ਨਵੀਆਂ ਕਿਸਮਾਂ ਦਾ ਝੋਨਾ ਕਰੇਗਾ ਪਰਾਲੀ ਦਾ ਨਿਪਟਾਰਾ

Updated on: Thu, 11 Oct 2018 07:39 PM (IST)
  

- ਪੀਆਰ ਕਿਸਮਾਂ ਜਲਦ ਪੱਕ ਕੇ ਹੁੰਦੀਆਂ ਨੇ ਤਿਆਰ, ਪਰਾਲੀ ਵੀ ਘੱਟ

ਇਨਫੋਗ੍ਰਾਫ

ਘੱਟ ਪਰਾਲੀ ਤੇ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ

ਕਿਸਮ ਪੱਕਣ ਦਾ ਸਮਾਂ

ਪੀਆਰ 121 140 ਦਿਨ

ਪੀਆਰ 122 143 ਦਿਨ

ਪੀਆਰ 123 138 ਦਿਨ

ਪੀਆਰ 124 136 ਦਿਨ

ਪੀਆਰ 126 123 ਦਿਨ

ਪੀਆਰ 127 137 ਦਿਨ

- 95 ਤੋਂ 100 ਸੈਂਟੀਮੀਟਰ ਦੇ ਵਿਚਕਾਰ ਹੁੰਦਾ ਹੈ ਪੀਆਰ ਝੋਨੇ ਦੀਆਂ ਕਿਸਮਾਂ ਦਾ ਅੌਸਤ ਕੱਦ

- 122 ਸੈਂਟੀਮੀਟਰ ਤਕ ਅੌਸਤ ਕੱਦ ਹੈ ਪੂਸਾ 44 ਕਿਸਮ ਦੇ ਝੋਨੇ ਦਾ

- 25 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਕਣਕ ਦੀ ਅੌਸਤਨ ਬਿਜਾਈ ਤੇ ਨਵੰਬਰ ਤਕ ਚੱਲਦੀ ਹੈ

- 2016 ਤੋਂ ਬਾਅਦ ਪੀਆਰ ਕਿਸਮਾਂ ਦਾ ਰਕਬਾ 62 ਫੀਸਦੀ ਤਕ ਪਹੁੰਚਿਆ

- 30 ਫੀਸਦੀ ਰਹਿ ਗਿਆ ਹੈ ਪੂਸਾ 44 ਦਾ ਰਕਬਾ

ਉਤਪਾਦਨ ਵੀ ਬਿਹਤਰ

ਕਿਸਮ ਅੌਸਤਨ ਝਾੜ ਪ੍ਰਤੀ ਏਕੜ

ਪੀਆਰ 121 30.5 ਕੁਇੰਟਲ

ਪੀਆਰ 122 31.5 ਕੁਇੰਟਲ

ਪੀਆਰ 129 30.0 ਕੁਇੰਟਲ

ਪੀਆਰ 124 30.5 ਕੁਇੰਟਲ

ਪੀਆਰ 127 30.0 ਕੁਇੰਟਲ

(ਪੀਏਯੂ ਦੇ ਮਾਹਰ ਡਾ. ਜਸਕਰਨ ਸਿੰਘ ਮਾਹਲ ਅਨੁਸਾਰ)

