ਸ੍ਰੀਨਗਰ 'ਚ 27 ਘੰਟੇ ਚੱਲਿਆ ਮੁਕਾਬਲਾ, ਦੋਵੇਂ ਅੱਤਵਾਦੀ ਢੇਰ

Updated on: Tue, 13 Feb 2018 08:53 PM (IST)
  

ਮਾਰੇ ਗਏ ਦਹਿਸ਼ਤਗਰਦਾਂ ਦੇ ਪਾਕਿਸਤਾਨੀ ਹੋਣ ਦਾ ਸ਼ੱਕ

ਮੁਕਾਬਲੇ 'ਚ ਇਕ ਸੀਆਰਪੀਐੱਫ ਜਵਾਨ ਸ਼ਹੀਦ ਤੇ ਇਕ ਹੋ ਗਿਆ ਸੀ ਜ਼ਖ਼ਮੀ

ਜੇਐੱਨਐੱਨ, ਸ੍ਰੀਨਗਰ : ਜੰਮੂ ਕਸ਼ਮੀਰ ਦੀ ਸਰਦੀਆਂ ਦੀ ਰਾਜਧਾਨੀ ਸ੍ਰੀਨਗਰ ਦੇ ਕਰਨ ਨਗਰ 'ਚ ਸੋਮਵਾਰ ਨੂੰ ਸ਼ੁਰੂ ਹੋਇਆ ਮੁਕਾਬਲਾ ਕਰੀਬ 27 ਘੰਟਿਆਂ ਬਾਅਦ ਮੰਗਲਵਾਰ ਦੁਪਹਿਰ ਨੂੰ ਲਸ਼ਕਰ ਦੇ ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਦੇ ਨਾਲ ਹੀ ਖ਼ਤਮ ਹੋ ਗਿਆ। ਮਾਰੇ ਗਏ ਅੱਤਵਾਦੀਆਂ ਦੇ ਪਾਕਿਸਤਾਨੀ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕੋਲੋਂ ਦੋ ਐਸਾਲਟ ਰਾਈਫਲਾਂ, ਅੱਠ ਮੈਗਜ਼ੀਨ ਤੇ ਲਸ਼ਕਰ ਦਾ ਸਾਹਿਤ ਮਿਲਿਆ ਹੈ। ਇਸ ਮੁਕਾਬਲੇ 'ਚ ਸੀਆਰਪੀਐੱਫ ਦਾ ਇਕ ਜਵਾਨ ਮੁਜ਼ਾਹਿਦ ਖ਼ਾਨ ਸ਼ਹੀਦ ਤੇ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ ਸੀ।

