ਐਥਲੀਟਾਂ ਨੇ ਦਿਵਾਇਆ ਭਾਰਤ ਨੂੰ ਸੋਨਾ

Updated on: Fri, 10 Aug 2018 08:23 PM (IST)
  

ਕਾਊਂਟਡਾਊਨ : 07 ਦਿਨ ਬਾਕੀ

----

ਫਲੈਸ਼ ਬੈਕ 1974

ਸੱਤਵੀਆਂ ਏਸ਼ੀਅਨ ਖੇਡਾਂ 1974 'ਚ ਇਕ ਤੋਂ 16 ਸਤੰਬਰ ਦੌਰਾਨ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹੋਈਆਂ। ਪਹਿਲੀ ਵਾਰ ਮੱਧ ਏਸ਼ੀਆ ਵਿਚ ਏਸ਼ੀਅਨ ਖੇਡਾਂ ਹੋ ਰਹੀਆਂ ਸਨ ਤੇ ਇਸ ਲਈ ਆਰਿਆਮੇਹਰ ਸਪੋਰਟਸ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਸੀ। ਇਨ੍ਹਾਂ ਖੇਡਾਂ ਵਿਚ 25 ਦੇਸ਼ਾਂ ਦੇ 3010 ਖਿਡਾਰੀਆਂ ਨੇ ਹਿੱਸਾ ਲਿਆ ।ਇਹ ਪਹਿਲਾ ਮੌਕਾ ਸੀ ਜਦ ਇੰਨੀ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ। ਇਸ ਵਾਰ 16 ਖੇਡਾਂ 'ਚ 200 ਮੁਕਾਬਲਿਆਂ ਨੂੰ ਸ਼ਾਮਿਲ ਕੀਤਾ ਗਿਆ। ਪਹਿਲੀ ਵਾਰ ਏਸ਼ੀਅਨ ਖੇਡਾਂ ਵਿਚ ਫੈਂਸਿੰਗ, ਜਿਮਨਾਸਟਿਕ ਤੇ ਮਹਿਲਾ ਬਾਸਕਿਟਬਾਲ ਦੇ ਮੁਕਾਬਲੇ ਕਰਵਾਏ ਗਏ। ਨਾਲ ਹੀ ਇਹ ਪਹਿਲਾ ਮੌਕਾ ਸੀ ਜਦ ਏਸ਼ੀਅਨ ਖੇਡਾਂ ਦਾ ਪੂਰੀ ਦੁਨੀਆ ਵਿਚ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਵਾਰ ਭਾਰਤ ਪ੍ਰਦਰਸ਼ਨ ਦੇ ਮਾਮਲੇ ਵਿਚ ਸੱਤਵੇਂ ਸਥਾਨ 'ਤੇ ਰਿਹਾ। ਉਸ ਨੇ ਕੁੱਲ 28 ਮੈਡਲ ਜਿੱਤੇ, ਜਿਨ੍ਹਾਂ ਵਿਚ ਚਾਰ ਗੋਲਡ, 12 ਸਿਲਵਰ ਤੇ 12 ਕਾਂਸੇ ਦੇ ਮੈਡਲ ਸ਼ਾਮਿਲ ਰਹੇ। ਭਾਰਤ ਨੂੰ ਚਾਰ ਗੋਲਡ ਐਥਲੈਟਿਕਸ ਵਿਚ ਮਿਲੇ, ਜੋ ਵਿਜੇ ਸਿੰਘ ਚੌਹਾਨ (ਡੇਕਾਥਲਨ), ਸ਼੍ਰੀਰਾਮ ਸਿੰਘ (800 ਮੀਟਰ), ਸ਼ਿਵਨਾਥ ਸਿੰਘ (5000 ਮੀਟਰ) ਤੇ ਟੀਸੀ ਯੋਹਾਨਨ (ਲਾਂਗਜੰਪ) ਨੇ ਹਾਸਿਲ ਕੀਤੇ। ਉਥੇ ਜਾਪਾਨ 75 ਗੋਲਡ, 49 ਸਿਲਵਰ ਤੇ 51 ਕਾਂਸੇ ਦੇ ਮੈਡਲਾਂ ਨਾਲ ਕੁੱਲ 175 ਮੈਡਲਾਂ ਨਾਲ ਪਹਿਲੇ ਸਥਾਨ 'ਤੇ ਰਿਹਾ। ਮੇਜ਼ਬਾਨ ਈਰਾਨ ਨੇ 36 ਗੋਲਡ, 28 ਸਿਲਵਰ ਤੇ 17 ਕਾਂਸੇ ਨਾਲ ਕੁੱਲ 81 ਮੈਡਲ ਆਪਣੇ ਨਾਂ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ।

ਇਨ੍ਹਾਂ ਏਸ਼ੀਅਨ ਖੇਡਾਂ ਵਿਚ ਇਕ ਵਿਵਾਦ ਵੀ ਸਾਹਮਣੇ ਆਇਆ। ਅਰਬ ਰਾਸ਼ਟਰ, ਪਾਕਿਸਤਾਨ, ਚੀਨ ਤੇ ਉੱਤਰੀ ਕੋਰੀਆ ਨੇ ਸਿਆਸੀ ਕਾਰਨਾਂ ਨਾਲ ਇਜ਼ਰਾਈਲ ਨਾਲ ਟੈਨਿਸ, ਫੈਂਸਿੰਗ, ਬਾਸਕਿਟਬਾਲ ਤੇ ਫੁੱਟਬਾਲ ਦੇ ਮੁਕਾਬਲਿਆਂ ਵਿਚ ਖੇਡਣ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ, ਇਜ਼ਰਾਈਲ ਨੇ ਸੱਤ ਗੋਲਡ ਸਮੇਤ ਕੁੱਲ 19 ਮੈਡਲ ਜਿੱਤ ਕੇ ਮੈਡਲ ਸੂਚੀ ਵਿਚ ਛੇਵਾਂ ਸਥਾਨ ਹਾਸਿਲ ਕੀਤਾ। ਇਹ ਇਜ਼ਰਾਈਲ ਦੀਆਂ ਆਖ਼ਰੀ ਏਸ਼ੀਅਨ ਖੇਡਾਂ ਸਾਬਿਤ ਹੋਈਆਂ ਕਿਉਂਕਿ ਇਸ ਤੋਂ ਬਾਅਦ ਇਜ਼ਰਾਈਲ 'ਤੇ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਲਈ ਸਥਾਈ ਤੌਰ 'ਤੇ ਪਾਬੰਦੀ ਲਾ ਦਿੱਤੀ ਗਈ।

