ਰੇਆਨ ਦੇ ਅਧਿਕਾਰੀਆਂ ਨੇ ਕੋਰਟ 'ਚ ਕਿਹਾ, ਸਾਡੀ ਗ਼ਲਤੀ ਨਹੀਂ

Updated on: Wed, 13 Sep 2017 09:40 PM (IST)
  

ਪ੍ਰਦੁਮਨ ਹੱਤਿਆ ਕਾਂਡ

ਜ਼ੋਨਲ ਹੈੱਡ ਨੇ ਡਾਇਰੈਕਟਰ ਆਫਿਸ ਨੂੰ ਦੱਸਿਆ ਜ਼ਿੰਮੇਵਾਰ

ਸਕੂਲ ਦੀ ਹਰ ਡਿਮਾਂਡ ਹੈੱਡ ਆਫਿਸ ਭੇਜ ਦਿੱਤੀ ਜਾਂਦੀ ਸੀ, ਉਥੋਂ ਨਹੀਂ ਹੋਈ ਸੁਣਵਾਈ

ਸਤੀਸ਼ ਰਾਘਵ, ਗੁਰੂਗ੍ਰਾਮ

ਵਿਦਿਆਰਥੀ ਪ੍ਰਦੁਮਨ ਹੱਤਿਆ ਕਾਂਡ 'ਚ ਪੁਲਿਸ ਰਿਮਾਂਡ 'ਤੇ ਚੱਲ ਰਹੀ ਰਿਆਨ ਗਰੁੱਪ ਇੰਸਟੀਚਿਊਟ ਸਕੂਲ ਦੇ ਉੱਤਰੀ ਖੇਤਰ ਦੇ ਹੈੱਡ ਫਰਾਂਸਿਸ ਥਾਮਸ ਅਤੇ ਐੱਚਆਰ ਹੈੱਡ ਜਿਊਸ ਥਾਮਸ ਨੂੰ ਬੁੱਧਵਾਰ ਨੂੰ ਸੋਹਨਾ ਕੋਰਟ 'ਚ ਪੇਸ਼ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਪੁੱਛਗਿੱਛ ਲਈ ਫਰਾਂਸਿਸ ਥਾਮਸ ਦੀ ਹੋਰ ਰਿਮਾਂਡ ਚਾਹੀਦੀ ਹੈ। ਉੱਧਰ ਐੱਚਆਰ ਹੈੱਡ ਨੂੰ ਜੇਲ੍ਹ ਭੇਜਣ ਦੀ ਸਿਫਾਰਸ਼ ਕੀਤੀ ਗਈ। ਅਦਾਲਤ ਨੇ ਫਰਾਂਸਿਸ ਨੂੰ 16 ਸਤੰੰਬਰ ਤਕ ਪੁਲਿਸ ਰਿਮਾਂਡ 'ਤੇ ਰੱਖਣ ਲਈ ਕਿਹਾ ਤਾਂ ਉੱਥੇ ਦੂਜੇ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ। ਰਿਮਾਂਡ ਦੀ ਗੱਲ ਸੁਣਦੇ ਹੀ ਫਰਾਂਸਿਸ ਥਾਮਸ ਦੇ ਪੈਰ ਕੰਬਣ ਲੱਗੇ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਉੱਪਰ ਲੱਗੇ ਦੋਸ਼ ਗ਼ਲਤ ਹਨ। ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਸਕੂਲ 'ਚ ਹੋਈ ਬੱਚੇ ਦੀ ਹੱਤਿਆ ਲਈ ਸਕੂਲ ਮੈਨੇਜਮੈਂਟ ਜ਼ਿੰਮੇਵਾਰ ਹੈ। ਪੁਲਿਸ ਜਾਂਚ 'ਚ ਸਕੂਲ 'ਚ ਬੱਚਿਆਂ ਦੀ ਸੁਰੱਖਿਆ ਦੀ ਲਾਪਰਵਾਹੀ ਸਾਹਮਣੇ ਆਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੁੰ ਜਿਹੜੀ ਜਾਣਕਾਰੀ ਚਾਹੀਦੀ ਹੈ ਉਸ ਨੂੰ ਉੱਤਰੀ ਜ਼ੋਨ ਹੈੱਡ ਫਰਾਂਸਿਸ ਹੀ ਮੁਹੱਈਆ ਕਰਾ ਸਕਦਾ ਹੈ।

ਪ੍ਰਦੁਮਨ ਤੁਹਾਡਾ ਬੇਟਾ ਹੁੰਦਾ ਤਾਂ ਅਹਿਸਾਸ ਹੁੰਦਾ

ਫਰਾਂਸਿਸ ਥਾਮਸ ਨੇ ਬਚਾਅ 'ਚ ਕਿਹਾ ਕਿ ਉਹ ਦਿੱਲੀ ਬੈਠਦੇ ਹਨ। ਸਕੂਲ ਦੀ ਜੋ ਵੀ ਮੰਗ ਉਨ੍ਹਾਂ ਕੋਲ ਆਉਂਦੀ ਸੀ ਉਸ ਨੂੰ ਉਹ ਮੁੰਬਈ ਸਥਿਤ ਹੈੱਡ ਆਫਿਸ ਭੇਜ ਦਿੰਦੇ ਸਨ। ਉਥੋਂ ਮਨਜ਼ੂਰੀ ਨਹੀਂ ਮਿਲਦੀ ਸੀ। ਇਸ ਵਿਚ ਸਾਡਾ ਕੀ ਦੋਸ਼ ਹੈ? ਇਹ ਸੁਣਦੇ ਹੀ ਅਦਾਲਤ ਨੇ ਕਿਹਾ ਕਿ ਜਦੋਂ ਤੁਹਾਡੀ ਨਹੀਂ ਸੁਣੀ ਜਾ ਰਹੀ ਸੀ ਤਾਂ ਤੁਸੀਂ ਨੌਕਰੀ ਕਿਉਂ ਕਰ ਰਹੇ ਸੀ? ਤੁਹਾਨੂੰ ਨਹੀਂ ਪਤਾ ਸੀ ਕਿ ਮੰਗ ਬੱਚਿਆਂ ਦੀ ਸੁਰੱਖਿਆ ਲਈ ਹੁੰਦੀ ਸੀ? ਪ੍ਰਦੁਮਨ ਤੁਹਾਡਾ ਬੇਟਾ ਹੁੰਦਾ ਤਾਂ ਪਤਾ ਲੱਗਦਾ। ਤੁਹਾਡੇ ਸਾਰਿਆਂ ਦੀ ਲਾਪਰਵਾਹੀ ਨਾਲ ਇਕ ਮਾਂ-ਬਾਪ 'ਤੇ ਕੀ ਬੀਤ ਰਹੀ ਹੈ?

ਮੰਤਰੀ ਜੀ, ਦੇਸ਼ ਦੇ ਕਰੋੜਾਂ ਬੱਚਿਆਂ ਲਈ ਹੋਵੇਗੀ ਸੀਬੀਆਈ ਜਾਂਚ

ਗੁਰੂਗ੍ਰਾਮ : ਰੇਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਨ ਦੇ ਪਰਿਵਾਰਕ ਮੈਂਬਰਾਂ ਨੂੰ ਤਸੱਲੀ ਦੇਣ ਲਈ ਬੁੱਧਵਾਰ ਨੂੰ ਕੇਂਦਰੀ ਖੁਰਾਕ ਅਤੇ ਖੱਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਪਹੁੰਚੇ। ਉਹ ਲਗਪਗ ਅੱਧਾ ਘੰਟਾ ਇੱਥੇ ਰੁਕੇ। ਇਸ ਦੌਰਾਨ ਉਨ੍ਹਾਂ ਨੇ ਪ੍ਰਦੁਮਨ ਦੇ ਪਿਤਾ ਵਰੁਣ ਚੰਦ ਠਾਕੁਰ ਨੂੰ ਦੋ ਸਵਾਲ ਕੀਤੇ। ਉਨ੍ਹਾਂ ਪੁੱਿਛਆ ਕਿ ਜਦੋਂ ਪੂਰੀ ਹਰਿਆਣਾ ਸਰਕਾਰ ਲੱਗੀ ਹੋਈ ਹੈ ਤਾਂ ਫਿਰ ਤੁਸੀਂ ਸੀਬੀਆਈ ਜਾਂਚ 'ਤੇ ਕਿਉਂ ਜ਼ੋਰ ਦੇ ਰਹੇ ਹੋ? ਤੁਹਾਨੂੰ ਸੁਪਰੀਮ ਕੋਰਟ ਜਾਣ ਦੀ ਲੋੜ ਕਿਉਂ ਮਹਿਸੂਸ ਹੋਈ? ਦੋਨਾਂ ਸਵਾਲਾਂ ਦੇ ਜਵਾਬ ਵਿਚ ਠਾਕੁਰ ਨੇ ਮੰਤਰੀ 'ਤੇ ਸਵਾਲਾਂ ਦੀ ਵਾਛੜ ਕਰ ਦਿੱਤੀ। ਪਾਸਵਾਨ ਨੇ ਠਾਕੁਰ ਦੇ ਸਵਾਲਾਂ ਨੂੰ ਸੁਣਨ ਦੇ ਬਾਅਦ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਸੀਬੀਆਈ ਜਾਂਚ ਕਰਾਉਣ ਲਈ ਕਹਿਣਗੇ।

ਸੀਬੀਐੱਸਈ ਟੀਮ ਨੇ ਕੀਤਾ ਸਕੂਲ ਦਾ ਦੌਰਾ

ਗੁਰੂਗ੍ਰਾਮ : ਰੇਆਨ ਇੰਟਰਨੈਸ਼ਨਲ ਸਕੂਲ 'ਚ ਕੀ-ਕੀ ਕਮੀਆਂ ਹਨ, ਇਹ ਜਾਣਨ ਲਈ ਬੁੱਧਵਾਰ ਨੂੰ ਸੀਬੀਐੱਸਈ ਦੀ ਇਕ ਟੀਮ ਨੇ ਦੌਰਾ ਕੀਤਾ। ਟੀਮ ਦੇ ਮੈਂਬਰਾਂ ਨੇ ਬਾਰੀਕੀ ਨਾਲ ਇਕ-ਇਕ ਵਿਸ਼ੇ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਕੀ-ਕੀ ਕਮੀਆਂ ਹਨ, ਇਸ ਬਾਰੇ ਜਵਾਬ ਦੇਣ ਤੋਂ ਮੈਂਬਰਾਂ ਨੇ ਇਨਕਾਰ ਕਰ ਦਿੱਤਾ। ਸ਼ੁੱਕਰਵਾਰ ਨੂੰ ਸਕੂਲ ਦੇ ਦੂਜੀ ਕਲਾਸ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਬਾਅਦ ਸੀਬੀਐੱਸਈ ਵੱਲੋਂ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਉੱਥੇ ਸੂਤਰਾਂ ਮੁਤਾਬਿਕ ਬੁੱਧਵਾਰ ਨੂੰ ਐੱਸਆਈਟੀ ਨੇ ਸਕੂਲ ਦੇ ਸਾਰੇ ਗਾਰਡਾਂ ਤੋਂ ਵੀ ਪੁੱਛਗਿੱਛ ਕੀਤੀ। ਗਾਰਡਾਂ ਨੇ ਸਵੀਕਾਰ ਕੀਤਾ ਕਿ ਬੱਸ ਡਰਾਈਵਰ ਅਤੇ ਸਹਾਇਕ ਬੱਚਿਆਂ ਦੇ ਬਾਥਰੂਮ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਅਲੱਗ ਉਨ੍ਹਾਂ ਲਈ ਅਲੱਗ ਸਹੂਲਤ ਨਹੀਂ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ryan school