ਆਸ਼ਾ ਮਹਿਤਾ, ਲੁਧਿਆਣਾ

ਪੰਜਾਬ 'ਚ ਪਰਾਲੀ ਦਾ ਹੱਲ ਲੱਭਣ ਨੂੰ ਲੈ ਕੇ ਹਰ ਪੱਧਰ 'ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਪੀਏਯੂ ਵੀ ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਯਤਨ ਕਰ ਰਹੀ ਹੈ। ਪੀਏਯੂ ਜਿੱਥੇ ਪਰਾਲੀ ਨੂੰ ਖੇਤਾਂ ਵਿਚ ਖਪਾਉਣ ਨੂੰ ਲੈ ਕੇ ਆਧੁਨਿਕ ਮਸ਼ੀਨਰੀ ਬਣਾਉਣ 'ਤੇ ਜ਼ੋਰ ਦੇ ਰਹੀ ਹੈ, ਉਥੇ ਝੋਨੇ ਦੀਆਂ ਅਜਿਹੀਆਂ ਕਿਸਮਾਂ ਵੀ ਖੋਜ ਰਹੀ ਹੈ ਜੋ ਵੱਧ ਉਤਪਾਦਨ ਦੇ ਨਾਲ ਪਰਾਲੀ ਘੱਟ ਪੈਦਾ ਕਰੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਿਸਮਾਂ ਦਾ ਜਿੱਥੇ ਹਾਰਵੈਸਟ ਇੰਡੈਕਸ ਵੱਧ ਹੈ, ਉੱਥੇ ਪਰਾਲੀ ਦੀ ਮਾਤਰਾ ਘੱਟ ਹੈ। ਇਸ ਨਾਲ ਪਰਾਲੀ ਨੂੰ ਸੰਭਾਲਣਾ ਸੌਖਾ ਹੋ ਜਾਂਦਾ ਹੈ। ਇਹੀ ਨਹੀਂ, ਮਾਹਰਾਂ ਅਨੁਸਾਰ ਪੀਆਰ ਕਿਸਮਾਂ ਵਿਚ ਪਰਮਲ ਝੋਨੇ ਦਾ ਕੱਦ ਦੂਸਰੀਆਂ ਰਵਾਇਤੀ ਕਿਸਮਾਂ ਦੀ ਤੁਲਨਾ ਵਿਚ ਘੱਟ ਹੈ। ਮਾਹਰਾਂ ਅਨੁਸਾਰ ਪੀਆਰ ਝੋਨੇ ਦੀਆਂ ਕਈ ਕਿਸਮਾਂ ਦਾ ਕੱਦ ਅੌਸਤਨ 95 ਤੋਂ 100 ਸੈਂਟੀਮੀਟਰ ਦੇ ਵਿਚਕਾਰ ਹੈ। ਪੂਸਾ 44 ਕਿਸਮ ਦੇ ਝੋਨੇ ਦੀ ਲੰਬਾਈ ਲਗਪਗ 122 ਸੈਂਟੀਮੀਟਰ ਹੈ। ਕੱਦ ਘੱਟ ਹੋਣ ਕਾਰਨ ਪਰਾਲੀ ਜ਼ਿਆਦਾ ਨਹੀਂ ਬਣਦੀ।

ਦੂਜੇ ਪਾਸੇ ਪੀਏਯੂ ਦੇ ਡਾਇਰੈਕਟਰ ਐਕਸਟੈਂਸ਼ਨ ਡਾ. ਜਸਕਰਨ ਸਿੰਘ ਮਾਹਲ ਅਨੁਸਾਰ ਪੀਆਰ ਕਿਸਮਾਂ ਘੱਟ ਸਮੇਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਵੱਧ ਸਮਾਂ ਮਿਲਦਾ ਹੈ। ਇਹ ਸਤੰਬਰ ਦੇ ਮੱਧ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸਤੰਬਰ ਦੇ ਅੰਤ ਤਕ ਕਟਾਈ ਕੀਤੀ ਜਾ ਸਕਦੀ ਹੈ।