-----

ਫਲੈਸ਼ ਬੈਕ : 1978

ਤੀਜੀ ਵਾਰ ਕੀਤੀ ਬੈਂਕਾਕ ਨੇ ਮੇਜ਼ਬਾਨੀ

1978 'ਚ ਅੱਠਵੀਆਂ ਏਸ਼ੀਅਨ ਖੇਡਾਂ ਸਿੰਗਾਪੁਰ ਵਿਚ ਹੋਣੀਆਂ ਸਨ ਪਰ ਆਰਥਿਕ ਕਾਰਨਾਂ ਕਾਰਨ ਉਸ ਨੇ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਇਸਲਾਮਾਬਾਦ ਵਿਚ ਏਸ਼ੀਅਨ ਖੇਡਾਂ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਬੰਗਲਾਦੇਸ਼ ਤੇ ਭਾਰਤ ਦੇ ਵਿਰੋਧ ਕਾਰਨ ਉਸ ਨੂੰ ਵੀ ਮੇਜ਼ਬਾਨੀ ਕਰਨ ਦਾ ਵਿਚਾਰ ਛੱਡਣਾ ਪਿਆ। ਇਸ ਤੋਂ ਬਾਅਦ ਇਨ੍ਹਾਂ ਏਸ਼ੀਅਨ ਖੇਡਾਂ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਥਾਈਲੈਂਡ ਨੇ ਲਈ ਤੇ ਉਸ ਦੀ ਰਾਜਧਾਨੀ ਬੈਂਕਾਕ ਨੇ 1966 ਤੇ 1970 ਤੋਂ ਬਾਅਦ ਨੌਂ ਤੋਂ 20 ਦਸੰਬਰ 1974 ਦੌਰਾਨ ਤੀਜੀ ਵਾਰ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚਿਆ। ਇਸ ਵਾਰ ਏਸ਼ੀਅਨ ਖੇਡਾਂ 'ਚ 19 ਖੇਡਾਂ 'ਚ 199 ਮੁਕਾਬਲਿਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਵਾਰ ਤੀਰਅੰਦਾਜ਼ੀ ਤੇ ਬਾਲਿੰਗ ਨੂੰ ਨਵੀਆਂ ਖੇਡਾਂ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ। ਇਸ ਵਾਰ 25 ਦੇਸ਼ਾਂ ਦੇ 3842 ਖਿਡਾਰੀਆਂ ਨੇ ਚੁਣੌਤੀ ਪੇਸ਼ ਕੀਤੀ। ਹਾਲਾਂਕਿ ਪਿਛਲੀ ਵਾਰ ਦੇ ਮੇਜ਼ਬਾਨ ਈਰਾਨ ਨੇ ਸਿਆਸੀ ਕਾਰਨਾਂ ਨਾਲ ਇਸ ਵਾਰ ਦੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਨਹੀਂ ਲਿਆ।

ਇਸ ਵਾਰ ਭਾਰਤ ਦੇ ਪ੍ਰਦਰਸ਼ਨ ਵਿਚ ਕੁਝ ਸੁਧਾਰ ਨਜ਼ਰ ਆਇਆ ਤੇ ਉਸ ਨੇ 11 ਗੋਲਡ, 11 ਸਿਲਵਰ ਤੇ ਛੇ ਕਾਂਸੇ ਸਮੇਤ ਕੁੱਲ 28 ਮੈਡਲ ਆਪਣੇ ਨਾਂ ਕੀਤੇ ਤੇ ਮੈਡਲ ਸੂਚੀ ਵਿਚ ਛੇਵਾਂ ਸਥਾਨ ਹਾਸਿਲ ਕੀਤਾ। ਹਾਲਾਂਕਿ ਮੇਜ਼ਬਾਨ ਥਾਈਲੈਂਡ ਦੇ ਵੀ 11 ਗੋਲਡ ਸਨ, ਪਰ ਉਸ ਨੇ 12 ਸਿਲਵਰ ਤੇ 19 ਕਾਂਸੇ ਸਮੇਤ ਕੁੱਲ 42 ਮੈਡਲ ਜਿੱਤ ਕੇ ਪੰਜਵਾਂ ਸਥਾਨ ਹਾਸਿਲ ਕੀਤਾ। ਜਾਪਾਨ ਨੇ ਇਕ ਵਾਰ ਮੁੜ ਆਪਣੀ ਬਾਦਸ਼ਾਹਤ ਕਾਇਮ ਕਰਦੇ ਹੋਏ 70 ਗੋਲਡ, 59 ਸਿਲਵਰ ਤੇ 49 ਕਾਂਸੇ ਸਮੇਤ ਕੁੱਲ 178 ਮੈਡਲ ਜਿੱਤੇ ਤੇ ਮੈਡਲ ਸੂਚੀ ਵਿਚ ਲਗਾਤਾਰ ਅੱਠਵੀਂ ਵਾਰ ਚੋਟੀ ਦਾ ਸਥਾਨ ਹਾਸਿਲ ਕੀਤਾ।

