਿੰਗ 'ਚ 22ਵੇਂ ਸਥਾਨ 'ਤੇ ਖਿਸਕ ਗਏ ਹਨ ਪਰ ਡਬਲਜ਼ ਰੈਂਕਿੰਗ 'ਚ ਸਿਖਰਲੇ 100 'ਚ ਭਾਰਤ ਦੇ ਦਿਵਿਜ ਸ਼ਰਣ ਛੇ ਸਥਾਨ ਦੇ ਸੁਧਾਰ ਨਾਲ 51ਵੇਂ, ਪੂਰਵ ਰਾਜਾ ਪੰਜ ਸਥਾਨ ਉੱਠ ਕੇ 52ਵੇਂ, ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਤਿੰਨ ਸਥਾਨ ਦੇ ਸੁਧਾਰ ਨਾਲ 59ਵੇਂ ਨੰਬਰ 'ਤੇ ਪਹੁੰਚ ਗਏ ਹਨ। ਜੀਵਨ ਨੇਦੁਚੇਝੀਅਨ ਅੱਠ ਸਥਾਨ ਹੇਠਾਂ 98 ਵੇਂ ਨੰਬਰ 'ਤੇ ਖਿਸਕ ਗਏ ਹਨ।

ਮਹਿਲਾ ਸਿੰਗਲਜ਼ 'ਚ ਅੰਕਿਤਾ ਰੈਨਾ 227ਵੇਂ ਸਥਾਨ (ਤਿੰਨ ਸਥਾਨ ਦਾ ਨੁਕਸਾਨ) ਦੇ ਨਾਲ ਭਾਰਤ ਦੀ ਸਰਬੋਤਮ ਖਿਡਾਰਨ ਹੈ। ਕਰਮਨ ਕੌਰ ਥਾਂਡੀ ਨੇ ਨੇਮਾਨ ਆਈਟੀਐੱਫ ਚੈਂਪੀਅਨਸ਼ਿਪ 'ਚ ਉੱਪ ਜੇਤੂ ਬਣਨ ਤੋਂ ਬਾਅਦ ਕਰੀਅਰ ਦੀ ਸਰਬੋਤਮ 400ਵੀਂ ਰੈਂਕਿੰਗ ਹਾਸਿਲ ਕੀਤੀ।

ਨੰਬਰ ਤਿੰਨ 'ਤੇ ਪੁੱਜੇ ਫੈਡਰਰ :

ਰਿਕਾਰਡ ਅੱਠਵਾਂ ਵਿੰਬਲਡਨ ਖ਼ਿਤਾਬ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਮਰਦ ਸਿੰਗਲਜ਼ ਰੈਂਕਿੰਗ 'ਚ ਦੋ ਸਥਾਨ ਦੇ ਫ਼ਾਇਦੇ ਨਾਲ ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਬਣ ਗਏ ਹਨ ਜਦਕਿ ਵਿੰਬਲਡਨ ਦੇ ਉੱਪ ਜੇਤੂ ਯੋਏਸ਼ੀਆ ਦੇ ਮਾਰਿਨ ਸਿਲਿਚ ਆਪਣੇ ਛੇਵੇਂ ਸਥਾਨ 'ਤੇ ਕਾਇਮ ਹਨ। ਬਰਤਾਨੀਆ ਦੇ ਐਂਡੀ ਮਰੇ ਨੇ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਇਸ ਤੋਂ ਇਲਾਵਾ ਸਪੇਨ ਦੇ ਰਾਫੇਲ ਨਡਾਲ ਅਤੇ ਸਰਬੀਆ ਦੇ ਨੋਵਾਕ ਜੋਕੋਵਿਕ ਯਮਵਾਰ ਦੂਜੇ ਤੇ ਚੌਥੇ ਸਥਾਨ 'ਤੇ ਕਾਇਮ ਹਨ।

ਮਗੁਰੂਜਾ ਨੂੰ ਪੰਜਵਾਂ ਸਥਾਨ :

ਵਿੰਬਲਡਨ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਣ ਵਾਲੀ ਸਪੈਨਿਸ਼ ਸਟਾਰ ਟੈਨਿਸ ਖਿਡਾਰਨ ਗਰਬਾਨੇ ਮੁਗੁਰੂਜਾ ਡਬਲਯੂਟੀਏ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਪੁੱਜ ਗਈ ਹੈ ਜਦਕਿ ਇਸ ਦੀ ਉੱਪ ਜੇਤੂ ਵੀਨਸ ਵਿਲੀਅਮਜ਼ ਨੌਵੇਂ ਨੰਬਰ 'ਤੇ ਆ ਗਈ ਹੈ। ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਸਿਖਰਲੇ ਸਥਾਨ 'ਤੇ ਹੈ ਜਦਕਿ ਰੋਮਾਨੀਆ ਦੀ ਸਿਮੋਨਾ ਹਾਲੇਪ ਦੂਜੇ ਨੰਬਰ 'ਤੇ ਹੈ। ਜਰਮਨੀ ਦੀ ਏਂਜੇਲਿਕ ਕਰਬਰ ਤੀਜੇ ਸਥਾਨ 'ਤੇ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Career best rank of 168 in singles for Ramkumar