ਨੀਰਜ ਹੋਣਗੇ ਏਸ਼ੀਅਨ ਖੇਡਾਂ 'ਚ ਭਾਰਤੀ ਝੰਡਾ ਬਰਦਾਰ

Updated on: Fri, 10 Aug 2018 06:29 PM (IST)
  

-ਆਈਓਏ ਨੇ ਏਸ਼ੀਅਨ ਖੇਡਾਂ ਦੇ ਰਵਾਨਗੀ ਸਮਾਗਮ 'ਚ ਕੀਤਾ ਐਲਾਨ

ਨਵੀਂ ਦਿੱਲੀ (ਜੇਐੱਨਐੱਨ) : ਦੇਸ਼ ਦੇ ਸਟਾਰ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੂੰ 18 ਅਗਸਤ ਨੂੰ ਜਕਾਰਤਾ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਉਦਘਾਟਨੀ ਸਮਾਗਮ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਦਾ ਝੰਡਾ ਬਰਦਾਰ ਚੁਣਿਆ ਗਿਆ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਟੀਮ ਲਈ ਕਰਵਾਏ ਰਵਾਨਗੀ ਸਮਾਗਮ ਦੌਰਾਨ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।

ਏਸ਼ੀਅਨ ਖੇਡਾਂ 18 ਅਗਸਤ ਤੋਂ 2 ਸਤੰਬਰ ਤਕ ਜਕਾਰਤਾ ਤੇ ਪੋਲੇਮਬਾਂਗ ਵਿਚ ਕਰਵਾਈਆਂ ਜਾ ਰਹੀਆਂ ਹਨ। 20 ਸਾਲਾ ਨੀਰਜ ਰਾਸ਼ਟਰਮੰਡਲ ਖੇਡਾਂ ਦੇ ਮੌਜੂਦਾ ਚੈਂਪੀਅਨ ਹਨ ਤੇ ਉਨ੍ਹਾਂ ਨੇ ਪਿਛਲੇ ਮਹੀਨੇ ਫਿਨਲੈਂਡ ਵਿਚ ਸਾਵੋ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ। ਨੀਰਜ ਨੇ 2017 ਵਿਚ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 85.23 ਮੀਟਰ ਦੇ ਥ੍ਰੋਅ ਨਾਲ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਨੀਰਜ ਨੇ ਪੋਲੈਂਡ ਵਿਚ 2016 ਆਈਏਏਐੱਫ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿਚ ਵੀ ਗੋਲਡ ਹਾਸਿਲ ਕੀਤਾ ਸੀ। ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ 2014 ਏਸ਼ੀਅਨ ਖੇਡਾਂ ਵਿਚ ਭਾਰਤ ਦੇ ਝੰਡਾ ਬਰਦਾਰ ਸਨ। ਭਾਰਤੀ ਖਿਡਾਰੀਆਂ ਨੇ ਦੱਖਣੀ ਕੋਰੀਆ ਦੇ ਇੰਚੀਓਨ ਵਿਚ ਪਿਛਲੇ ਗੇੜ ਵਿਚ 11 ਗੋਲਡ, 10 ਸਿਲਵਰ ਤੇ 36 ਕਾਂਸੇ ਸਮੇਤ 57 ਮੈਡਲ ਹਾਸਿਲ ਕੀਤੇ ਸਨ। ਨੀਰਜ ਨੇ ਕਿਹਾ ਕਿ ਝੰਡਾ ਬਰਦਾਰ ਚੁਣੇ ਜਾਣ ਨਾਲ ਮੈਂ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਹ ਬਹੁਤ ਸਨਮਾਨ ਦੀ ਗੱਲ ਹੈ। ਮੈਨੂੰ ਪਹਿਲਾਂ ਇਸ ਬਾਰੇ ਨਹੀਂ ਪਤਾ ਸੀ। ਮੈਂ ਪਹਿਲੀ ਵਾਰ ਝੰਡਾ ਬਰਦਾਰ ਬਣਿਆ ਹਾਂ ਤੇ ਉਹ ਵੀ ਏਸ਼ੀਅਨ ਖੇਡਾਂ ਵਿਚ।