ਭਾਰਤ ਨੂੰ ਇਸ ਵਾਰ ਮੁੜ ਸਭ ਤੋਂ ਵੱਡੀ ਸਫ਼ਲਤਾ ਐਥਲੈਟਿਕਸ ਵਿਚ ਮਿਲੀ। ਭਾਰਤ ਨੇ ਜੋ 11 ਗੋਲਡ ਮੈਡਲ ਆਪਣੇ ਨਾਂ ਕੀਤੇ ਉਨ੍ਹਾਂ ਵਿਚੋਂ ਅੱਠ ਐਥਲੈਟਿਕਸ ਵਿਚ ਮਿਲੇ। ਇਨ੍ਹਾਂ ਵਿਚੋਂ ਵੀ ਦੋ ਗੋਲਡ ਤਾਂ ਹਰੀ ਚੰਦ ਨੇ ਹਾਸਿਲ ਕੀਤੇ ਜੋ 5000 ਮੀਟਰ ਤੇ 10000 ਮੀਟਰ ਮੁਕਾਬਲੇ ਵਿਚ ਮਿਲੇ। ਉਨ੍ਹਾਂ ਤੋਂ ਇਲਾਵਾ ਰਾਮਾਸਵਾਮੀ ਗਨਨਸੇਕਰਨ (200 ਮੀਟਰ), ਸ਼੍ਰੀਰਾਮ ਸਿੰਘ (800 ਮੀਟਰ), ਹਾਕਮ ਸਿੰਘ (20 ਕਿਲੋਮੀਟਰ ਪੈਦਲ ਚਾਲ), ਸੁਰੇਸ਼ ਬਾਬੂ (ਲਾਂਗ ਜੰਪ), ਬਹਾਦੁਰ ਸਿੰਘ ਚੌਹਾਨ (ਗੋਲਾ ਸੁੱਟ) ਤੇ ਗੀਤਾ ਜੁਤਸੀ (ਮਹਿਲਾ, 800 ਮੀਟਰ) ਨੇ ਵੀ ਐਥਲੈਟਿਕਸ ਵਿਚ ਸੋਨਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੇ ਜੋ ਤਿੰਨ ਹੋਰ ਗੋਲਡ ਜਿੱਤੇ ਉਨ੍ਹਾਂ ਵਿਚੋਂ ਦੋ ਕੁਸ਼ਤੀ ਵਿਚ ਰਾਜਿੰਦਰ ਸਿੰਘ (74 ਕਿਲੋਗ੍ਰਾਮ), ਤੇ ਕਰਤਾਰ ਸਿੰਘ (90 ਕਿਲੋਗ੍ਰਾਮ) ਨੇ ਦਿਵਾਏ ਜਦਕਿ ਇਕ ਰਣਧੀਰ ਸਿੰਘ (ਟਰੈਪ ਨਿਸ਼ਾਨੇਬਾਜ਼ੀ) ਦੀ ਬਦੌਲਤ ਹਾਸਿਲ ਹੋਇਆ।

---

ਟੀਚਾ ਬਣਾ ਕੇ ਖ਼ੁਦ 'ਤੇ ਦਬਾਅ ਨਹੀਂ ਬਣਾਉਣਾ ਚਾਹੁੰਦਾ : ਨੀਰਜ

ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਏਸ਼ੀਅਨ ਖੇਡਾਂ 2018 ਵਿਚ ਭਾਰਤੀ ਟੀਮ ਦੇ ਝੰਡਾ ਬਰਦਾਰ ਹੋਣਗੇ। ਉਨ੍ਹਾਂ ਨੂੰ ਇਨ੍ਹਾਂ ਖੇਡਾਂ ਵਿਚ ਗੋਲਡ ਮੈਡਲ ਲਈ ਭਾਰਤ ਦੀ ਸਭ ਤੋਂ ਵੱਡੀ ਉਮੀਦ ਮੰਨਿਆ ਜਾ ਰਿਹਾ ਹੈ। 20 ਸਾਲ ਦੇ ਨੀਰਜ ਨੇ ਘੱਟ ਉਮਰ ਵਿਚ ਹੀ ਵੱਡੀਆਂ ਸਫ਼ਲਤਾਵਾਂ ਹਾਸਿਲ ਕੀਤੀਆਂ ਹਨ। 2016 ਵਿਚ ਉਨ੍ਹਾਂ ਨੇ ਆਪਣਾ ਪਹਿਲਾ ਸਾਊਥ ਏਸ਼ੀਅਨ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਅਗਲੇ ਸਾਲ ਉਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੀ ਗੋਲਡ 'ਤੇ ਕਬਜ਼ਾ ਕੀਤਾ ਤੇ ਇਸ ਸਾਲ ਗੋਲਡ ਕੋਸਟ ਵਿਚ ਆਪਣਾ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਗੋਲਡ ਆਪਣੇ ਨਾਂ ਕੀਤਾ। ਉਹ ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਨੇਜ਼ਾ ਸੁੱਟ ਐਥਲੀਟ ਹਨ। ਏਸ਼ੀਅਨ ਖੇਡਾਂ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਸੰਭਾਵਨਾ ਤੇ ਹੋਰ ਮੁੱਦਿਆਂ 'ਤੇ ਨੀਰਜ ਚੋਪੜਾ ਨਾਲ ਉਮੇਸ਼ ਰਾਜਪੂਤ ਨੇ ਖ਼ਾਸ ਗੱਲ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਏਸ਼ੀਅਨ ਖੇਡਾਂ ਲਈ ਤੁਹਾਡੀ ਤਿਆਰੀ ਕਿਵੇਂ ਚੱਲ ਰਹੀ ਹੈ?

-ਮੈਂ ਇਸ ਸਮੇਂ ਫਿਨਲੈਂਡ ਵਿਚ ਹਾਂ ਤੇ ਇੱਥੇ ਹੀ ਮੈਂ ਤਿਆਰੀ ਕਰ ਰਿਹਾ ਹਾਂ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੀ ਤਿਆਰੀ ਚੰਗੀ ਚੱਲ ਰਹੀ ਹੈ।

-ਨੇਜ਼ਾ ਸੁੱਟ ਵਿਚ ਤਾਕਤ ਤੇ ਦਿਮਾਗ਼ ਦੋਵਾਂ ਦੀ ਲੋੜ ਪੈਂਦੀ ਹੈ। ਇਸ ਕਾਰਨ ਤੁਹਾਡੀ ਡਾਈਟ ਕਿਵੇਂ ਰਹਿੰਦੀ ਹੈ ਤੇ ਇਕਾਗਰਤਾ ਬਣਾਈ ਰੱਖਣ ਲਈ ਕੀ ਕਰਦੇ ਹੋ?

