ਸਾਰੇ ਵਿਭਾਗਾਂ ਦੇ ਬਜਟ 'ਤੇ 5 ਫ਼ੀਸਦੀ ਘਟਾਉਣ ਦੀ ਤਜਵੀਜ਼

Updated on: Wed, 16 May 2018 09:07 PM (IST)
  

ਸਿੱਖਿਆ ਨੂੰ ਮਿਲੇਗਾ 887 ਕਰੋੜ ਦਾ ਬਜਟ

ਸਟੇਟ ਬਿਊਰੋ, ਚੰਡੀਗੜ੍ਹ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਲਈ ਵਾਧੂ ਮਾਲੀਆ ਇਕੱਠਾ ਕਰਨ ਲਈ ਬਾਕੀ ਸਾਰੇ ਵਿਭਾਗਾਂ ਦੇ ਬਜਟ 'ਤੇ ਪੰਜ ਫ਼ੀਸਦੀ ਕੱਟ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੂਬੇ ਦੇ ਵਿਕਾਸ ਲਈ ਸਭ ਤੋਂ ਅਹਿਮ ਹੈ। ਸੀਐੱਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ 'ਚ ਨਿਵੇਸ਼ ਵਧਾਉਣ ਲਈ ਦੂਜੇ ਵਿਭਾਗਾਂ 'ਚ ਕਟੌਤੀ ਕਰਨ ਸਮੇਤ ਸਾਰੇ ਕਦਮ ਉਠਾਏਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸਿੱਖਿਆ ਲਈ 887 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ ਜਦਕਿ ਇਸ ਸਮੇਂ ਸਿੱਖਿਆ ਲਈ 14 ਫ਼ੀਸਦੀ ਹੀ ਅਲਾਟ ਹੈ ਜੋ 2916 ਕਰੋੜ ਰੁਪਏ ਬਣਦਾ ਹੈ। ਬਾਕੀ ਵਿਭਾਗਾਂ ਤੋਂ ਪੰਜ ਫ਼ੀਸਦੀ ਕੱਟ ਲਾ ਕੇ ਲੈਣ ਨਾਲ ਇਹ 3803 ਕਰੋੜ ਰੁਪਏ ਹੋ ਜਾਵੇਗਾ ਜੋ 21 ਫ਼ੀਸਦੀ ਬਣਦਾ ਹੈ। ਕੈਪਟਨ ਅਮਰਿੰਦਰ ਸਿੰਘ ਇੱਥੇ ਇਕ ਸਮਾਗਮ 'ਚ ਬੋਲ ਰਹੇ ਸਨ।

----------

ਜਦੋਂ ਤਕ ਪਾਣੀ ਦੀ ਵੰਡ ਨਹੀਂ, ਐੱਸਵਾਈਐੱਲ ਨਹੀਂ

ਸੀਐੱਮ ਨੇ ਕਿਹਾ ਕਿ ਐੱਸਵਾਈਐੱਲ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਣੀ ਦੀ ਵੰਡ ਬਾਰੇ ਕੋਈ ਫ਼ੈਸਲਾ ਨਹੀਂ ਹੁੰਦਾ, ਤਦੋਂ ਤਕ ਐੱਸਵਾਈਐੱਲ ਨਹਿਰ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜ਼ਮੀਨੀ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣੇ ਦਰਮਿਆਨ ਵਸੀਲਿਆਂ ਦੀ ਵੰਡ 60:40 'ਚ ਹੋਈ ਸੀ ਪਰ ਯਮੁਨਾ ਦਾ ਸਾਰਾ ਪਾਣੀ ਹਰਿਆਣੇ ਨੂੰ ਚਲਾ ਗਿਆ ਹੈ।

200 ਰੁਪਏ ਪ੍ਰੋਫੈਸ਼ਨਲ ਟੈਕਸ ਲਾਉਣ ਪਿੱਛੇ ਸੀਐੱਮ ਨੇ ਕਿਹਾ ਕਿ ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਇਲਾਵਾ ਹੋਰ ਵਸੀਲੇ ਇਕੱਠੇ ਕਰਨ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਦਾ ਸੰਕਟ ਰਾਸ਼ਟਰੀ ਸਮੱਸਿਆ ਹੈ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਹੱਲ ਕੀਤੇ ਜਾਣ ਦੀ ਲੋੜ ਹੈ। ਪਰ ਇਸ ਗੰਭੀਰ ਮਸਲੇ ਨੂੰ ਸਿਆਸੀ ਲਾਭ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

------------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: reducing budget