ਝੋਨੇ ਦੀਆਂ ਇਹ ਕਿਸਮਾਂ ਲਾਉਣ 'ਤੇ ਖੇਤ ਅਕਤੂਬਰ ਦੇ ਪਹਿਲੇ ਹਫਤੇ ਵਿਚ ਖਾਲੀ ਹੋ ਜਾਂਦੇ ਹਨ। ਪੀਆਰ 123 ਤੇ 122 ਦੀ ਕਟਾਈ ਅਕਤੂਬਰ ਦੇ ਦੂਸਰੇ ਹਫਤੇ ਦੀ ਸ਼ੁਰੂਆਤ ਵਿਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਕਿਸਾਨ ਪਰਾਲੀ ਕੰਬਾਈਨ ਨਾਲ ਝੋਨੇ ਦੀ ਫਸਲ ਦੀ ਕਟਾਈ ਕਰਵਾਉਣ ਤੋਂ ਬਾਅਦ ਬਚੀ ਹੋਈ ਪਰਾਲੀ ਐੱਮਬੀ ਪਲੋ, ਚੋਪਰ ਅਤੇ ਹੋਰਨਾਂ ਮਸ਼ੀਨਾਂ ਦੀ ਮਦਦ ਨਾਲ ਜ਼ਮੀਨ 'ਚ ਮਿਲਾ ਕੇ ਕੁਝ ਦਿਨਾਂ ਵਿਚ ਆਮ ਡਰਿੱਲ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਨਾਲ ਕਣਕ ਦੇ ਝਾੜ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਪਰਾਲੀ ਨੂੰ ਨਾਈਟ੫ੋਜਨ, ਫਾਸਫੋਰਸ ਤੇ ਪੋਟਾਸ਼ੀਅਮ ਖਾਦ ਦੇ ਨਾਲ ਮਿੱਟੀ ਵਿਚ ਮਿਲਾਉਣ ਨਾਲ ਸਿਰਫ ਝਾੜ ਹੀ ਨਹੀਂ ਵਧਦਾ, ਬਲਕਿ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ। ਸੂਬੇ ਵਿਚ ਵੱਧ ਸਮਾਂ ਲੈਣ ਵਾਲੀ ਕਣਕ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਦਸ ਦਸੰਬਰ ਤਕ ਚੱਲਦੀ ਹੈ। ਕਣਕ ਦੀ ਕਿਸਮ ਪੀਬੀਡਬਲਯੂ 550 ਦੀ ਬਿਜਾਈ ਨਵੰਬਰ ਦੇ ਦੂਸਰੇ ਹਫਤੇ ਸ਼ੁਰੂ ਕੀਤੀ ਜਾਂਦੀ ਹੈ ਕਿਉਂਕਿ ਇਹ ਘੱਟ ਸਮੇਂ 'ਚ ਪੱਕਣ ਵਾਲੀ ਕਿਸਮ ਹੈ। ਅਜਿਹੇ ਹਾਲਾਤ ਵਿਚ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਉਹ ਪੀਏਯੂ ਦੀ ਪਰਮਲ ਝੋਨੇ ਦੀ ਨਵੀਂ ਪੀਆਰ ਕਿਸਮ ਲਗਾਉਣ। ਇਸ ਨਾਲ ਉਨ੍ਹਾਂ ਦੇ ਖੇਤ ਅਕਤੂਬਰ ਦੇ ਪਹਿਲੇ ਹਫਤੇ ਦੇ ਆਸ-ਪਾਸ ਖਾਲੀ ਹੋ ਜਾਣਗੇ ਤਾਂ ਉਨ੍ਹਾਂ ਨੂੰ ਕਣਕ ਦੀ ਬਿਜਾਈ ਲਈ 15 ਨਵੰਬਰ ਤਕ ਦਾ ਬਹੁਤ ਸਮਾਂ ਮਿਲ ਜਾਵੇਗਾ, ਜਦਕਿ ਦੂਸਰੇ ਪਾਸੇ ਝੋਨੇ ਦੀ ਪੂਸਾ 44 ਪਨੀਰੀ ਸਮੇਤ ਪੱਕਣ ਵਿਚ ਲਗਪਗ 160 ਦਿਨ ਅਤੇ ਪੀਆਰ 118 ਕਿਸਮ 158 ਦਿਨ ਲੈਂਦੀ ਹੈ। ਇਨ੍ਹਾਂ ਦੋਵਾਂ ਕਿਸਮਾਂ ਦੀ ਝੋਨੇ ਦੀ ਫਸਲ ਦੀ ਕਟਾਈ ਅਕਤੂਬਰ ਵਿਚ ਸ਼ੁਰੂ ਹੁੰਦੀ ਹੈ। ਮਹੀਨੇ ਦੇ ਅੰਤ ਤਕ ਚੱਲਦੀ ਹੈ। ਕਿਸਾਨਾਂ ਨੂੰ ਪਤਾ ਹੈ ਕਿ ਇਹ ਕਿਸਮ ਵੱਧ ਸਮਾਂ ਲੈਂਦੀ ਹੈ ਪਰ ਉਹ ਇਸ ਨੂੰ ਇਸ ਲਈ ਲਗਾਉਂਦੇ ਹਨ, ਕਿਉਂਕਿ ਇਸ ਨਾਲ ਦੂਸਰੀ ਕਿਸਮ ਦੀ ਤੁਲਨਾ ਵਿਚ ਚਾਰ ਤੋਂ ਪੰਜ ਕੁਇੰਟਲ ਵੱਧ ਝਾੜ ਪ੍ਰਾਪਤ ਹੁੰਦਾ ਹੈ।

ਬਿਮਾਰੀਆਂ ਨਾਲ ਲੜਨ 'ਚ ਸਮਰੱਥ ਹੈ ਝੋਨੇ ਦੀਆਂ ਇਹ ਕਿਸਮਾਂ

ਡਾ. ਜਸਕਰਨ ਮਾਹਲ ਅਨੁਸਾਰ ਪੀਆਰ ਕਿਸਮਾਂ ਜਿੱਥੇ ਜਲਦੀ ਪੱਕਦੀਆਂ ਹਨ, ਉੱਥੇ ਇਹ ਬਿਮਾਰੀਆਂ ਨਾਲ ਲੜਨ ਵਿਚ ਵੀ ਸਮਰੱਥ ਹਨ। ਇਹ ਕਿਸਮਾਂ ਝੁਲਸ ਰੋਗ ਦੇ ਜੀਵਾਣੂ ਦੀਆਂ ਜਾਤੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਰੱਖਦੀਆਂ ਹਨ, ਜਦਕਿ ਪੰਜਾਬ ਵਿਚ ਲਗਾਈਆਂ ਜਾਣ ਵਾਲੀਆਂ ਝੋਨੇ ਦੀਆਂ ਰਵਾਇਤੀ ਕਿਸਮਾਂ ਉਕਤ ਬਿਮਾਰੀਆਂ ਨਾਲ ਲੜਨ ਵਿਚ ਸਮਰੱਥ ਨਹੀਂ ਹਨ। ਡਾ. ਮਾਹਲ ਕਹਿੰਦੇ ਹਨ ਕਿ ਪੀਏਯੂ ਦਾ ਜ਼ਿਆਦਾਤਰ ਧਿਆਨ ਵੱਧ ਪੈਦਾਵਾਰ ਦੇ ਨਾਲ ਜਲਦੀ ਪੱਕਣ, ਉੱਚ ਕੁਆਲਟੀ ਦੇ ਨਾਲ ਘੱਟ ਪਰਾਲੀ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਤਿਆਰ ਕਰਨ 'ਤੇ ਹੈ।

ਪਾਣੀ ਦੀ ਵੀ ਬਚਤ

ਪੀਆਰ ਕਿਸਮਾਂ ਘੱਟ ਸਮੇਂ 'ਚ ਪੱਕ ਜਾਂਦੀਆਂ ਹਨ। ਇਸ ਨਾਲ ਫਸਲ ਦੇ ਪੱਕਣ ਦੇ ਦਿਨ ਘੱਟ ਹੋ ਜਾਂਦੇ ਹਨ। ਜਲਦੀ ਪੱਕਣ ਕਾਰਨ ਫਸਲ ਦੀ ਸਿੰਚਾਈ ਘੱਟ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ, ਜਦਕਿ ਰਵਾਇਤੀ ਕਿਸਮਾਂ ਲੇਟ ਪੱਕਣ ਕਾਰਨ ਵੱਧ ਸਿੰਚਾਈ ਮੰਗਦੀਆਂ ਹਨ।

ਕਿਸਾਨ ਮੇਲਿਆਂ ਤੇ ਕੈਂਪਾਂ 'ਚ ਕੀਤਾ ਜਾ ਰਿਹਾ ਜਾਗਰੂਕ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕਿਸਾਨ ਮੇਲਿਆਂ ਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਪਰਮਲ ਝੋਨੇ ਦੀ ਨਵੀਂ ਕਿਸਮ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਦਾ ਸਿੱਟਾ ਹੈ ਕਿ ਪਰਮਲ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਬੀਜਣ ਕਾਰਨ ਉਤਪਾਦਨ ਵਿਚ ਉਤਸ਼ਾਹਜਨਕ ਵਾਧਾ ਹੋਇਆ ਹੈ। ਸਾਲ 2012 ਦੌਰਾਨ ਪੱਕਣ ਵਿਚ ਵੱਧ ਸਮਾਂ ਲੈਣ ਵਾਲੀ ਪੂਸਾ 44 ਤਹਿਤ 50 ਫੀਸਦੀ ਰਕਬਾ ਅਤੇ ਪੀਆਰ ਕਿਸਮਾਂ ਤਹਿਤ 30 ਫੀਸਦੀ ਰਕਬਾ ਸੀ, ਜਦਕਿ ਸਾਲ 2016 ਤੋਂ ਬਾਅਦ ਪੀਆਰ ਕਿਸਮਾਂ ਦਾ ਰਕਬਾ ਵਧ ਕੇ 62 ਫੀਸਦੀ ਤਕ ਪਹੁੰਚ ਗਿਆ ਹੈ ਅਤੇ ਪੂਸਾ 44 ਦਾ ਰਕਬਾ ਘੱਟ ਕੇ 30 ਫੀਸਦੀ ਰਹਿ ਗਿਆ ਹੈ।

