ਸਿੱਖਸ ਫਾਰ ਜਸਟਿਸ ਨੇ ਫ਼ੌਜ ਮੁਖੀ ਨੂੰ ਦਿੱਤੀ ਚਿਤਾਵਨੀ

Updated on: Thu, 08 Nov 2018 09:56 PM (IST)
  

-ਰੈਫਰੈਂਡਮ 2020 ਕੋਈ ਵਿਦਰੋਹ ਨਹੀਂ, ਕੌਮਾਂਤਰੀ ਅਦਾਲਤ ਜਾਣ ਦੀ ਧਮਕੀ

-ਖ਼ਾਲਿਸਤਾਨ ਸਮੱਰਥਕ ਕੱਟੜ ਗਰੁੱਪ ਹੈ 'ਸਿੱਖਸ ਫਾਰ ਜਸਟਿਸ'

ਸਟੇਟ ਬਿਊਰੋ, ਚੰਡੀਗੜ੍ਹ : ਖ਼ਾਲਿਸਤਾਨ ਸਮੱਰਥਕ ਕੱਟੜ ਗਰੁੱਪ 'ਸਿੱਖਸ ਫਾਰ ਜਸਟਿਸ' ਨੇ ਹੁਣ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਪੰਜਾਬ 'ਚ ਮਾਹੌਲ ਵਿਗਾੜਨ ਵਾਲੇ ਬਿਆਨ 'ਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ। 'ਸਿੱਖਸ ਫਾਰ ਜਸਟਿਸ' ਨੇ ਜਨਰਲ ਬਿਪਿਨ ਰਾਵਤ ਨੂੰ ਕਿਹਾ ਹੈ ਕਿ ਰੈਫਰੈਂਡਮ 2020 ਕੋਈ ਵਿਦਰੋਹ ਨਹੀਂ ਹੈ। ਜੇਕਰ ਉਹ ਇਸ ਵਿਚਕਾਰ ਆਏ ਤਾਂ ਉਨ੍ਹਾਂ ਖ਼ਿਲਾਫ਼ ਕੌਮਾਂਤਰੀ ਅਦਾਲਤ 'ਚ 'ਸਿੱਖਸ ਫਾਰ ਜਸਟਿਸ' ਕਾਨੂੰਨੀ ਰਸਤਾ ਵੀ ਅਖ਼ਤਿਆਰ ਕਰ ਸਕਦਾ ਹੈ। ਇਹ ਗਰੁੱਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਤਲੇਆਮ ਦਾ ਕੇਸ ਦਾਇਰ ਕਰ ਚੁੱਕਾ ਹੈ।

ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਇਕ ਸਮਾਗਮ 'ਚ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਪੰਜਾਬ 'ਚ ਅੱਤਵਾਦ ਨੂੰ ਪੁਨਰ ਸੁਰਜੀਤ ਕਰਨ ਲਈ ਕੁਝ ਲੋਕ ਬਾਹਰੀ ਤਾਕਤਾਂ ਦੇ ਮਾਧਿਅਮ ਰਾਹੀਂ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਅਸਾਮ ਵਿਚ ਵਿਦਰੋਹ ਨੂੰ ਪੁਨਰ ਸੁਰਜੀਤ ਕਰਨ ਲਈ 'ਬਾਹਰੀ ਸਬੰਧਾਂ' ਅਤੇ 'ਬਾਹਰੀ ਉਕਸਾਵੇ' ਦੇ ਮਾਧਿਅਮ ਰਾਹੀਂ ਫਿਰ ਤੋਂ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸ਼ਾਂਤੀਪੂਰਣ ਰਿਹਾ ਹੈ ਪ੍ਰੰਤੂ ਇਨ੍ਹਾਂ ਬਾਹਰੀ ਤਾਕਤਾਂ ਕਾਰਨ ਰਾਜ 'ਚ ਅੱਤਵਾਦ ਨੂੰ ਫਿਰ ਤੋਂ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਾਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sikhs for justice