ਇਰਾਕ 'ਚ ਅਗਵਾ 39 ਭਾਰਤੀ ਹੋ ਸਕਦੇ ਨੇ ਜੇਲ੍ਹ 'ਚ : ਸੁਸ਼ਮਾ

Updated on: Sun, 16 Jul 2017 08:55 PM (IST)
  

ਯਾਸਰ

-ਬਾਦੁਸ਼ ਪਿੰਡ ਦੀ ਜੇਲ੍ਹ 'ਚ ਹੋ ਸਕਦੇ ਹਨ ਅਗਵਾ ਭਾਰਤੀ

-ਬਾਦੁਸ਼ 'ਚ ਆਈਐੱਸ ਅਤੇ ਇਰਾਕੀ ਬਲਾਂ 'ਚ ਜਾਰੀ ਹੈ ਜੰਗ

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਰਾਕ 'ਚ ਤਿੰਨ ਸਾਲ ਪਹਿਲੇ ਜੂਨ 2014 'ਚ ਅੱਤਵਾਦੀ ਸੰਗਠਨ ਆਈਐੱਸ ਹੱਥੋਂ ਅਗਵਾ ਕੀਤੇ ਗਏ 39 ਭਾਰਤੀ ਉੱਤਰੀ-ਪੱਛਮੀ ਮੋਸੁਲ ਦੇ ਬਾਦੁਸ਼ ਪਿੰਡ ਦੀ ਜੇਲ੍ਹ 'ਚ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ 24 ਜੁਲਾਈ ਨੂੰ ਜਦੋਂ ਇਰਾਕ ਦੇ ਵਿਦੇਸ਼ ਮੰਤਰੀ ਭਾਰਤ ਆਉਣਗੇ ਤਾਂ ਉਹ ਇਸ ਬਾਰੇ 'ਚ ਤਾਜ਼ਾ ਜਾਣਕਾਰੀ ਦੇਣਗੇ।

ਸੁਸ਼ਮਾ ਨੇ ਐਤਵਾਰ ਨੂੰ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅਤੇ ਐੱਮ ਜੇ ਅਕਬਰ ਦੇ ਨਾਲ ਸਾਰੇ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਵੀ ਕੇ ਸਿੰਘ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਦੇ ਮੋਸੁਲ ਨੂੰ ਆਜ਼ਾਦ ਐਲਾਨਣ ਪਿੱਛੋਂ ਉਥੇ ਭੇਜਿਆ ਗਿਆ ਸੀ। ਵੀ ਕੇ ਸਿੰਘ ਜੋ ਜਾਣਕਾਰੀ ਲੈ ਕੇ ਆਏ ਹਨ ਉਸ ਤੋਂ ਸੁਸ਼ਮਾ ਸਵਰਾਜ ਨੇ ਲਾਪਤਾ ਭਾਰਤੀਆਂ ਦੇ ਪਰਿਵਾਰਾਂ ਨੂੰ ਜਾਣੂ ਕਰਵਾਇਆ।

ਬਾਅਦ 'ਚ ਸੁਸ਼ਮਾ ਸਵਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਖੁਫ਼ੀਆ ਸੂਤਰਾਂ ਦੇ ਹਵਾਲੇ ਨਾਲ ਵੀ ਕੇ ਸਿੰਘ ਨੂੰ ਦੱਸਿਆ ਹੈ ਕਿ ਸਾਰੇ 39 ਭਾਰਤੀ ਇਕ ਹਸਪਤਾਲ ਦੇ ਨਿਰਮਾਣ ਅਧੀਨ ਇਮਾਰਤ 'ਤੇ ਤਾਇਨਾਤ ਸਨ। ਬਾਅਦ 'ਚ ਉਨ੍ਹਾਂ ਨੂੰ ਇਕ ਖੇਤ 'ਚ ਕੰਮ 'ਤੇ ਲਗਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਪੱਛਮੀ ਮੋਸੁਲ 'ਚ ਬਾਦੁਸ਼ ਦੀ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਬਾਅਦ ਤੋਂ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਬਾਦੁਸ਼ 'ਚ ਆਈਐੱਸ ਅਤੇ ਇਰਾਕੀ ਫ਼ੌਜਾਂ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਉਥੇ ਜੰਗ ਖ਼ਤਮ ਹੋਣ 'ਤੇ ਹੀ ਲਾਪਤਾ ਭਾਰਤੀਆਂ ਦੀ ਭਾਲ ਸ਼ੁਰੂ ਕੀਤੀ ਜਾ ਸਕੇਗੀ। ਬਾਦੁਸ਼ ਮੋਸੁਲ ਦੇ ਉੱਤਰੀ-ਪੱਛਮੀ ਹਿੱਸੇ 'ਚ ਸਥਿਤ ਇਕ ਪਿੰਡ ਹੈ।

ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫਰੀ 24 ਜੁਲਾਈ ਨੂੰ ਭਾਰਤ ਆਉਣਗੇ। ਸੰਭਾਵਨਾ ਹੈ ਕਿ ਉਹ ਲਾਪਤਾ ਭਾਰਤੀਆਂ ਦੀ ਤਾਜ਼ਾ ਜਾਣਕਾਰੀ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਪੂਰਬੀ ਮੋਸੁਲ ਨੂੰ ਆਈਐੱਸ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ ਅਤੇ ਉਥੇ ਸਫ਼ਾਈ ਮੁਹਿੰਮ ਚੱਲ ਰਹੀ ਹੈ। ਆਮ ਨਾਗਰਿਕਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਥੇ ਬੰਬ ਅਤੇ ਹੋਰ ਧਮਾਕਾਖੇਜ਼ ਸਮੱਗਰੀ ਹੋ ਸਕਦੀ ਹੈ।

ਸੁਸ਼ਮਾ ਨੇ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਵਾਈ ਅੱਡਿਆਂ 'ਤੇ ਕੰਮ ਕਰ ਰਹੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਵਾਪਸੀ 'ਚ ਮਦਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਹਰ ਤਰੀਕੇ ਨਾਲ ਲਾਪਤਾ ਭਾਰਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SUSHMA STATEMENT