----

ਦੇਸੀ ਕੋਚ ਜ਼ਿਆਦਾ ਢੁੱਕਵੇਂ : ਸਰਦਾਰ ਸਿੰਘ

ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਹਾਕੀ ਖਿਡਾਰੀ ਸਰਦਾਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਰਾਸ਼ਟਰੀ ਕੋਚ ਹਰਿੰਦਰ ਸਿੰਘ ਦੀ ਬਹੁਤ ਤਾਰੀਫ਼ ਕੀਤੀ। ਹਰਿੰਦਰ ਨੂੰ ਮਈ ਵਿਚ ਕੋਚ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਮਹੀਨੇ ਭਾਰਤੀ ਹਾਕੀ ਟੀਮ ਚੈਂਪੀਅਨਜ਼ ਟਰਾਫੀ ਵਿਚ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ।

ਸਰਦਾਰ ਨੇ ਕਿਹਾ ਕਿ ਮੈਨੂੰ ਅਜੇ ਵੀ ਯਾਦ ਹੈ ਕਿ 15-16 ਸਾਲ ਪਹਿਲਾਂ ਹਰਿੰਦਰ ਭਾਜੀ ਨੇ ਮੈਨੂੰ ਰਾਸ਼ਟਰੀ ਕੈਂਪ 'ਚ ਬੁਲਾਇਆ। ਅਸੀਂ ਕਾਫੀ ਸਮਾਂ ਬਿਤਾਇਆ। ਮੈਂ ਉਨ੍ਹਾਂ ਦੇ ਅੰਡਰ ਤਦ ਵੀ ਖੇਡਿਆ ਜਦ ਉਹ 2009 ਵਿਚ ਮੁੱਖ ਕੋਚ ਜੋਸ ਬ੍ਰਾਸਾ ਦੇ ਸਹਾਇਕ ਸਨ। ਭਾਰਤੀ ਕੋਚ ਨਾਲ ਕੰਮ ਕਰਨ 'ਚ ਵੱਖ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। ਅਸੀਂ ਉਨ੍ਹਾਂ ਨਾਲ ਕੋਈ ਵੀ ਗੱਲ ਕਰ ਸਕਦੇ ਹਾਂ। ਉਹ ਵੀ ਸਾਨੂੰ ਕਦੀ ਵੀ ਸਲਾਹ ਦੇ ਸਕਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਇਕ ਸੀਨੀਅਰ ਖਿਡਾਰੀ ਵਜੋਂ ਅਸੀਂ ਪੂਰੀ ਤਰ੍ਹਾਂ ਆਪਣੀ ਖੇਡ ਨਹੀਂ ਬਦਲ ਸਕਦੇ ਹਾਂ। ਜੇ ਤੁਸੀਂ ਵਿਦੇਸ਼ੀ ਕੋਚ ਦੇ ਰਹਿੰਦੇ ਦੋ ਮਿੰਟ ਦੀ ਬ੍ਰੇਕ ਵਿਚ ਇਕ ਵੀ ਪੁਆਇੰਟ ਭੁੱਲ ਜਾਓ ਤਾਂ ਕਾਫੀ ਭੰਬਲਭੂਸਾ ਪੈਦਾ ਹੋ ਜਾਂਦਾ ਹੈ। ਮੈਚ ਦੌਰਾਨ ਕੋਚ ਤੁਹਾਨੂੰ ਬਾਹਰ ਤੋਂ ਦੇਖ ਰਿਹਾ ਹੁੰਦਾ ਹੈ ਤੇ ਉਹ ਬਾਹਰ ਤੋਂ ਤੁਹਾਨੂੰ ਆਪਣੀ ਭਾਸ਼ਾ ਵਿਚ ਦੱਸਦਾ ਹੈ। ਇੰਨੇ ਘੱਟ ਸਮੇਂ ਵਿਚ ਉਨ੍ਹਾਂ ਦੀ ਗੱਲ ਨੂੰ ਸਮਝਣਾ ਤੇ ਅਪਨਾਉਣਾ ਸੌਖਾ ਨਹੀਂ ਹੁੰਦਾ ਹੈ ਇਸ ਲਈ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: asian games