ਪਹਿਲੀ ਵਾਰ ਖ਼ਿਤਾਬ ਜਿੱਤਣ ਉਤਰਨਗੇ ਸਿੰਧੂ, ਸਾਇਨਾ ਤੇ ਸ਼੍ਰੀਕਾਂਤ

Updated on: Tue, 13 Mar 2018 06:36 PM (IST)
  

ਆਲ ਇੰਗਲੈਂਡ ਚੈਂਪੀਅਨਸ਼ਿਪ

---

'ਮੈਂ ਛੇ ਹਫ਼ਤੇ ਅਭਿਆਸ ਕੀਤਾ ਹੈ ਤੇ ਮੈਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਇਸ ਸਾਲ ਕਈ ਟੂਰਨਾਮੈਂਟ ਹਨ ਤੇ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੈ।' -ਪੀਵੀ ਸਿੰਧੂ

---

'ਤੇਈ ਜੂ ਨੇ ਪਿਛਲੇ ਸਾਲ ਕਈ ਟੂਰਨਾਮੈਂਟ ਜਿੱਤੇ ਤਾਂ ਅਜਿਹਾ ਨਹੀਂ ਹੈ ਕਿ ਸਿਰਫ਼ ਭਾਰਤੀ ਹੀ ਉਸ ਹੱਥੋਂ ਹਾਰ ਰਹੇ ਹਨ। ਉਹ ਇਸ ਸਮੇਂ ਸਰਬੋਤਮ ਖਿਡਾਰੀ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਅਸੀਂ ਉਸ ਨੂੰ ਹਰਾ ਨਹੀਂ ਸਕਦੇ।'

-ਸਾਇਨਾ ਨੇਹਵਾਲ

----

'ਆਲ ਇੰਗਲੈਂਡ ਸਭ ਤੋਂ ਵੱਕਾਰੀ ਬੈਡਮਿੰਟਨ ਟੂਰਨਾਮੈਂਟਾਂ ਵਿਚੋਂ ਇਕ ਹੈ ਜਿਸ ਦਾ 100 ਸਾਲ ਦਾ ਇਤਿਹਾਸ ਹੈ। ਪ੍ਰਕਾਸ਼ ਤੇ ਗੋਪੀਚੰਦ ਸਰ ਨੇ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਹੈ ਜੋ ਸਾਡੇ ਲਈ ਪ੍ਰੇਰਣਾ ਦਾ ਕੰਮ ਕਰੇਗਾ। ਇਸ ਤਰ੍ਹਾਂ ਖ਼ਿਤਾਬ ਜਿੱਤ ਕੇ ਹੀ ਖਿਡਾਰੀ ਮਹਾਨ ਕਹਾਉਂਦੇ ਹਨ।'

-ਕਿਦਾਂਬੀ ਸ਼੍ਰੀਕਾਂਤ

----

ਨੰਬਰ ਗੇਮ

-1980 'ਚ ਭਾਰਤ ਵੱਲੋਂ ਪ੍ਰਕਾਸ਼ ਪਾਦੂਕੋਣ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਤੋਂ ਬਾਅਦ 2001 ਵਿਚ ਪੁਲੇਲਾ ਗੋਪੀਚੰਦ ਨੇ ਇਸ ਵੱਕਾਰੀ ਖ਼ਿਤਾਬ ਨੂੰ ਆਪਣੇ ਨਾਂ ਕੀਤਾ।

