ਸਿੱਖ ਅੌਰਤਾਂ ਨੂੰ ਚੰਡੀਗੜ੍ਹ 'ਚ ਹੈਲਮਟ ਤੋਂ ਛੋਟ

Updated on: Thu, 11 Oct 2018 10:15 PM (IST)
  

ਨਵੀਂ ਦਿੱਲੀ (ਪੀਟੀਆਈ) : ਸਿੱਖ ਅੌਰਤਾਂ ਨੂੰ ਚੰਡੀਗੜ੍ਹ 'ਚ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਇਸ ਬਾਰੇ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ। ਇਹ ਫ਼ੈਸਲਾ ਸਿੱਖ ਜਥੇਬੰਦੀਆਂ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਪਿੱਛੋਂ ਲਿਆ ਗਿਆ।

ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਉਹ ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੰਮ ਕਰੇ ਜਿਸ ਵਿਚ ਸਿੱਖ ਅੌਰਤਾਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ 4 ਜੂਨ, 1999 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਲੀ ਮੋਟਰ ਵਹੀਕਲ ਐਕਟ 1993 ਦੇ ਨਿਯਮ 115 ਵਿਚ ਸੋਧ ਕਰ ਕੇ ਅੌਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਸੀ। ਇਸ ਨਿਯਮ ਵਿਚ 28 ਅਗਸਤ, 2014 ਨੂੰ ਮੁੜ ਸੋਧ ਕਰ ਕੇ ਸਿੱਖ ਅੌਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਇਹ ਐਲਾਨ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਾਜਨਾਥ ਸਿੰਘ ਨਾਲ ਮੀਟਿੰਗ ਪਿੱਛੋਂ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਵਿਚ ਸੋਧ ਪਿੱਛੋਂ ਸਿੱਖ ਅੌਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲ ਜਾਵੇਗੀ। ਅੌਰਤਾਂ ਦੇ ਲਾਇਸੈਂਸ 'ਤੇ 'ਕੌਰ' ਸ਼ਬਦ ਵੇਖ ਕੇ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sikh women