ਜੱਜਾਂ ਦੇ ਵਿਵਾਦ ਹੱਲ ਕਰਨ ਲਈ ਬਾਰ ਐਸੋਸੀਏਸ਼ਨ ਸਰਗਰਮ

Updated on: Sat, 13 Jan 2018 10:10 PM (IST)
  

ਚੀਫ਼ ਜਸਟਿਸ ਨੂੰ ਕੀਤੀ ਫੁੱਲ ਕੋਰਟ 'ਚ ਵਿਵਾਦ 'ਤੇ ਵਿਚਾਰ ਕਰਨ ਦੀ ਅਪੀਲ

ਜਨ ਹਿੱਤ ਪਟੀਸ਼ਨਾਂ 'ਤੇ ਚੀਫ਼ ਜਸਟਿਸ ਜਾਂ ਕੋਲੇਜੀਅਮ ਦੇ ਮੈਂਬਰ ਦੇ ਬੈਂਚ 'ਚ ਹੀ ਸੁਣਵਾਈ ਦਾ ਸੁਝਾਅ

ਸੀਨੀਅਰ ਜੱਜਾਂ ਦੇ ਦੋਸ਼ਾਂ ਦੇ ਕਾਰਨ ਸਾਰਾ ਦਿਨ ਗਰਮਾਇਆ ਰਿਹਾ ਨਿਆਪਾਲਿਕਾ ਦਾ ਮਾਹੌਲ

ਜਾਗਰਣ ਬਿਊਰੋ, ਨਵੀਂ ਦਿੱਲੀ :

ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਚੀਫ਼ ਜਸਟਿਸ ਦੀਪਕ ਮਿਸ਼ਰਾ 'ਤੇ ਲਗਾਏ ਗਏ ਦੋਸ਼ਾਂ ਤੋਂ ਪੈਦਾ ਵਿਵਾਦ ਹੱਲ ਕਰਨ ਲਈ ਬਾਰ ਐਸੋਸੀਏਸ਼ਨ ਸਰਗਰਮ ਹੋ ਗਿਆ ਹੈ। ਸੁਪਰੀਮ ਕਰੋਟ ਬਾਰ ਐਸੋਸੀਏਸ਼ਨ ਨੇ ਸ਼ਨਿਚਰਵਾਰ ਨੂੰ ਸਰਬ ਸੰਮਤੀ ਨਾਲ ਤਜਵੀਜ਼ ਪਾਸ ਕਰ ਕੇ ਮੌਜੂਦਾ ਵਿਵਾਦ 'ਤੇ ਫੁੱਲ ਕੋਰਟ 'ਚ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਨਾਲ ਹੀ ਚੀਫ਼ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਜਨ ਹਿੱਤ ਪਟੀਸ਼ਨਾਂ ਨੂੰ ਕੋਲੇਜੀਅਮ ਦੇ ਮੈਂਬਰ ਜੱਜਾਂ ਦੀ ਅਦਾਲਤ ਵਿਚ ਹੀ ਸੁਣਵਾਈ ਲਈ ਲਗਾਇਆ ਜਾਵੇ। ਦੂਜੇ ਪਾਸੇ ਵਕੀਲਾਂ ਦੀ ਵਿਧਾਨਕ ਸੰਸਥਾ ਬਾਰ ਕੌਂਸਲ ਆਫ ਇੰਡੀਆ ਨੇ ਸੱਤ ਮੈਂਬਰੀ ਵਫ਼ਦ ਨਿਯੁਕਤ ਕੀਤਾ ਹੈ। ਇਹ ਵਫ਼ਦ ਸੁਪਰੀਮ ਕੋਰਟ ਨਾਲ ਮੁਲਾਕਾਤ ਕਰਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ।

ਨਿਆਪਾਲਿਕਾ 'ਚ ਉੱਠੇ ਵਿਵਾਦ ਦੀ ਗਰਮੀ ਨੇ ਸ਼ਨਿਚਰਵਾਰ ਨੂੰ ਦਿੱਲੀ ਦੇ ਠੰਢੇ ਦਿਨ ਦਾ ਮਾਹੌਲ ਸਾਰਾ ਦਿਨ ਗਰਮਾਈ ਰੱਖਿਆ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਐਗਜ਼ੈਕਟਿਵ ਕਮੇਟੀ ਦੀ ਬੈਠਕ ਬੁਲਾਈ ਅਤੇ ਸਥਿਤੀ 'ਤੇ ਵਿਚਾਰ-ਵਟਾਂਦਰਾ ਕੀਤਾ। ਬੈਠਕ 'ਚ ਕਰੀਬ ਡੇਢ ਘੰਟੇ ਤਕ ਵਿਚਾਰ ਚੱਲਣ ਦੇ ਬਾਅਦ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਵਿਚ ਚੀਫ਼ ਜਸਟਿਸ ਨੂੰ ਮੌਜੂਦਾ ਵਿਵਾਦ 'ਤੇ ਫੁੱਲ ਕੋਰਟ 'ਚ ਵਿਚਾਰ ਕੀਤੇ ਜਾਣ ਦੀ ਅਪੀਲ ਹੈ। ਇਸ ਦੇ ਇਲਾਵਾ ਬਾਰ ਐਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ 'ਚ ਪੈਂਡਿੰਗ ਅਤੇ ਦਾਖ਼ਲ ਹੋਣ ਵਾਲੀਆਂ ਪਟੀਸ਼ਨਾਂ 'ਤੇ ਚੀਫ਼ ਜਸਟਿਸ ਖ਼ੁਦ ਸੁਣਵਾਈ ਕਰਨ। ਜੇਕਰ ਉਹ ਜਨ ਹਿੱਤ ਪਟੀਸ਼ਨਾਂ ਨੂੰ ਕਿਸੇ ਹੋਰ ਬੈਂਚ 'ਚ ਭੇਜਦੇ ਹਨ ਤਾਂ ਕੋਲੇਜੀਅਮ ਦੇ ਮੈਂਬਰ ਚਾਰ ਸੀਨੀਅਰ ਜੱਜਾਂ ਦੇ ਬੈਂਚ 'ਚ ਹੀ ਲਗਾਇਆ ਜਾਵੇ। ਸੁਪਰੀਮ ਕੋਰਟ ਕੋਲੇਜੀਅਮ 'ਚ ਚੀਫ਼ ਜਸਟਿਸ ਨੂੰ ਮਿਲਾ ਕੇ ਕੁੱਲ ਪੰਜ ਜੱਜ ਹੁੰਦੇ ਹਨ। ਚੀਫ਼ ਜਸਟਿਸ ਦੇ ਇਲਾਵਾ ਜਸਟਿਸ ਜੇ ਚੇਲਮੇਸ਼ਵਰ, ਰੰਜਨ ਗੋਗੋਈ, ਮਦਨ ਬੀ ਲੋਕੁਰ ਅਤੇ ਕੁਰੀਅਨ ਜੋਸਫ ਕੋਲੇਜੀਅਮ ਦੇ ਮੈਂਬਰ ਹਨ। ਇਹ ਉਹੀ ਚਾਰ ਜੱਜ ਹਨ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਪ੍ਰੱੈਸ ਕਾਨਫਰੰਸ ਕਰਕੇ ਚੀਫ਼ ਜਸਟਿਸ ਦੇ ਕੰਮਕਾਜ 'ਤੇ ਸਵਾਲ ਉਠਾਇਆ ਸੀ।