ਕੀ ਕਹਿੰਦੇ ਨੇ ਕਿਸਾਨ

ਮੈਂ ਪੰਜ ਏਕੜ ਵਿਚ ਝੋਨੇ ਦੀ ਪੀਆਰ 126 ਕਿਸਮ ਲਗਾਈ ਸੀ। ਇਕ ਹਫਤਾ ਪਹਿਲਾਂ ਝੋਨੇ ਦੀ ਕਟਾਈ ਕਰ ਕੇ ਮੰਡੀ ਵਿਚ ਵੇਚ ਦਿੱਤਾ। ਬਚੀ ਪਰਾਲੀ ਨੂੰ ਮਲਚਰ, ਪਲਟਾਵੇ ਹਲ, ਤਵੇ ਅਤੇ ਹਲ ਚਲਾ ਕੇ ਖੇਤ ਵਿਚ ਹੀ ਮਿਲਾ ਦਿੱਤਾ। ਹੁਣ ਆਲੂ ਦੀ ਬਿਜਾਈ ਕਰਨ ਜਾ ਰਿਹਾ ਹਾਂ। ਪੀਆਰ 126 ਕਿਸਮ ਬਹੁਤ ਵਧੀਆ ਹੈ। ਇਸ ਨਾਲ ਉਨ੍ਹਾਂ ਦੇ ਖੇਤ ਜਲਦੀ ਖਾਲੀ ਹੋ ਗਏ। ਜੇ ਉਨ੍ਹਾਂ ਨੇ ਝੋਨੇ ਦੀ ਪੁਰਾਣੀ ਕਿਸਮ ਲਗਾਈ ਹੁੰਦੀ ਤਾਂ ਉਹ ਅਕਤੂਬਰ ਦੇ ਦੂਸਰੇ ਹਫਤੇ ਤੋਂ ਬਾਅਦ ਪੱਕਦੀ।

- ਅਵਤਾਰ ਸਿੰਘ ਸੰਧੂ,

ਪਿੰਡ ਕਾਦੀਆਂ, ਗੁਰਦਾਸਪੁਰ।

ਮੈਂ ਢਾਈ ਏਕੜ 'ਚ ਪੀਏਯੂ ਦੀ ਪਰਮਲ ਝੋਨੇ ਦੀ ਪੀਆਰ 126 ਕਿਸਮ ਲਗਾਈ ਸੀ। ਇਹ ਸਤੰਬਰ ਦੇ ਅੰਤ ਤਕ ਪੱਕ ਜਾਂਦੀ ਹੈ, ਪਰ ਇਸ ਵਾਰ ਸਤੰਬਰ ਵਿਚ ਬਾਰਸ਼ ਹੋਣ ਕਾਰਨ ਕਟਾਈ ਥੋੜ੍ਹੀ ਲੇਟ ਹੋ ਗਈ ਪਰ ਅਕਤੂਬਰ ਦੇ ਪਹਿਲੇ ਹਫਤੇ 'ਚ ਫਸਲ ਦੀ ਕਟਾਈ ਕਰ ਲਈ ਹੈ। ਹੁਣ ਮੰਡੀ ਵਿਚ ਲਿਜਾਣ ਦੀ ਤਿਆਰੀ ਹੈ। ਰੇਟ ਸਹੀ ਨਾ ਮਿਲਣ ਕਾਰਨ ਫਸਲ ਘਰ 'ਚ ਹੀ ਹੈ। ਝੋਨੇ ਦੀ ਕਟਾਈ ਤੋਂ ਬਾਅਦ ਜੋ ਪਰਾਲੀ ਬਚੀ ਸੀ, ਉਸ ਨੂੰ ਮਸ਼ੀਨਾਂ ਜ਼ਰੀਏ ਖੇਤ ਵਿਚ ਹੀ ਮਿਲਾ ਦਿੱਤਾ ਹੈ। ਹੁਣ ਉਹ ਪਸ਼ੂਆਂ ਲਈ ਹਰਾ ਚਾਰਾ ਬੀਜਣਗੇ।