-ਇਹ ਗੱਲ ਬਿਲਕੁਲ ਸਹੀ ਹੈ ਕਿ ਨੇਜ਼ਾ ਸੁੱਟ ਵਿਚ ਤਾਕਤ ਤੇ ਦਿਮਾਗ਼ ਦੋਵਾਂ ਦੀ ਬਹੁਤ ਲੋੜ ਹੁੰਦੀ ਹੈ ਤੇ ਹਰ ਖਿਡਾਰੀ ਇਸ 'ਤੇ ਪੂਰਾ ਧਿਆਨ ਦਿੰਦਾ ਹੈ। ਅਸੀਂ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਦੇ ਹਾਂ। ਅਸੀਂ ਰਾਸ਼ਟਰੀ ਕੈਂਪ ਵਿਚ ਹੋਈਏ ਜਾਂ ਕਿਤੇ ਹੋਰ, ਸਾਨੂੰ ਲੋੜ ਦੇ ਹਿਸਾਬ ਨਾਲ ਡਾਈਟ ਮਿਲਦੀ ਹੈ। ਰਹੀ ਗੱਲ ਇਕਾਗਰਤਾ ਦੀ ਤਾਂ ਉਸ ਲਈ ਅਸੀਂ ਲਗਾਤਾਰ ਅਭਿਆਸ ਕਰਦੇ ਹਾਂ ਤੇ ਲੋੜ ਪੈਣ 'ਤੇ ਯੋਗ ਤੇ ਮੈਡੀਟੇਸ਼ਨ ਵੀ ਕਰਦੇ ਹਾਂ।

-ਇਹ ਤੁਹਾਡੀਆਂ ਪਹਿਲੀਆਂ ਏਸ਼ੀਅਨ ਖੇਡਾਂ ਹਨ। ਤੁਸੀਂ ਕੀ ਟੀਚਾ ਤੈਅ ਕੀਤਾ ਹੈ?

-ਕਾਫੀ ਚੰਗਾ ਲੱਗ ਰਿਹਾ ਹੈ ਕਿ ਮੈਂ ਆਪਣੀਆਂ ਪਹਿਲੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਜਾ ਰਿਹਾ ਹਾਂ। ਮੈਂ ਕੋਈ ਟੀਚਾ ਤੈਅ ਨਹੀਂ ਕੀਤਾ ਹੈ। ਮੈਂ ਆਪਣੇ ਵੱਲੋਂ ਪੂਰਾ ਦਮ ਲਾ ਦੇਵਾਂਗਾ ਪਰ ਟੀਚੇ ਤੈਅ ਕਰ ਕੇ ਆਪਣੇ 'ਤੇ ਕੋਈ ਦਬਾਅ ਨਹੀਂ ਬਣਾਉਣਾ ਚਾਹੁੰਦਾ ਹਾਂ। ਮੈਂ ਕਾਫੀ ਅਭਿਆਸ ਕੀਤਾ ਹੈ ਤੇ ਮੈਂ ਆਪਣਾ ਸੌ ਫ਼ੀਸਦੀ ਦੇਣਾ ਚਾਹੁੰਦਾ ਹਾਂ।

-ਸਾਰੇ ਤੁਹਾਡੇ ਤੋਂ ਇਕ ਹੋਰ ਗੋਲਡ ਦੀ ਉਮੀਦ ਕਰ ਰਹੇ ਹਨ?

-ਆਪਣੇ ਦੇਸ਼ ਦੇ ਲੋਕ ਜਦ ਉਮੀਦ ਕਰਦੇ ਹਨ ਤਾਂ ਕਾਫੀ ਚੰਗਾ ਲਗਦਾ ਹੈ। ਇਸ ਗੱਲ ਦਾ ਕੋਈ ਦਬਾਅ ਨਹੀਂ ਹੈ। ਉਹ ਵੀ ਜਾਣਦੇ ਹਨ ਕਿ ਅਸੀਂ ਵੀ ਆਪਣੇ ਵੱਲੋਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।

-ਇਸ ਸਾਲ ਤੁਸੀਂ ਦੋਹਾ ਡਾਇਮੰਡ ਲੀਗ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ ਪਰ ਮੈਡਲ ਤੋਂ ਖੁੰਝ ਗਏ ਤੇ ਚੌਥੇ ਸਥਾਨ 'ਤੇ ਰਹੇ। ਇਸ ਦਾ ਕੀ ਕਾਰਨ ਸੀ?

-ਡਾਇਮੰਡ ਲੀਗ ਓਲੰਪਿਕ ਪੱਧਰ ਦਾ ਮੁਕਾਬਲਾ ਹੈ। ਸਾਡੇ ਦੇਸ਼ ਵਿਚ ਇਸ ਨੂੰ ਥੋੜ੍ਹਾ ਘੱਟ ਕਰ ਕੇ ਜਾਣਦੇ ਹਨ ਪਰ ਇਸ ਵਿਚ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਸਖ਼ਤ ਮੁਕਾਬਲੇ ਹੁੰਦੇ ਹਨ। ਮੇਰੇ ਵੱਲੋਂ ਇਸ ਵਿਚ ਕੋਈ ਕਮੀ ਨਹੀਂ ਰਹੀ। ਮੈਂ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਜੋ ਪਹਿਲੇ ਤਿੰਨ ਸਥਾਨ 'ਤੇ ਰਹੇ ਉਨ੍ਹਾਂ ਨੇ 90 ਮੀਟਰ ਤੋਂ ਜ਼ਿਆਦਾ ਦੂਰੀ 'ਤੇ ਨੇਜ਼ਾ ਸੁੱਟਿਆ। ਮੈਂ ਵੀ 87 ਮੀਟਰ ਤੋਂ ਜ਼ਿਆਦਾ ਦੂਰੀ ਤਕ ਨੇਜ਼ਾ ਸੁੱਟਿਆ। ਇਸ ਲਈ ਮੈਂ ਇਹ ਨਹੀਂ ਮੰਨਦਾ ਕਿ ਮੈਂ ਮੈਡਲ ਤੋਂ ਖੁੰਝ ਗਿਆ ਬਲਕਿ ਮੈਂ ਇਹ ਸੋਚਦਾ ਹਾਂ ਕਿ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ।

-ਖੇਡਾਂ ਵਿਚ ਨੇਜ਼ਾ ਸੁੱਟ ਦੀ ਚੋਣ ਦਾ ਕੋਈ ਖ਼ਾਸ ਕਾਰਨ ਸੀ?

-ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਨੇਜ਼ਾ ਸੁੱਟ ਜਾਂ ਖੇਡ ਵਿਚ ਅੱਗੇ ਆਵਾਂਗਾ। ਸਾਡੇ ਘਰ ਵਿਚ ਕੋਈ ਖਿਡਾਰੀ ਨਹੀਂ ਸੀ। ਮੈਂ ਤਾਂ ਬਸ ਫਿਟਨੈੱਸ ਲਈ ਮੈਦਾਨ 'ਤੇ ਗਿਆ ਸੀ। ਉਥੇ ਕੁਝ ਸੀਨੀਅਰ ਸਨ ਜੋ ਨੇਜ਼ਾ ਸੁੱਟ ਦਾ ਅਭਿਆਸ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਵੀ ਨੇਜ਼ਾ ਸੁੱਟਣਾ ਸ਼ੁਰੂ ਕਰ ਦਿੱਤਾ। ਉਥੋਂ ਮੇਰੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਮੈਂ ਇਸ ਵਿਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਸਭ ਠੀਕ ਹੁੰਦਾ ਚਲਿਆ ਗਿਆ ਤਾਂ ਇਹ ਮੇਰੇ ਜੀਵਨ ਦਾ ਹਿੱਸਾ ਬਣ ਗਿਆ।

-ਇੰਨੀ ਘੱਟ ਉਮਰ ਵਿਚ ਤੁਹਾਡੇ ਕਾਫੀ ਪ੍ਰਸ਼ੰਸਕ ਹੋ ਗਏ ਹਨ। ਆਪਣੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੋਗੇ?

-ਇਕ ਖਿਡਾਰੀ ਨੂੰ ਅੱਗੇ ਲਿਜਾਣ ਵਿਚ ਉਸ ਦੇ ਪ੍ਰਸ਼ੰਸਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪ੍ਰਸ਼ੰਸਕਾਂ ਦਾ ਖਿਡਾਰੀਆਂ ਵਿਚ ਕਾਫੀ ਵਿਸ਼ਵਾਸ ਹੁੰਦਾ ਹੈ ਤੇ ਉਹ ਸਾਨੂੰ ਹੌਸਲਾ ਦਿੰਦੇ ਹਨ। ਉਹ ਜਦ ਕਹਿੰਦੇ ਹਨ ਕਿ ਸਾਨੂੰ ਤੁਹਾਡੇ 'ਤੇ ਮਾਣ ਹੈ ਤਾਂ ਅਸੀਂ ਉਤਸ਼ਾਹਿਤ ਹੁੰਦੇ ਹਾਂ ਤੇ ਸਾਡੇ ਅੰਦਰ ਵੀ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ 'ਤੇ ਇਵੇਂ ਹੀ ਵਿਸ਼ਵਾਸ ਬਣਾਈ ਰੱਖੋ ਤੇ ਸਾਡਾ ਹੌਸਲਾ ਵਧਾਉਂਦੇ ਰਹੋ।

----

ਸੁਨਹਿਰੀ ਯਾਦਾਂ

ਏਸ਼ੀਅਨ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਸੀ ਸ਼ਾਨਦਾਰ : ਵਿਜੇ ਸਿੰਘ

ਜਦ ਵੀ ਵੱਡੇ ਖੇਡ ਮੁਕਾਬਲੇ ਹੁੰਦੇ ਹਨ ਤਾਂ ਭਾਰਤ ਨੂੰ ਸਭ ਤੋਂ ਜ਼ਿਆਦਾ ਮੈਡਲ ਅਕਸਰ ਐਥਲੈਟਿਕਸ ਵਿਚ ਮਿਲਦੇ ਹਨ ਪਰ ਐਥਲੈਟਿਕਸ ਵਿਚ ਡੇਕਾਥਲਨ ਇਕ ਅਜਿਹੀ ਖੇਡ ਹੈ ਜਿਸ ਵਿਚ ਏਸ਼ੀਅਨ ਖੇਡਾਂ ਵਿਚ ਭਾਰਤ ਦਾ ਰਿਕਾਰਡ ਕੁਝ ਖ਼ਾਸ ਨਹੀਂ ਹੈ। ਭਾਰਤ ਨੇ ਏਸ਼ੀਅਨ ਖੇਡਾਂ ਵਿਚ ਐਥਲੈਟਿਕਸ ਵਿਚ ਸਿਰਫ਼ ਛੇ ਮੈਡਲ ਜਿੱਤੇ ਹਨ ਤੇ ਇਨ੍ਹਾਂ ਵਿਚ ਗੋਲਡ ਸਿਰਫ਼ ਦੋ ਹਨ। ਇੰਨਾ ਹੀ ਨਹੀਂ, ਇਸ ਖੇਡ ਵਿਚ ਭਾਰਤ ਨੂੰ ਪਿਛਲੀ ਵਾਰ ਸਫ਼ਲਤਾ 1974 ਦੇ ਈਰਾਨ ਦੇ ਤਿਹਰਾਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਮਿਲੀ ਸੀ। ਤਦ ਭਾਰਤ ਨੂੰ ਵਿਜੇ ਸਿੰਘ ਚੋਹਾਨ ਨੇ ਗੋਲਡ ਤੇ ਸੁਰੇਸ਼ ਬਾਬੂ ਨੇ ਕਾਂਸੇ ਦਾ ਮੈਡਲ ਦਿਵਿਆਇਆ ਸੀ। ਉਸ ਤੋਂ ਬਾਅਦ ਭਾਰਤ ਵੱਲੋਂ ਡੇਕਾਥਲਨ ਵਿਚ ਕਿਸੇ ਐਥਲੀਟ ਨੇ ਜਾਂ ਤਾਂ ਹਿੱਸਾ ਲਿਆ ਹੀ ਨਹੀਂ ਅਤੇ ਜੇ ਲਿਆ ਵੀ ਤਾਂ ਮੈਡਲ ਆਇਆ ਹੀ ਨਹੀਂ। ਤਿਹਰਾਨ ਏਸ਼ੀਅਨ ਖੇਡਾਂ ਦੇ ਗੋਲਡ ਮੈਡਲ ਹਾਸਿਲ ਵਿਜੇ ਸਿੰਘ ਚੌਹਾਨ ਨਾਲ ਉਮੇਸ਼ ਰਾਜਪੂਤ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :-

-ਸਭ ਤੋਂ ਪਹਿਲਾਂ ਇਹ ਦੱਸੋ ਕਿ ਡੇਕਾਥਲਨ ਵਿਚ ਕਿਹੋ ਜਿਹੀ ਚੁਣੌਤੀ ਹੁੰਦੀ ਹੈ?

-ਡੇਕਾਥਲਨ ਵਿਚ ਐਥਲੈਟਿਕਸ ਦੇ 10 ਮੁਕਾਬਲੇ ਹੁੰਦੇ ਹਨ, ਜੋ ਪੰਜ-ਪੰਜ ਦੀ ਗਿਣਤੀ ਵਿਚ ਦੋ ਦਿਨ ਹੁੰਦੇ ਹਨ। ਇਨ੍ਹਾਂ ਵਿਚ ਪਹਿਲੇ ਦਿਨ ਯਮਵਾਰ 100 ਮੀਟਰ ਦੌੜ, ਲਾਂਗ ਜੰਪ, ਸ਼ਾਟ ਪੁਟ, ਹਾਈ ਜੰਪ ਤੇ ਫਿਰ 400 ਮੀਟਰ ਦੌੜ, ਹੁੰਦੀ ਹੈ। ਦੂਜੇ ਦਿਨ ਯਮਵਾਰ 110 ਮੀਟਰ ਅੜਿੱਕਾ ਦੌੜ, ਚੱਕਾ ਸੁੱਟ, ਪੋਲ ਵਾਲਟ, ਨੇਜ਼ਾ ਸੁੱਟ ਤੇ ਆਖ਼ਰ ਵਿਚ 1500 ਮੀਟਰ ਦੌੜ ਹੁੰਦੀ ਹੈ। ਇਨ੍ਹਾਂ ਵਿਚ ਹਰ ਮੁਕਾਬਲੇ ਦੇ ਆਧਾਰ 'ਤੇ ਅੰਕ ਮਿਲਦੇ ਹਨ ਤੇ ਸਾਰਿਆਂ ਦੇ ਅੰਕ ਮਿਲਾ ਕੇ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੇ ਨੂੰ ਜੇਤੂ ਐਲਾਨਿਆ ਜਾਂਦਾ ਹੈ। ਡੇਕਾਥਲਨ ਦੇ ਮੁਕਾਬਲੇ ਇਕ ਵਾਰ ਸ਼ੁਰੂ ਹੋ ਜਾਂਦੇ ਹਨ ਤਾਂ ਫਿਰ ਚਾਹੇ ਕਿੰਨੀ ਵੀ ਹਨੇਰੀ ਜਾਂ ਤੂਫ਼ਾਨ ਜਾਂ ਬਾਰਿਸ਼ ਹੋਵੇ, ਕਿਸੇ ਵੀ ਹਾਲਤ ਵਿਚ ਰੁਕਦੇ ਨਹੀਂ ਹਨ।

-ਡੇਕਾਥਲਨ ਦੇ ਖਿਡਾਰੀ 'ਚ ਕੀ-ਕੀ ਯੋਗਤਾ ਹੋਣੀ ਚਾਹੀਦੀ ਹੈ?

-ਇਹ ਕਾਫੀ ਮੁਸ਼ਕਿਲ ਖੇਡ ਹੈ। ਇਸ ਵਿਚ ਉਹੀ ਖਿਡਾਰੀ ਸਫ਼ਲ ਹੋ ਸਕਦਾ ਹੈ ਜਿਸ ਅੰਦਰ ਰਫ਼ਤਾਰ, ਧੀਰਜ, ਤਾਕਤ, ਸਹਿਣ ਸ਼ਕਤੀ ਤੇ ਲਚਕੀਲਾਪਨ ਹੋਵੇ। ਨਾਲ ਹੀ ਉਸ ਨੂੰ ਤਕਨੀਕ ਦੀ ਵੀ ਜਾਣਕਾਰੀ ਹੋਵੇ।

-ਤਿਹਰਾਨ ਦਾ ਤੁਹਾਡਾ ਸੁਨਹਿਰਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?