ਬਾਰ ਐਸੋਸੀਏਸ਼ਨ ਦੇ ਚੇਅਰਮੈਨ ਸੀਨੀਅਰ ਵਕੀਲ ਵਿਕਾਸ ਸਿੰਘ ਅਤੇ ਸਕੱਤਰ ਵਿਕਰਾਂਤ ਯਾਦਵ ਨੇ ਕਿਹਾ ਕਿ ਹਾਲੇ ਤੁਰੰਤ ਹੀ ਇਹ ਮਤਾ ਚੀਫ਼ ਜਸਟਿਸ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚੀਫ਼ ਜਸਟਿਸ ਨਾਲ ਮੁਲਾਕਾਤ ਲਈ ਸਮਾਂ ਮੰਗਣਗੇ। ਐਸੋਸੀਏਸ਼ਨ ਚਾਹੁੰਦੀ ਹੈ ਕਿ ਮੌਜੂਦਾ ਵਿਵਾਦ ਦਾ ਨਿਪਟਾਰਾ ਸੁਪਰੀਮ ਕੋਰਟ 'ਚ ਹੀ ਅੰਦਰੂਨੀ ਤੌਰ 'ਤੇ ਹੋਣਾ ਚਾਹੀਦਾ ਹੈ। ਸਿੰਘ ਨੇ ਕਿਹਾ ਕਿ ਹਾਲੇ ਤਕ ਉਨ੍ਹਾਂ ਦੀ ਚੀਫ਼ ਜਸਟਿਸ ਨਾਲ ਕੋਈ ਗੱਲ ਨਹੀਂ ਹੋਈ। ਸਿੰਘ ਨੇ ਚਾਰ ਸੀਨੀਅਰ ਜੱਜਾਂ ਵੱਲੋਂ ਪ੍ਰੱੈਸ ਕਾਨਫਰੰਸ ਕੀਤੇ ਜਾਣ 'ਤੇ ਟਿੱਪਣੀ ਕਰਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਫ਼ੈਸਲਾ ਸੀ।

ਇਨਸੈੱਟ

ਜੱਜਾਂ ਨੂੰ ਮਿਲਣਗੇ ਬਾਰ ਕੌਂਸਲ ਆਫ ਇੰਡੀਆ ਦੇ ਨੁਮਾਇੰਦੇ

ਬਾਰ ਕੌਂਸਲ ਆਫ ਇੰਡੀਆ (ਬੀਸੀਆਈ) ਨੇ ਵੀ ਨਿਆਪਾਲਿਕਾ 'ਚ ਪੈਦਾ ਮੌਜੂੁਦਾ ਸਮੱਸਿਆ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਬੀਸੀਆਈ ਨੇ ਸ਼ਨਿਚਰਵਾਰ ਨੂੰ ਬੈਠਕ ਕਰਕੇ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ। ਬੈਠਕ 'ਚ ਸੱਤ ਮੈਂਬਰੀ ਵਫ਼ਦ ਦਾ ਗਠਨ ਕੀਤਾ ਗਿਆ ਹੈ ਜਿਹੜਾ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨਾਲ ਐਤਵਾਰ ਨੂੰ ਮੁਲਾਕਾਤ ਕਰੇਗਾ। ਜੱਜਾਂ ਨਾਲ ਆਪਸੀ ਗੱਲਬਾਤ ਦੇ ਜ਼ਰੀਏ ਵਿਵਾਦ ਹੱਲ ਕਰਨ ਦੀ ਅਪੀਲ ਕੀਤੀ ਜਾਵੇਗੀ। ਵਫ਼ਦ 'ਚ ਬੀਸੀਆਈ ਦੇ ਚੇਅਰਮੈਨ ਮੰਨਣ ਕੁਮਾਰ ਮਿਸ਼ਰਾ, ਪ੍ਰਤਾਪ ਮਹਿਤਾ, ਪ੍ਰਭਾਕਰਨ, ਸਦਾਸ਼ਿਵ ਰੈੱਡੀ, ਨੀਲੇਸ਼ ਕੁਮਾਰ, ਰਾਮ ਚੰਦਰ ਸ਼ਾਹ, ਅਪੂਰਵ ਸ਼ਰਮਾ ਅਤੇ ਟੀਐੱਸ ਅਜੀਤ ਹਨ। ਚੇਅਰਮੈਨ ਮੰਨਣ ਮਿਸ਼ਰਾ ਨੇ ਕਿਹਾ ਕਿ ਨਿਆਪਾਲਿਕਾ ਦਾ ਅਕਸ ਖ਼ਰਾਬ ਨਹੀਂ ਹੋਣਾ ਚਾਹੀਦਾ। ਕਿਸੇ ਵੀ ਤਰ੍ਹਾਂ ਨਾਲ ਇਹ ਵਿਵਾਦ ਹੱਲ ਹੋਣਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: supreme court