ਸਹੁਰਾ ਪਰਿਵਾਰ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ 'ਤੇ ਲਾਈਵ ਖ਼ੁਦਕੁਸ਼ੀ

Updated on: Thu, 11 Jan 2018 08:01 PM (IST)
  

11ਜੀਆਰਪੀਪੀਬੀ17

ਮਰਹੂਮ ਪਰਮਜੀਤ ਸਿੰਘ ਦੀ ਪੁਰਾਣੀ ਤਸਵੀਰ।

ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਪਰਮਜੀਤ

ਗੁਰਦਾਸਪੁਰ 'ਚ ਸੋਸ਼ਲ ਮੀਡੀਆ 'ਤੇ ਪਹਿਲੀ ਲਾਈਵ ਖ਼ੁਦਕੁਸ਼ੀ

ਕੁਲਦੀਪ ਜਾਫਲਪੁਰ, ਕਾਹਨੂੰਵਾਨ

ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਕਸਬਾ ਕਾਹਨੂੰਵਾਨ ਦੇ ਨੇੜਲੇ ਪਿੰਡ ਨਾਨੋਵਾਲ ਜੀਂਦੜ 'ਚ ਮਾਂ-ਬਾਪ ਦੇ ਇਕਲੌਤੇ ਪੁੱਤਰ ਪਰਮਜੀਤ ਸਿੰਘ ਨੇ ਆਪਣੇ ਘਰ 'ਚ ਫੇਸਬੁੱਕ 'ਤੇ ਲਾਈਵ ਹੋ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਤੋਂ ਪਹਿਲੇ ਉਸ ਨੇ ਲਗਪਗ ਡੇਢ ਮਿੰਟ ਤਕ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਬੁਰਾ ਭਲਾ ਕਹਿੰਦੇ ਹਨ। ਗੱਲ-ਗੱਲ 'ਤੇ ਜ਼ਲੀਲ ਕਰਦੇ ਹਨ। ਇਸੇ ਕਰ ਕੇ ਹੁਣ ਮੇਰੀ ਜੀਣ ਦੀ ਇੱਛਾ ਖ਼ਤਮ ਹੋ ਚੁੱਕੀ ਹੈ। ਇਸ ਪਿੱਛੋਂ ਉਹ ਆਪਣੇ ਕਮਰੇ 'ਚ ਗਿਆ ਅਤੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਗਲ਼ੇ 'ਚ ਪਾ ਕੇ ਆਪਣੀ ਮੌਤ ਦਾ ਲਾਈਵ ਪ੍ਰਸਾਰਣ ਕੀਤਾ।

ਮਿ੍ਰਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਕਰਨਾਟਕ 'ਚ ਆਪਰੇਟਰ ਦਾ ਕੰਮ ਕਰਦਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ-ਪਤਨੀ 'ਚ ਝਗੜਾ ਰਹਿਣ ਲੱਗਾ। ਬਲਜੀਤ ਕੌਰ ਗਰਭਵਤੀ ਸੀ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਆਪਣੇ ਘਰ ਲੈ ਗਏ ਸਨ। ਚਾਰ ਜਨਵਰੀ ਨੂੰ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਪਰਮਜੀਤ ਸਿੰਘ ਕੱਲ੍ਹ ਆਪਣੀ ਪਤਨੀ ਅਤੇ ਬੱਚੇ ਕੋਲ ਗਿਆ ਸੀ। ਘਰ ਆਉਣ ਪਿੱਛੋਂ ਉਹ ਆਪਣੇ ਪੁੱਤਰ ਦੇ ਜਨਮ ਦੀ ਖ਼ੁਸ਼ੀ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ 'ਚ ਵੰਡ ਰਿਹਾ ਸੀ। ਰਾਤ 10 ਵਜੇ ਉਸ ਨੇ ਆਪਣੇ ਕਮਰੇ 'ਚ ਜਾ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪਰਮਜੀਤ ਦੀ ਪਤਨੀ ਅਤੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਮਾਨਸਿਕ ਤੌਰ 'ਤੇ ਜ਼ਲੀਲ ਕਰਦੇ ਸਨ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਪਿਤਾ ਦੇ ਬਿਆਨ ਅਤੇ ਫੇਸਬੁੱਕ ਵੀਡੀਓ ਦੇ ਆਧਾਰ 'ਤੇ ਪਤਨੀ ਬਲਜੀਤ ਕੌਰ, ਸਹੁਰਾ ਉਪਕਾਰ ਸਿੰਘ ਅਤੇ ਸੱਸ ਪਰਮਜੀਤ ਕੌਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 306, 34 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਫੇਸਬੁੱਕ ਤੋਂ ਹਟਵਾਇਆ ਵੀਡੀਓ ਦਾ ਲਿੰਕ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੈਣੀ ਮੀਆਂ ਦੇ ਐੱਸਐੱਚਓ ਸਰਬਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਲਾਸ਼ ਅਤੇ ਪਰਮਜੀਤ ਸਿੰਘ ਦਾ ਮੋਬਾਈਲ ਫੋਨ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪਰਿਵਾਰ ਦੀ ਮਦਦ ਨਾਲ ਫੇਸਬੁੱਕ ਤੋਂ ਵੀਡੀਓ ਦਾ ਲਿੰਕ ਵੀ ਹਟਵਾ ਦਿੱਤਾ ਗਿਆ। ਪੁਲਿਸ ਅਨੁਸਾਰ ਇਲਾਕੇ 'ਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ।

ਭੈਣ ਨੇ ਵੇਖਿਆ ਤੇ ਪਰਿਵਾਰ ਨੂੰ ਦੱਸਿਆ

ਪਰਮਜੀਤ ਜਦੋਂ ਫੇਸਬੁੱਕ 'ਤੇ ਲਾਈਵ ਹੋ ਕੇ ਖ਼ੁਦ ਨਾਲ ਹੋਈ ਵਧੀਕੀ ਦੱਸ ਰਿਹਾ ਸੀ ਤਾਂ ਉਸ ਦੀ ਭੈਣ ਨੇ ਵੀਡੀਓ ਨੂੰ ਲਾਈਵ ਵੇਖਿਆ। ਉਸ ਨੇ ਪਿਤਾ ਨੂੰ ਫੋਨ ਕਰ ਕੇ ਦੱਸਿਆ ਕਿ ਪਰਮਜੀਤ ਜਾਨ ਦੇਣ ਜਾ ਰਿਹਾ ਹੈ। ਉਸ ਨੂੰ ਬਚਾ ਲਉ। ਭੱਜਦੇ ਹੋਏ ਪਿਤਾ ਨੇ ਜਦੋਂ ਉਥੇ ਪੁੱਜ ਕੇ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: suicide in kahnuwan