-ਤਿਹਰਾਨ ਏਸ਼ੀਅਨ ਖੇਡਾਂ ਦੇ ਪਹਿਲੇ ਅੱਠ ਦਿਨ ਤਕ ਭਾਰਤ ਨੇ ਕੋਈ ਵੀ ਮੈਡਲ ਨਹੀਂ ਜਿੱਤਿਆ ਸੀ। ਉਸ ਤੋਂ ਬਾਅਦ ਮੇਰੇ ਗੋਲਡ ਮੈਡਲ ਨਾਲ ਨਾ ਸਿਰਫ਼ ਭਾਰਤ ਦੇ ਮੈਡਲਾਂ ਦਾ ਖਾਤਾ ਖੁੱਲਿ੍ਹਆ, ਬਲਕਿ ਮੈਂ ਨਵਾਂ ਏਸ਼ਿਆਈ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ। ਪਹਿਲੇ ਨੌਂ ਮੁਕਾਬਲਿਆਂ ਤਕ ਪਿਛਲੇ ਏਸ਼ੀਅਨ ਖੇਡਾਂ ਦੇ ਗੋਲਡ ਜੇਤੂ ਜਾਪਾਨ ਦੇ ਓਜੀਨੁਕਾ ਅੰਕਾਂ ਦੇ ਆਧਾਰ 'ਤੇ ਮੇਰੇ ਤੋਂ ਅੱਗੇ ਚੱਲ ਰਹੇ ਸਨ। ਆਖ਼ਰੀ ਮੁਕਾਬਲਾ 1500 ਮੀਟਰ ਦਾ ਸੀ ਪਰ ਮੈਨੂੰ ਗੋਲਡ ਮੈਡਲ ਜਿੱਤਣ ਲਈ ਓਜੀਨੁਕਾ ਤੋਂ ਘੱਟੋ ਘੱਟ 80 ਮੀਟਰ ਅੱਗੇ ਰਹਿੰਦੇ ਹੋਏ ਗੋਲਡ ਜਿੱਤਣਾ ਸੀ। ਜਦ 800 ਮੀਟਰ ਪੂਰੇ ਹੋ ਚੁੱਕੇ ਸਨ ਤਦ ਮੈਂ ਓਜੀਨੁਕਾ ਤੋਂ 30 ਮੀਟਰ ਅੱਗੇ ਸੀ ਤਦ ਮੈਂ ਸੋਚਿਆ ਕਿ ਮੈਂ ਜਾਂ ਤਾਂ ਗੋਲਡ ਜਿੱਤਣਾ ਹੈ ਜਾਂ ਦੌੜਦੇ ਦੌੜਦੇ ਇੱਥੇ ਦਮ ਤੋੜ ਦੇਣਾ ਹੈ। ਫਿਰ ਮੈਂ ਪੂਰਾ ਜ਼ੋਰ ਲਾ ਦਿੱਤਾ ਤੇ ਜਦ ਮੈਂ ਦੌੜ ਸਮਾਪਤ ਕੀਤੀ ਤਾਂ ਮੈਂ ਓਜੀਨੁਕਾ ਤੋਂ 150 ਮੀਟਰ ਅੱਗੇ ਸੀ। ਮੈਨੂੰ ਏਸ਼ੀਆ ਦਾ ਸਰਬੋਤਮ ਐਥਲੀਟ ਐਲਾਨਿਆ ਗਿਆ।

-ਇਸ ਗੱਲ ਵਿਚ ਕਿੰਨੀ ਸੱਚਾਈ ਹੈ ਕਿ ਤੁਹਾਡੇ ਬੂਟ ਫਟ ਗਏ ਸਨ ਤੇ ਤੁਸੀਂ ਸ਼ੁਰੂਆਤੀ ਕੁਝ ਦਿਨ ਬਿਨਾਂ ਬੂਟਾਂ ਦੇ ਅਭਿਆਸ ਕੀਤਾ?

-ਉਸ ਸਮੇਂ ਸਾਨੂੰ ਇਕ ਡਾਲਰ ਰੋਜ਼ਾਨਾ ਦੇ ਹਿਸਾਬ ਨਾਲ ਜੇਬ ਖ਼ਰਚ ਮਿਲਦਾ ਸੀ ਤੇ ਉਹ ਵੀ ਸੱਤ ਦਿਨ ਬਾਅਦ। ਜਦ ਅਸੀਂ ਤਿਹਰਾਨ ਪੁੱਜੇ ਤਾਂ ਅਭਿਆਸ ਦੌਰਾਨ ਮੇਰੇ ਬੂਟ ਫਟ ਗਏ। ਨਵੇਂ ਬੂਟ ਖਰੀਦਣ ਲਈ ਪੈਸੇ ਨਹੀਂ ਸਨ। ਇਸ ਲਈ ਮੈਨੂੰ ਤਿੰਨ ਦਿਨਾਂ ਤਕ ਬਿਨਾਂ ਬੂਟਾ ਦੇ ਅਭਿਆਸ ਕਰਨਾ ਪਿਆ। ਸੱਤ ਦਿਨ ਬਾਅਦ ਜਦ ਜੇਬ ਖ਼ਰਚ ਮਿਲਿਆ ਤਾਂ ਮੈਨੂੰ ਕੁਸੁਮ ਚਟਵਾਲ ਤੇ ਸੁਰੇਸ਼ ਬਾਬੂ ਨੇ ਆਪੋ-ਆਪਣੇ ਸੱਤ ਡਾਲਰ ਵੀ ਦਿੱਤੇ ਤੇ ਮੈਂ 21 ਡਾਲਰ ਵਿਚ ਆਪਣੇ ਲਈ ਨਵੇਂ ਬੂਟ ਖ਼ਰੀਦੇ।

-ਤਿਹਰਾਨ ਤੋਂ ਭਾਰਤ ਮੁੜਨ 'ਤੇ ਕਿਵੇਂ ਸਵਾਗਤ ਹੋਇਆ ਸੀ?

-ਜਦ ਮੈਂ ਗੋਲਡ ਮੈਡਲ ਜਿੱਤਿਆ ਤਾਂ ਤਿਹਰਾਨ ਦੇ ਗੁਰਦੁਆਰੇ ਵੱਲੋਂ ਲਗਪਗ 20 ਹਜ਼ਾਰ ਡਾਲਰ ਇਕੱਠੇ ਕਰ ਕੇ ਦਿੱਤੇ ਗਏ ਪਰ ਉਸ ਸਮੇਂ ਇਕ ਖੇਡ ਅਧਿਕਾਰੀ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਲੈ ਲਿਆ ਕਿ ਭਾਰਤ ਪੁੱਜਣ 'ਤੇ ਅਧਿਕਾਰਕ ਐਲਾਨ ਹੋਣ ਤੋਂ ਬਾਅਦ ਇਸ ਰਕਮ ਨੂੰ ਤੈਨੂੰ ਦਿੱਤਾ ਜਾਵੇਗਾ। ਜਦ ਅਸੀਂ ਦਿੱਲੀ ਏਅਰਪੋਰਟ ਉਤਰੇ ਤਾਂ ਸਵਾਗਤ ਲਈ ਲਗਪਗ 200 ਲੋਕ ਮੌਜੂਦ ਸਨ। ਸਵਾਗਤ ਸਮਾਪਤ ਹੋਇਆ ਤਾਂ ਸਾਰੇ ਲੋਕ ਜਾ ਚੁੱਕੇ ਸਨ। ਮੇਰੇ ਕੋਲ ਏਅਰ ਪੋਰਟ ਤੋਂ ਦਿੱਲੀ ਸ਼ਹਿਰ ਪੁੱਜਣ ਦਾ ਕਿਰਾਇਆ ਵੀ ਨਹੀਂ ਸੀ। ਮੈਂ ਦੇਖਿਆ ਕਿ ਕੁਸੁਮ ਚਟਵਾਲ ਵੀ ਉਥੇ ਮੌਜੂਦ ਸੀ ਪਰ ਉਨ੍ਹਾਂ ਦੇ ਕੋਲ ਵੀ ਪੈਸੇ ਨਹੀਂ ਸਨ। ਉਹ ਦਿੱਲੀ ਵਿਚ ਹੀ ਰਹਿੰਦੀ ਸੀ ਤਦ ਅਸੀਂ ਦੋਵਾਂ ਨੇ ਇਕ ਟੈਕਸੀ ਲਈ ਤੇ ਉਨ੍ਹਾਂ ਦੇ ਘਰ ਪੁੱਜੇ। ਉਹ ਘਰੋਂ ਪੈਸੇ ਲਿਆਈ ਤੇ ਫਿਰ ਅਸੀਂ ਟੈਕਸੀ ਦਾ ਕਿਰਾਇਆ ਦਿੱਤਾ। ਸਥਿਤੀ ਅਜਿਹੀ ਸੀ ਕਿ ਮੈਂ ਏਸ਼ਿਆਈ ਰਿਕਾਡਰ ਬਣਾਇਆ, ਗੋਲਡ ਮੈਡਲ ਜਿੱਤਿਆ। ਸਰਬੋਤਮ ਐਥਲੀਟ ਚੁਣਿਆ ਗਿਆ, ਪਰ ਘਰ ਮੁੜਨ ਲਈ ਮੇਰੇ ਕੋਲ ਪੈਸੇ ਨਹੀਂ ਸਨ। ਫਿਰ ਵੀ ਸਾਨੂੰ ਖੇਡ ਨਾਲ ਲਗਾਵ ਸੀ ਕਿਉਂਕਿ ਸਾਡੇ ਅੰਦਰ ਦੇਸ਼ ਲਈ ਖੇਡਣ ਦਾ ਜਜ਼ਬਾ ਸੀ।

-ਤੁਹਾਡੇ ਦੌਰ 'ਚ ਤੇ ਅੱਜ ਦੇ ਦੌਰ ਵਿਚ ਕੀ ਫ਼ਰਕ ਦਿਖਾਈ ਦਿੰਦਾ ਹੈ?

-ਸਮੇਂ ਨਾਲ ਤਬਦੀਲੀ ਹੋਣੀ ਚੰਗੀ ਹੁੰਦੀ ਹੈ। ਹੁਣ ਖੇਡ ਦੀ ਚੰਗੀ ਮਸ਼ੀਨਰੀ ਮਿਲਦੀ ਹੈ, ਸਿੰਥੈਟਿਕ ਟਰੈਕ ਹਨ, ਖਾਣਾ ਚੰਗਾ ਹੈ, ਕੋਚਿੰਗ ਚੰਗੀ ਹੈ, ਵਿਦੇਸ਼ ਵਿਚ ਅਭਿਆਸ ਤੇ ਇਲਾਜ ਲਈ ਭੇਜਿਆ ਜਾਂਦਾ ਹੈ, ਇਸ ਦੇ ਬਾਵਜੂਦ ਖਿਡਾਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਆ ਗਈ ਹੈ। ਨਵੇਂ ਲੜਕੇ ਆਪਣੇ ਲਈ ਖੇਡਦੇ ਹਨ। ਉਨ੍ਹਾਂ ਅੰਦਰ ਦੇਸ਼ ਲਈ ਖੇਡਣ ਦੀ ਭਾਵਨਾ ਸਮਾਪਤ ਹੁੰਦੀ ਜਾ ਰਹੀ ਹੈ। ਕੁਝ ਲੋਕ ਸ਼ਾਰਟ ਕੱਟ ਸਫ਼ਲਤਾ ਹਾਸਿਲ ਕਰਨ ਲਈ ਡੋਪਿੰਗ ਦਾ ਸਹਾਰਾ ਲੈਂਦੇ ਹਨ।

-ਇਸ ਵਾਰ ਐਥਲੈਟਿਕਸ ਵਿਚ ਕਿੰਨੇ ਮੈਡਲਾਂ ਦੀ ਉਮੀਦ ਕਰ ਰਹੇ ਹੋ?

-ਮੈਨੂੰ ਲਗਦਾ ਹੈ ਕਿ ਐਥਲੈਟਿਕਸ ਵਿਚ ਭਾਰਤ 15 ਮੈਡਲ ਤਾਂ ਜ਼ਰੂਰ ਜਿੱਤੇਗਾ। ਨੇਜ਼ਾ ਸੁੱਟ 'ਚ ਨਰੀਜ ਚੋਪੜਾ ਨੂੰ ਗੋਲਡ ਤਾਂ ਮਿਲੇਗਾ ਹੀ ਮਿਲੇਗਾ। ਸੁਧਾ ਸਿੰਘ ਤੋਂ ਵੀ ਮੈਨੂੰ ਗੋਲਡ ਦੀ ਉਮੀਦ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: asian games