ਸੋਮਵਾਰ ਤੜਕੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਦੋ ਅੱਤਵਾਦੀਆਂ ਨੇ ਕਰਨ ਨਗਰ ਸਥਿਤ ਸੀਆਰਪੀਐੱਫ ਦੀ 23ਵੀਂ ਰੈਜੀਮੈਂਟ ਦੇ ਹੈੱਡਕੁਆਰਟਰ 'ਤੇ ਹਮਲੇ ਦਾ ਯਤਨ ਕੀਤਾ ਸੀ, ਪਰ ਚੌਕਸ ਸੰਤਰੀ ਦੀ ਫ਼ੌਰੀ ਕਾਰਵਾਈ 'ਤੇ ਅੱਤਵਾਦੀਆਂ ਨੂੰ ਭੱਜਣਾ ਪਿਆ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਜਦੋਂ ਆਲੇ-ਦੁਆਲੇ ਤਲਾਸ਼ੀ ਲਈ ਤਾਂ ਰੈਜੀਮੈਂਟ ਹੈੱਡਕੁਆਰਟਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਇਕ ਇਮਾਰਤ 'ਚ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਇਸ 'ਚ ਇਕ ਜਵਾਨ ਸ਼ਹੀਦ ਹੋ ਗਿਆ। ਹੋਰ ਜਵਾਨਾਂ ਨੇ ਆਪਣੀ ਪੁਜ਼ੀਸ਼ਨ ਲੈ ਲਈ ਤੇ ਜਵਾਬੀ ਫਾਇਰ ਕੀਤਾ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ 'ਤੇ ਮੌਜੂਦ ਇਕ ਅਧਿਕਾਰੀ ਨੇ ਦੱਸਿਆ ਕਿ ਹਨੇਰੇ 'ਚ ਕਿਸੇ ਤਰ੍ਹਾਂ ਦਾ ਨਾਗਰਿਕ ਨੁਕਸਾਨ ਨਾ ਹੋਵੇ, ਇਸ ਲਈ ਅਸੀਂ ਆਪਣੇ ਵੱਲੋਂ ਗੋਲੀਬਾਰੀ ਬੰਦ ਕਰਦਿਆਂ ਘੇਰਾਬੰਦੀ ਮਜ਼ਬੂਤ ਕਰ ਦਿੱਤੀ। ਮੰਗਲਵਾਰ ਸਵੇਰੇ ਪੌਣੇ ਨੌ ਵਜੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟਦਿਆਂ ਭੱਜਣ ਦਾ ਯਤਨ ਕੀਤਾ, ਪਰ ਜਵਾਨਾਂ ਨੇ ਫ਼ੌਰੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਮੁੜ ਮੁਕਾਬਲੇ 'ਚ ਉਲਝਾ ਲਿਆ। ਅੱਤਵਾਦੀਆਂ ਨੂੰ ਮਾਰ ਸੁੱਟਣ ਲਈ ਸੁਰੱਖਿਆ ਬਲਾਂ ਨੇ ਵੀ ਗ੍ਰੇਨੇਡ ਦਾਗ਼ੇ। ਸਵੇਰੇ ਸਾਢੇ 11 ਵਜੇ ਇਕ ਅੱਤਵਾਦੀ ਨੇ ਗੋਲੀਆਂ ਚਲਾਉਂਦਿਆਂ ਇਮਾਰਤ ਤੋਂ ਬਾਹਰ ਨਿਕਲ ਕੇ ਭੱਜਣ ਦਾ ਯਤਨ ਕੀਤਾ, ਪਰ ਮਾਰਿਆ ਗਿਆ, ਜਦਕਿ ਦੂਜਾ ਅੱਤਵਾਦੀ ਕਰੀਬ ਇਕ ਘੰਟੇ ਬਾਅਦ ਇਮਾਰਤ ਦੇ ਅੰਦਰ ਮਾਰਿਆ ਗਿਆ। ਮੁਕਾਬਲੇ ਤੋਂ ਬਾਅਦ ਆਈਜੀ ਕਸ਼ਮੀਰ ਡਾ. ਸੰਜੇ ਪ੍ਰਕਾਸ਼ ਪਣੀ ਤੇ ਆਈਜੀ ਸੀਆਰਪੀਐੱਫ ਰਵੀਦੀਪ ਸਿੰਘ ਸਾਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਕੋਲੋਂ ਮਿਲੇ ਸਾਜ਼ੋ-ਸਾਮਾਨ ਤੋਂ ਉਨ੍ਹਾਂ ਦੇ ਲਸ਼ਕਰ ਨਾਲ ਸਬੰਧਤ ਹੋਣ ਦੀ ਪੁਸ਼ਟੀ ਹੁੰਦੀ ਹੈ। ਆਈਜੀ ਨੇ ਕਿਹਾ ਹੈ ਕਿ ਇਹ ਬਿਹਤਰ ਮੁਹਿੰਮ ਰਹੀ ਹੈ, ਕਿਉਂਕਿ ਇਸ 'ਚ ਕਿਸੇ ਵੀ ਤਰ੍ਹਾਂ ਦੇ ਨਾਗਰਿਕ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਐੱਸਐÎਸਪੀ ਸ੍ਰੀਨਗਰ ਇਮਤਿਆਜ਼ ਇਸਮਾਇਲ ਪਰੇ ਨੇ ਸ੍ਰੀਨਗਰ ਖ਼ਾਸ ਤੌਰ 'ਤੇ ਕਰਨ ਨਗਰ 'ਚ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਮੁਕਾਬਲੇ ਵਾਲੀ ਥਾਂ 'ਤੇ ਇਕੱਠੇ ਨਾ ਹੋਣ। ਉਨ੍ਹਾਂ ਕਿਹਾ ਕਿ ਬੇਸ਼ੱਕ ਮੁਕਾਬਲਾ ਖ਼ਤਮ ਹੋ ਚੁੱਕਿਆ ਪਰ ਅੱਤਵਾਦੀ ਟਿਕਾਣਾ ਬਣੀ ਇਮਾਰਤ 'ਚ ਕਈ ਥਾਂ ਧਮਾਕਾਖੇਜ਼ ਸਮੱਗਰੀ ਹੋ ਸਕਦੀ ਹੈ। ਇਸ ਲਈ ਜਦੋਂ ਬੰਬ ਤਬਾਹ ਕਰਨ ਵਾਲਾ ਦਸਤਾ ਪੂਰੀ ਇਮਾਰਤ ਦੀ ਛਾਣਬੀਣ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਐਲਾਣਦਾ, ਕੋਈ ਵੀ ਉੱਥੇ ਨਾ ਜਾਵੇ।