- ਗੁਰਇਕਬਾਲ ਸਿੰਘ,

ਪਿੰਡ ਘੋਤਪੋਖਰ, ਗੁਰਦਾਸਪੁਰ।

ਬਹੁਤ ਨੇ ਉਪਾਅ

ਪਰਾਲੀ ਨਾਲ ਮਸ਼ਰੂਮ ਉਤਪਾਦਨ

ਪੀਏਯੂ ਵੱਲੋਂ ਕਣਕ ਦੀ ਤੂੜੀ ਦੇ ਨਾਲ ਪਰਾਲੀ ਨੂੰ ਮਿਲਾ ਕੇ ਮਸ਼ਰੂਮ ਉਤਪਾਦਨ ਦੀ ਤਕਨੀਕ ਵੀ ਵਿਕਸਿਤ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਪਰਾਲੀ ਦੀ ਮਦਦ ਨਾਲ ਸਰਦੀਆਂ ਵਿਚ ਬਟਨ ਮਸ਼ਰੂਮ ਤੇ ਢੀਂਗਰੀ ਮਸ਼ਰੂਮ ਦਾ ਉਤਪਾਦਨ ਅਤੇ ਗਰਮੀਆਂ ਵਿਚ ਪਰਾਲੀ ਮਸ਼ਰੂਮ ਦੇ ਉਤਪਾਦਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਰਕਾਰ ਵੀ ਇਸ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਜ਼ੋਰ ਦੇ ਰਹੀ ਹੈ ਕਿਉਂਕਿ ਇਸ ਦਾ ਮੰਡੀਕਰਨ ਕਾਫੀ ਆਸਾਨ ਹੈ। ਮਸ਼ਰੂਮ ਉਤਪਾਦਨ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਖਾਦ ਵਜੋਂ ਖੇਤਾਂ ਵਿਚ ਵਰਤਿਆ ਜਾ ਸਕਦਾ ਹੈ।

ਪਰਾਲੀ ਨਾ ਸਾੜ ਕੇ ਉਪਜ ਵਧਾਈ, ਖਾਦ ਵੇਚ ਕੇ ਕਮਾਈ

ਫੋਟੋ - 4, 5

ਇਹ ਬਣੇ ਮਿਸਾਲ

ਖੁਸ਼ਹਾਲ ਸਿੰਘਵਾਲਾ ਦੇ ਪ੍ਰਗਤੀਸ਼ੀਲ ਕਿਸਾਨ ਨੇ ਦੂਸਰੇ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