---

-ਭਾਰਤ ਨੂੰ ਪੀਵੀ, ਨੇਹਵਾਲ ਤੇ ਕਿਤਾਂਬੀ ਤੋਂ ਚੰਗੇ ਪ੍ਰਦਰਸ਼ਨ ਦੀ ਆਸ

-ਓਲੰਪਿਕ ਸਿਲਵਰ ਮੈਡਲ ਜੇਤੂ ਪੀਵੀ ਦਾ ਮੁਕਾਬਲਾ ਹੋਵੇਗਾ ਚੋਚੂਵੋਂਗ ਨਾਲ

ਬਰਮਿੰਘਮ (ਪੀਟੀਆਈ) : ਸਿੰਧੂ, ਸਾਇਨਾ ਤੇ ਸ਼੍ਰੀਕਾਂਤ... ਭਾਰਤੀ ਬੈਡਮਿੰਟਨ ਸਿਤਾਰਿਆਂ ਦੀ 'ਐੱਸ' ਤਿਕੜੀ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਉਤਰੇਗੀ ਤਾਂ ਉਨ੍ਹਾਂ ਦਾ ਇਰਾਦਾ ਇਸ ਖ਼ਿਤਾਬ ਨੂੰ ਪਹਿਲੀ ਵਾਰ ਆਪਣੇ ਨਾਂ ਕਰਨ ਦਾ ਹੋਵੇਗਾ। 17 ਸਾਲ ਪਹਿਲਾਂ ਉਨ੍ਹਾਂ ਦੇ ਗੁਰੂ ਪੁਲੇਲਾ ਗੋਪੀਚੰਦ ਨੇ ਇਸ ਖ਼ਿਤਾਬ ਨੂੰ ਜਿੱਤਿਆ ਸੀ।

ਸਾਇਨਾ ਦਾ ਸਾਹਮਣਾ ਿਯੰਗ ਨਾਲ :

ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੂੰ ਪਹਿਲੇ ਗੇੜ ਵਿਚ ਆਸਾਨ ਵਿਰੋਧੀ ਮਿਲੇ ਹਨ, ਪਰ ਇਸ ਚੈਂਪੀਅਨਸ਼ਿਪ ਦਾ ਫਾਈਨਲ ਖੇਡ ਚੁੱਕੀ ਓਲੰਪਿਕ ਕਾਂਸਾ ਮੈਡਲ ਜੇਤੂ ਸਾਇਨਾ ਨੇਹਵਾਲ ਨੂੰ ਪਹਿਲੇ ਗੇੜ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇ ਮੌਜੂਦਾ ਚੈਂਪੀਅਨ ਚੀਨੀ ਤਾਇਪੇ ਦੀ ਤੇਈ ਜੂ ਿਯੰਗ ਨਾਲ ਮੁਕਾਬਲਾ ਕਰਨਾ ਹੈ। ਸਾਇਨਾ 2015 ਵਿਚ ਖ਼ਿਤਾਬ ਦੇ ਨੇੜੇ ਪੁੱਜੀ ਪਰ ਫਾਈਨਲ ਵਿਚ ਕੈਰੋਲੀਨਾ ਮਾਰਿਨ ਹੱਥੋਂ ਹਾਰ ਗਈ। ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਪਿਛਲੇ ਸਾਲ ਕੁਆਰਟਰ ਫਾਈਨਲ ਤਕ ਪੁੱਜੀ ਸੀ। ਤੇਈ ਜੂ ਦਾ ਸਾਇਨਾ ਖ਼ਿਲਾਫ਼ ਰਿਕਾਰਡ 9-5 ਦਾ ਹੈ। ਪਿਛਲੇ ਸੱਤ ਮੁਕਾਬਲਿਆਂ ਵਿਚ ਸਾਇਨਾ ਉਸ ਹੱਥੋਂ ਹਾਰ ਚੁੱਕੀ ਹੈ ਤੇ ਇਸ ਸਾਲ ਦੀ ਸ਼ੁਰੂਆਤ ਵਿਚ ਇੰਡੋਨੇਸ਼ੀਆ ਮਾਸਟਰਜ਼ ਫਾਈਨਲ ਵਿਚ ਮਿਲੀ ਹਾਰ ਉਸ ਵਿਚ ਸ਼ਾਮਿਲ ਹੈ। ਚੌਥਾ ਦਰਜਾ ਸਿੰਧੂ ਪਹਿਲੇ ਗੇੜ ਵਿਚ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਨਾਲ ਮੁਕਾਬਲਾ ਕਰੇਗੀ।

ਸ਼੍ਰੀਕਾਂਤ ਦਾ ਮੁਕਾਬਲਾ ਲੀਵਰਦੇਜ ਨਾਲ :

ਸ਼੍ਰੀਕਾਂਤ ਨੂੰ ਪਹਿਲੇ ਗੇੜ ਵਿਚ ਫਰਾਂਸ ਦੇ ਬਰਾਈਸ ਲੀਵਰਦੇਜ ਦੇ ਰੂਪ ਵਿਚ ਆਸਾਨ ਚੁਣੌਤੀ ਮਿਲੀ ਹੈ। ਗੋਪੀਚੰਦ ਦੇ ਮਾਰਗਦਰਸ਼ਨ ਵਿਚ ਭਾਰਤੀ ਬੈਡਮਿੰਟਨ ਦਾ ਇਹ ਸੁਨਹਿਰਾ ਦੌਰ ਹੈ ਤੇ ਭਾਰਤ ਕੋਲ ਕਈ ਵਿਸ਼ਵ ਪੱਧਰੀ ਖਿਡਾਰੀ ਹਨ। ਮਰਦ ਵਰਗ ਵਿਚ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਪਿਛਲੇ ਸਾਲ ਚਾਰ ਸੁਪਰ ਸੀਰੀਜ਼ ਖ਼ਿਤਾਬ ਜਿੱਤੇ ਤੇ ਉਹ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਵੀ ਖ਼ਿਤਾਬ ਦੇ ਦਾਅਵੇਦਾਰਾਂ ਵਿਚੋਂ ਹੋਣਗੇ। ਪਿਛਲੇ ਸਾਲ ਉਹ ਪਹਿਲੇ ਗੇੜ 'ਚੋਂ ਬਾਹਰ ਹੋ ਗਏ ਸਨ ਪਰ ਇਸ ਵਾਰ ਉਸ ਨਾਕਾਮੀ ਦੀ ਭਰਪਾਈ ਕਰਨ ਦਾ ਇਰਾਦਾ ਹੋਵੇਗਾ।

ਉਲਟਫੇਰ ਕਰਨ 'ਚ ਮਾਹਿਰ ਪ੍ਰਣੀਤ :

ਬੀ ਸਾਈ ਪ੍ਰਣੀਤ ਤੇ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਐੱਚਐੱਸ ਪ੍ਰਣਯ ਉਲਟਫੇਰ ਕਰਨ ਵਿਚ ਮਾਹਿਰ ਹਨ। ਪ੍ਰਣੀਤ ਦਾ ਸਾਹਮਣਾ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕੋਰੀਆ ਦੇ ਸੋਨ ਵਾਨ ਹੋ ਨਾਲ ਹੋਵੇਗਾ ਜਿਸ ਨੂੰ ਉਹ ਅਜੇ ਤਕ ਹਰਾ ਨਹੀਂ ਸਕੇ ਹਨ। ਪ੍ਰਣਯ ਦੀ ਟੱਕਰ ਅੱਠਵਾਂ ਦਰਜਾ ਚੀਨੀ ਤਾਇਪੇ ਦੇ ਚੋਊ ਤਿਏਨ ਚੇਨ ਨਾਲ ਹੋਵੇਗੀ।

ਡਬਲਜ਼ ਵਿਚ ਚਿਰਾਗ ਤੇ ਸਾਤਵਿਕਰਾਜ 'ਤੇ ਦਾਰੋਮਦਾਰ :

ਡਬਲਜ਼ ਵਿਚ ਇੰਡੋਨੇਸ਼ੀਆ ਓਪਨ ਸੈਮੀਫਾਈਨਲ ਤਕ ਪੁੱਜੇ ਚਿਰਾਗ ਸ਼ੈੱਟੀ ਤੇ ਸਾਤਵਿਕਰਾਜ ਰੈਂਕੀਰੈੱਡੀ ਦਾ ਸਾਹਮਣਾ ਜਾਪਾਨ ਦੇ ਤਾਕੁਰੋ ਹੋਕੀ ਤੇ ਯੂਗੋ ਕੋਬਾਯਾਸ਼ੀ ਨਾਲ ਹੋਵੇਗਾ। ਮਨੂ ਅੱਤਰੀ ਤੇ ਬੀ ਸੁਮਿਤ ਰੈੱਡੀ ਪਹਿਲੇ ਗੇੜ ਵਿਚ ਮਾਰਕਸ ਏਲਿਸ ਤੇ ਿਯਸ ਲੈਂਗਰਿਜ ਨਾਲ ਖੇਡਣਗੇ। ਮਹਿਲਾ ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਟੱਕਰ ਦੂਜਾ ਦਰਜਾ ਜੋੜੀ ਜਾਪਾਨ ਦੀ ਮਿਸਾਕੀ ਮਤਸੂਮੋ ਤੇ ਅਯਾਕਾ ਤਾਕਾਹਾਸ਼ੀ ਨਾਲ ਹੋਵੇਗੀ। ਮਿਕਸਡ ਡਬਲਜ਼ ਵਿਚ ਪ੍ਰਣਵ ਜੇਰੀ ਚੋਪੜਾ ਤੇ ਸਿੱਕੀ ਦਾ ਸਾਹਮਣਾ ਜਰਮਨੀ ਦੇ ਮਾਰਵਿਨ ਏਮਿਲ ਐੱਸ ਤੇ ਲਿੰਡਾ ਐੱਫਲੇਰ ਨਾਲ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: All England