ਚੌਕਸ ਸੰਤਰੀ ਨੇ ਨਾਕਾਮ ਕੀਤੀ ਅੱਤਵਾਦੀ ਸਾਜ਼ਿਸ਼

ਆਈਜੀ ਸੀਆਰਪੀਐੱਫ ਰਵੀਦੀਪ ਸਿੰਘ ਸਾਹੀ ਨੇ ਕਿਹਾ ਹੈ ਕਿ ਇਸ ਪੂਰੀ ਮੁਹਿੰਮ ਦਾ ਸਿਹਰਾ ਸਾਡੇ ਸੰਤਰੀ ਨੂੰ ਜਾਂਦਾ ਹੈ। ਜੇਕਰ ਉਹ ਚੌਕਸ ਨਾ ਹੁੰਦਾ ਤਾਂ ਅੱਤਵਾਦੀ ਰੈਜੀਮੈਂਟ ਹੈੱਡਕੁਆਰਟਰ 'ਚ ਦਾਖ਼ਲ ਹੋ ਜਾਂਦੇ ਤੇ ਬਹੁਤ ਨੁਕਸਾਨ ਹੁੰਦਾ। ਸੰਤਰੀ ਨੇ ਦੋ ਅੱਤਵਾਦੀਆਂ ਨੂੰ ਦੇਖਿਆ ਸੀ ਤੇ ਦੋਵਾਂ ਹੀ ਮਾਰੇ ਗਏ ਹਨ। ਸਾਡੇ ਸੰਤਰੀ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਸਾਨੂੰ ਉਸ ਨੂੰ ਇਨਾਮ ਦੇਣਾ ਚਾਹੀਦਾ ਹੈ।

ਪੰਜ ਸੀਆਰਪੀਐੱਫ ਮੁਲਾਜ਼ਮਾਂ ਦੇ ਪਰਿਵਾਰ ਵੀ ਫਸੇ

ਆਈਜੀ ਸੀਆਰਪੀਐੱਫ ਨੇ ਕਿਹਾ ਕਿ ਅੱਤਵਾਦੀਆਂ ਦੀ ਘੇਰਾਬੰਦੀ ਕਰਦਿਆਂ ਮੁਕਾਬਲੇ ਵਾਲੀ ਥਾਂ ਕੋਲ ਸਥਿਤ ਮਕਾਨਾਂ 'ਚ ਰਹਿ ਰਹੇ ਪੰਜ ਸੀਆਰਪੀਐੱਫ ਮੁਲਾਜ਼ਮਾਂ ਦੇ ਪਰਿਵਾਰਾਂ ਤੋਂ ਇਲਾਵਾ ਕੁਝ ਹੋਰ ਨਾਗਰਿਕਾਂ ਨੂੰ ਵੀ ਸੁੱਰਖਿਅਤ ਬਾਹਰ ਕੱਿਢਆ ਗਿਆ। ਇਸ ਤੋਂ ਬਾਅਦ ਅੱਤਵਾਦੀਆਂ 'ਤੇ ਹਮਲਾ ਸ਼ੁਰੂ ਕੀਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: two militant killed in srinagar encounter