- 25 ਬੋਰੀ ਪ੍ਰਤੀ ਏਕੜ ਆਲੂ ਦਾ ਉਤਪਾਦਨ ਵਧਿਆ ਪਰਾਲੀ ਦੀ ਖਾਦ ਨਾਲ

- 1500 ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਖਾਦ ਵੇਚ ਕੇ ਕੀਤੀ ਕਮਾਈ

ਸੰਦੀਪ ਸਿੰਘ ਧਾਮੂ, ਫਿਰੋਜ਼ਪੁਰ

ਪਰਾਲੀ ਨਾ ਸਾੜਨਾ ਕਿਸਾਨਾਂ ਲਈ 'ਸੱਪ ਵੀ ਮਰ ਜਾਵੇ, ਲਾਠੀ ਵੀ ਨਾ ਟੁੱਟੇ' ਸਾਬਤ ਹੋ ਸਕਦਾ ਹੈ। ਅਜਿਹਾ ਹੀ ਸਾਬਤ ਕਰ ਕੇ ਦਿਖਾਇਆ ਹੈ ਪਿੰਡ ਖੁਸ਼ਹਾਲ ਸਿੰਘਵਾਲਾ ਦੇ ਪ੍ਰਗਤੀਸ਼ੀਲ ਕਿਸਾਨ ਹਰਬੰਸ ਸਿੰਘ ਨੇ। ਹਰਬੰਸ ਨੇ ਪਰਾਲੀ ਨਾ ਸਾੜ ਕੇ ਇਕ ਪਾਸੇ ਖਾਦ ਦੀ ਵਰਤੋਂ ਕਰ ਕੇ ਖੇਤੀ ਦੀ ਲਾਗਤ ਵਿਚ ਬਚਤ ਕੀਤੀ, ਬਲਕਿ ਇਸ ਨਾਲ ਅਗਲੀ ਫਸਲ ਦਾ ਉਤਪਾਦਨ ਵਧਾ ਕੇ ਫਾਇਦਾ ਲਿਆ। ਪਰਾਲੀ ਤੋਂ ਬਣੀ ਖਾਦ ਵੇਚ ਕੇ ਕਮਾਈ ਵੀ ਕੀਤੀ। ਯਾਨੀ ਇਕ ਚੰਗੇ ਯਤਨ ਨਾਲ ਤਿੱਗਣਾ ਫਾਇਦਾ ਉਠਾਇਆ। ਉਨ੍ਹਾਂ ਨੇ ਖੁਦ ਵੀ ਪਰਾਲੀ ਨਹੀਂ ਸਾੜੀ ਅਤੇ ਹੋਰਨਾਂ ਕਿਸਾਨਾਂ ਨੂੰ ਇਸ ਦੇ ਲਈ ਪ੍ਰੇਰਿਤ ਕੀਤਾ। ਹਰਬੰਸ ਇਸ ਵਾਰ ਵੀ ਨਾ ਤਾਂ ਖੁਦ ਪਰਾਲੀ ਸਾੜਨਗੇ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੇ।

ਖਾਦ ਬਣਾਉਣ ਲਈ ਇਹ ਤਕਨੀਕ ਅਪਣਾਈ

ਮੈਟਿ੫ਕ ਪਾਸ ਹਰਬੰਸ ਅਨੁਸਾਰ ਪਿਛਲੇ ਸਾਲ ਉਨ੍ਹਾਂ ਨੇ ਸੱਤ ਏਕੜ ਵਿਚ ਝੋਨੇ ਦੀ ਫਸਲ ਬੀਜੀ ਸੀ। ਇਸ ਵਿਚ ਛੇ ਏਕੜ ਵਿਚ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਗਾਈ, ਬਲਕਿ ਇਸ ਪਰਾਲੀ ਨੂੰ ਖੇਤ ਵਿਚ ਸੱਤ ਫੁੱਟ ਡੰੂਘਾ ਅਤੇ 30 ਗੁਣਾ 30 ਫੁੱਟ ਲੰਬਾਈ ਤੇ ਚੌੜਾ ਦਾ ਟੋਇਆ ਪੁੱਟ ਕੇ ਇਸ ਵਿਚ ਭਰ ਦਿੱਤਾ। ਪਰਾਲੀ ਦੀ ਤਹਿ ਵਿਛਾ ਕੇ ਉਸ 'ਤੇ ਪਾਣੀ ਦਾ ਿਛੜਕਾਅ ਕਰ ਕੇ ਥੋੜ੍ਹੀ ਯੂਰੀਆ ਤੇ ਗੋਹਾ ਪਾ ਦਿੱਤਾ। ਇਸ ਤੋਂ ਬਾਅਦ ਇਹੀ ਤਰੀਕਾ ਦੂਸਰੀ ਤਹਿ 'ਤੇ ਦੁਹਰਾਇਆ ਜਾਂਦਾ ਹੈ। ਪੰਜ ਤਹਿਆਂ ਵਿਚ ਪਰਾਲੀ ਟੋਏ ਵਿਚ ਭਰ ਕੇ ਉਸ ਨੂੰ ਬੰਦ ਕਰ ਦਿੱਤਾ। ਲਗਪਗ ਸਵਾ ਮਹੀਨੇ ਵਿਚ ਟੋਏ 'ਚ ਖਾਦ ਬਣ ਗਈ ਸੀ।

ਰਸਾਇਣਕ ਖਾਦ ਦਾ ਇਕ ਤਿਹਾਈ ਘੱਟ ਪ੍ਰਯੋਗ ਕੀਤਾ

ਹਰਬੰਸ ਅਨੁਸਾਰ ਖੇਤ ਵਿਚ ਪਰਾਲੀ ਨਾ ਸਾੜਨ ਤੋਂ ਬਾਅਦ ਇਸ ਵਿਚ ਆਲੂ ਦੀ ਫਸਲ ਲਗਾਈ ਗਈ। ਆਲੂ ਦਾ ਉਤਪਾਦਨ ਆਮ ਨਾਲੋਂ ਵੱਧ ਹੋਇਆ। ਖੇਤ ਵਿਚ ਝੋਨੇ ਦੀ ਰਹਿੰਦ-ਖੰੂਹਦ ਗਲਣ ਨਾਲ ਰਸਾਇਣਕ ਖਾਦਾਂ ਦੀ ਵੀ ਘੱਟ ਵਰਤੋਂ ਕਰਨੀ ਪਈ। ਇਸ ਨਾਲ ਖੇਤੀ ਦੀ ਲਾਗਤ ਵਿਚ ਕਮੀ ਆਈ। ਇਸ ਤਰ੍ਹਾਂ ਉਨ੍ਹਾਂ ਦੇ ਖੇਤ ਵਿਚ ਇਕ ਏਕੜ 'ਚ 175 ਬੋਰੀ ਆਲੂ ਦਾ ਉਤਪਾਦਨ ਹੁੰਦਾ ਸੀ। ਪਿਛਲੇ ਸਾਲ ਅੌਸਤਨ ਉਤਪਾਦਨ 200 ਬੋਰੀ ਪ੍ਰਤੀ ਏਕੜ ਤਕ ਰਿਹਾ। ਪਹਿਲਾਂ ਉਹ ਆਲੂ ਦੀ ਫਸਲ ਵਿਚ ਯੂਰੀਆ ਖਾਦ ਦੇ 6 ਅਤੇ ਐੱਸਐੱਸਪੀ ਦੇ 3 ਗੱਟੇ ਪਾਉਂਦੇ ਸਨ। ਪਿਛਲੇ ਸਾਲ ਉਨ੍ਹਾਂ ਨੇ ਯੂਰੀਆ ਦੀਆਂ 4 ਅਤੇ ਐੱਸਐੱਸਪੀ ਦੀਆਂ 2 ਬੋਰੀਆਂ ਵਰਤੀਆਂ। ਪਰਾਲੀ ਨੂੰ ਗਾਲ਼ ਕੇ ਬਣਾਈ ਖਾਦ ਨੂੰ ਖੇਤ ਵਿਚ ਪਾ ਕੇ ਮਿੱਟੀ ਦੀ ਸਿਹਤ ਵਿਚ ਸੁਧਾਰ ਕੀਤਾ। ਇਸ ਤੋਂ ਇਲਾਵਾ 1500 ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ 7 ਟਰਾਲੀਆਂ ਖਾਦ ਵੇਚ ਕੇ ਕਮਾਈ ਵੀ ਕੀਤੀ। ਹਰਬੰਸ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਭਤੀਜਿਆਂ ਵੀਰੇਂਦਰ ਸਿੰਘ ਅਤੇ ਦਲਜੀਤ ਸਿੰਘ ਨੇ ਵੀ 9 ਏਕੜ ਵਿਚ ਪਰਾਲੀ ਨਹੀਂ ਸਾੜੀ। ਪਰਾਲੀ ਨੂੰ ਖੇਤ ਵਿਚ ਮਿਲਾ ਦਿੱਤਾ ਗਿਆ।

ਵਧਦੇ ਨੇ ਪੌਸ਼ਟਿਕ ਤੇ ਸੂਖਮ ਜੀਵ

ਪੀਏਯੂ ਦੇ ਖੇਤੀ ਵਿਗਿਆਨ ਕੇਂਦਰ ਦੇ ਸਾਇਲ ਸਾਇੰਟਿਸਟ ਡਾ. ਵਿੱਕੀ ਸਿੰਘ ਅਨੁਸਾਰ ਪਰਾਲੀ ਵਿਚ ਨਾਈਟ੫ੋਜਨ ਸਮੇਤ ਜ਼ਮੀਨ ਲਈ ਲੋੜੀਂਦੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਨਾਲ ਜ਼ਮੀਨ ਵਿਚ ਪੌਸ਼ਟਿਕ ਤੱਤ ਨਹੀਂ ਘਟਦੇ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਪਰਾਲੀ ਨੂੰ ਖੇਤ ਵਿਚ ਜਜ਼ਬ ਕਰਨ ਜਾਂ ਫਿਰ ਖਾਦ ਬਣਾਉਣ ਨਾਲ ਫਾਇਦਾ ਹੁੰਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ù§ü ç·¤S×ô´ ·¤æ ÏæÙ ·¤ÚUð»æ ÂÚUæÜè ·¤æ çÙÎæÙ