ਚੰਡੀਗੜ੍ਹ- ਹਾਈ ਕੋਰਟ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਲੋਕਾਂ ਨੇ ਨਿਰਧਾਰਤ ਸਮੇਂ ਤੋਂ ਬਾਅਦ ਵੀ ਦੱਬ ਕੇ ਪਟਾਕੇ ਚਲਾਏ। ਪਿਛਲੇ ਸਾਲ ਨਾਲੋ ਇਸ ਵਾਰ ਘੱਟ ਪਟਾਕੇ ਚਲਾਏ ਗਏ ਹਨ। ਪਟਾਕੇ ਚਲਾਉਣ ਨਾਲ ਤਿੰਨ ਸੂਬਿਆਂ 'ਚ ਦੀਵਲੀ ਦੀ ਰਾਤ ਨੂੰ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵਧ ਗਿਆ। ਇਸ ਦਾ ਅਸਰ ਵੀਰਵਾਰ ਸਵੇਰੇ ਨੂੰ ਦੇਖਣ ਨੂੰ ਮਿਲਿਆ। ਪ੍ਰਦੂਸ਼ਣ ਦਾ ਪੱਧਰ ਕਿੰਨਾ ਰਿਹਾ, ਇਸ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦਾ ਇੰਤਜ਼ਾਰ ਹੈ। ਚੰਡੀਗੜ੍ਹ 'ਚ ਹਾਈਕੋਰਟ ਵੱਲੋਂ ਪਟਾਕੇ ਚਲਾਏ ਜਾਣ ਦੀ ਤੈਅ ਕੀਤੀ ਗਈ ਸਮਾਂ ਸੀਮਾ ਦਾ ਕੁਝ ਹੱਦ ਤਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰੀ ਇਲਾਕਿਆਂ 'ਚ ਪੁਲਿਸ ਵੈਨ ਪਟਾਕੇ ਚਲਾਉਣ ਵਾਲਿਆਂ 'ਤੇ ਸਖ਼ਤੀ ਵਰਤਣ ਲਈ ਘੁਮਦੀ ਰਹੀ, ਪਰ ਪੁਲਿਸ ਦੇ ਜਾਂਦਿਆਂ ਹੀ ਲੋਕ ਫਿਰ ਪਟਾਕੇ ਚਲਾਉਣ ਲਗ ਗਏ। ਹਾਈ ਕੋਰਟ ਦੇ ਆਦੇਸ਼ ਦਾ ਪਾਲਣ ਕਰਵਾਉਣ ਲਈ ਪੁਲਿਸ ਨੇ ਕਾਫੀ ਜਦੋ-ਜਹਿਦ ਕੀਤੀ, ਪਰ ਜਾਗਰੂਕਤਾ ਦੀ ਕਮੀ ਕਾਰਨ ਲੋਕਾਂ 'ਤੇ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ।