ਸਤਲੋਕ ਆਸ਼ਰਮ 'ਚ ਛੇ ਹੱਤਿਆਵਾਂ ਲਈ ਰਾਮਪਾਲ, ਪੁੱਤਰ ਤੇ ਭਣੇਵਾਂ ਦੋਸ਼ੀ ਕਰਾਰ

Updated on: Thu, 11 Oct 2018 09:46 PM (IST)
  

26 ਹੋਰ ਪੈਰੋਕਾਰਾਂ ਨੂੰ ਵੀ ਅਦਾਲਤ ਨੇ ਦੋਸ਼ੀ ਮੰਨਿਆ. 16-17 ਨੂੰ ਸੁਣਾਈ ਜਾਵੇਗੀ ਸਜ਼ਾ

ਆਸ਼ਰਮ 'ਚ ਨਵੰਬਰ 2014 'ਚ ਪੰਜ ਅੌਰਤਾਂ ਤੇ ਇਕ ਬੱਚੇ ਦੀ ਹੋਈ ਸੀ ਮੌਤ

ਪੁਲਿਸ ਤੋਂ ਬਚਣ ਲਈ ਬੱਚਿਆਂ ਤੇ ਅੌਰਤਾਂ ਨੂੰ ਬਣਾਇਆ ਸੀ ਢਾਲ਼, ਬਿਠਾ ਦਿੱਤਾ ਸੀ ਗੇਟ 'ਤੇ

ਜੇਐੱਨਐੱਨ, ਹਿਸਾਰ : ਹੱਤਿਆ, ਬੰਧਕ ਬਣਾਉਣ ਤੇ ਸਾਜ਼ਿਸ਼ ਰਚਨ ਦੇ ਦੋ ਮਾਮਲਿਆਂ 'ਚ ਅਦਾਲਤ ਨੇ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ, ਉਸ ਦੇ ਪੁੱਤਰ ਬਿਜੇਂਦਰ ਉਰਫ਼ ਵਿਰੇਂਦਰ ਤੇ ਭਣੇਵੇਂ ਜੋਗੇਂਦਰ ਉਰਫ਼ ਬਿੱਲੂ ਸਮੇਤ 29 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਵਿਚ ਇਸਤਰੀ ਵਿੰਗ ਦੀ ਮੁਖੀ ਰਹੀ ਬਬੀਤਾ, ਉਸ ਦੀ ਭੈਣ ਪੂਨਮ, ਮਾਸੀ ਸਵਿੱਤਰੀ ਵੀ ਸ਼ਾਮਲ ਹਨ। ਸਜ਼ਾ ਦਾ ਫ਼ੈਸਲਾ 16 ਤੇ 17 ਅਕਤੂਬਰ ਨੂੰ ਸੁਣਾਇਆ ਜਾਵੇਗਾ। ਤਿੰਨ ਮੁਲਜ਼ਮਾਂ ਨੂੰ ਅਜੇ ਫੜਿਆ ਨਹੀਂ ਜਾ ਸਕਿਆ। ਇਨ੍ਹਾਂ ਵਿਚ ਰਾਮਪਾਲ ਦੀ ਧੀ ਨੀਲਮ, ