ਪਹਿਲੇ ਦਿਨ ਹੀ ਭਾਰਤ ਨੇ ਜਿੱਤੇ ਪੰਜ ਮੈਡਲ

Updated on: Fri, 08 Dec 2017 06:30 PM (IST)
  

-ਏਸ਼ੀਆ ਏਅਰਗਨ ਚੈਂਪੀਅਨਸ਼ਿਪ 'ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਜਾਪਾਨ ਦੇ ਵਾਕੋ ਸ਼ਹਿਰ 'ਚ ਚੱਲ ਰਹੀ 10ਵੀਂ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ 'ਚ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਪਹਿਲੇ ਹੀ ਦਿਨ ਪੰਜ ਮੈਡਲ ਹਾਸਿਲ ਕੀਤੇ। ਭਾਰਤ ਦੇ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਦੇਸ਼ ਦੇ ਸੱਤ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਨਾਲ ਨਿੱਜੀ ਮੁਕਾਬਲੇ ਦੇ ਫਾਈਨਲ ਤਕ ਵੀ ਪੁੱਜੇ। ਵਾਕੋ ਸ਼ਹਿਰ ਦੀ ਅਸਾਕਾ ਸ਼ੂਟਿੰਗ ਰੇਂਜ 'ਚ ਚੱਲ ਰਹੀ ਚੈਂਪੀਅਨਸ਼ਿਪ 'ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ੁੱਕਰਵਾਰ ਨੂੰ ਕਮਾਲ ਦੀ ਸ਼ੁਰੂਆਤ ਕੀਤੀ। ਇਸੇ ਰੇਂਜ 'ਚ ਟੋਕੀਓ ਓਲੰਪਿਕ 2020 ਚੈਂਪੀਅਨਸ਼ਿਪ ਵੀ ਕਰਵਾਈ ਜਾਣੀ ਹੈ ਇਸ ਕਾਰਨ ਭਾਰਤੀ ਖੇਮੇ ਲਈ ਇਹ ਕਾਫੀ ਸਕਾਰਾਤਮਕ ਪ੍ਰਦਰਸ਼ਨ ਹੈ।

ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਰਵੀ ਕੁਮਾਰ ਨੇ ਕਾਂਸੇ ਦਾ ਮੈਡਲ ਜਦਕਿ ਅਰਜੁਨ ਬਬੂਤਾ ਨੇ ਜੂਨੀਅਰ ਮਰਦ ਮੁਕਾਬਲੇ 'ਚ ਸਿਲਵਰ ਮੈਡਲ ਹਾਸਿਲ ਕੀਤਾ। ਭਾਰਤ ਨੇ ਤਿੰਨ ਸਿਲਵਰ ਮੈਡਲ ਤਿੰਨ ਏਅਰ ਰਾਈਫਲ ਟੀਮ ਮੁਕਾਬਲਿਆਂ ਵਿਚ ਹਾਸਿਲ ਕੀਤੇ। ਇਸ ਤੋਂ ਇਲਾਵਾ ਸੱਤ ਭਾਰਤੀ ਖਿਡਾਰੀ ਨਿੱਜੀ ਮੁਕਾਬਲਿਆਂ ਦੇ ਫਾਈਨਲ ਤਕ ਵੀ ਪੁੱਜੇ। ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ 60 ਸ਼ਾਟ ਤੋਂ ਬਾਅਦ 627.5 ਦਾ ਸਕੋਰ ਕੀਤਾ ਤੇ ਅੱਠ ਫਾਈਨਲਿਸਟਾਂ 'ਚੋਂ ਚੌਥੇ ਸਥਾਨ 'ਤੇ ਰਹੇ। ਰਵੀ ਕੁਮਾਰ 624.6 ਦੇ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੇ ਜਦਕਿ ਸਾਬਕਾ ਓਲੰਪਿਕ ਕਾਂਸਾ ਮੈਡਲ ਜੇਤੂ ਗਗਨ ਨਾਰੰਗ ਨੇ ਵੀ ਲੰਬੇ ਸਮੇਂ ਤੋਂ ਬਾਅਦ ਚੰਗੇ ਪ੍ਰਦਰਸ਼ਨ ਨਾਲ ਵਾਪਸੀ ਕੀਤੀ ਤੇ 624.5 ਦੇ ਸਕੋਰ ਨਾਲ ਫਾਈਨਲ 'ਚ ਸੱਤਵੇਂ ਸਥਾਨ 'ਤੇ ਰਹੇ। ਫਾਈਨਲ 'ਚ ਭਾਰਤ ਦੇ ਰਵੀ ਨੇ ਚੀਨ ਦੇ ਸੋਂਗ ਬੁਹਾਨ ਨਾਲ ਮਜ਼ਬੂਤ ਸ਼ੁਰੂਆਤ ਕੀਤੀ ਸੀ ਪਰ ਫਿਰ 24 ਸ਼ਾਟ ਦੇ ਫਾਈਨਲ 'ਚ 10ਵਾਂ ਸ਼ਾਟ ਲਾਉਣ ਨਾਲ ਸੋਂਗ ਤੇ ਉਨ੍ਹਾਂ ਦੇ ਹਮਵਤਨ ਕਾਓ ਨੇ ਬੜ੍ਹਤ ਬਣਾ ਲਈ ਤੇ ਰਵੀ ਤੀਜੇ ਸਥਾਨ 'ਤੇ ਖ਼ਿਸਕ ਗਏ ਅਤੇ ਆਖ਼ਰ ਤਕ ਇਸੇ ਸਥਾਨ 'ਤੇ ਰਹੇ। ਹੋਰ ਭਾਰਤੀ ਦੀਪਕ ਹਾਲਾਂਕਿ 185 ਦੇ ਸਕੋਰ ਨਾਲ ਪੰਜਵੇਂ ਨੰਬਰ 'ਤੇ ਖਿਸਕ ਗਏ। ਸੋਂਗ ਨੇ 250.2 ਦੇ ਸਕੋਰ ਨਾਲ ਗੋਲਡ ਜਿੱਤਿਆ ਜਦਕਿ ਕਾਓ ਨੇ 248.6 ਦਾ ਸਕੋਰ ਕਰ ਕੇ ਸਿਲਵਰ ਮੈਡਲ 'ਤੇ ਕਬਜ਼ਾ ਕੀਤਾ। ਇਸ ਸਾਲ ਤਿੰਨ ਆਈਐੱਸਐੱਸਐੱਫ ਫਾਈਨਲਜ਼ 'ਚ ਪੁੱਜਣ ਦੇ ਬਾਵਜੂਦ ਮੈਡਲ ਤੋਂ ਖੁੰਝੇ ਭਾਰਤੀ ਨਿਸ਼ਾਨੇਬਾਜ਼ ਰਵੀ ਨੇ ਆਖ਼ਰ ਕਾਂਸੇ ਦੇ ਰੂਪ ਵਿਚ ਮੈਡਲ ਜਿੱਤਿਆ। ਉਨ੍ਹਾਂ ਨੇ 225.7 ਦਾ ਸਕੋਰ ਕੀਤਾ। ਗਗਨ ਨੇ ਫਾਈਨਲ 'ਚ ਚੰਗੀ ਲੈਅ ਦਿਖਾਈ ਅਤੇ 205.6 ਦੇ ਸਕੋਰ ਨਾਲ ਚੌਥੇ ਨੰਬਰ 'ਤੇ ਰਹੇ। ਭਾਰਤ ਦੀ ਇਸ ਤਿਕੜੀ ਨੇ ਟੀਮ ਮੁਕਾਬਲੇ 'ਚ ਸਿਲਵਰ ਮੈਡਲ ਦਿਵਾਇਆ। ਭਾਰਤੀ ਟੀਮ ਨੇ ਕੁੱਲ 1876.6 ਦਾ ਸਕੋਰ ਕੀਤਾ ਤੇ ਦੂਜੇ ਸਥਾਨ 'ਤੇ ਰਹੀ। ਚੀਨ ਨੇ ਸਭ ਤੋਂ ਜ਼ਿਆਦਾ 1885.9 ਦਾ ਸਕੋਰ ਕਰ ਕੇ ਗੋਲਡ ਤੇ ਜਾਪਾਨ ਨੇ 1866.7 ਦਾ ਸਕੋਰ ਕਰਕੇ ਟੀਮ ਮੁਕਾਬਲੇ ਦਾ ਕਾਂਸਾ ਜਿੱਤਿਆ। ਜੂਨੀਅਰ ਮਰਦ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਅਰਜੁਨ ਨੇ ਸਿਲਵਰ ਮੈਡਲ ਜਿੱਤਿਆ। ਪਿਛਲੇ ਸਾਲ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਵਿਚ ਕਾਂਸਾ ਜਿੱਤਣ ਵਾਲੇ ਨੌਜਵਾਨ ਨਿਸ਼ਾਨੇਬਾਜ਼ ਨੇ ਗੋਲਡ ਜੇਤੂ ਚੀਨ ਦੇ ਸਟਾਰ ਖਿਡਾਰੀ ਯੁਕੁਨ ਲਿਊ ਨੂੰ ਸਖ਼ਤ ਟੱਕਰ ਦਿੱਤੀ ਤੇ ਉਨ੍ਹਾਂ ਤੋਂ ਸਿਰਫ 0.1 ਅੰਕ ਹੀ ਪਿੱਛੇ ਰਹੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Airgun championship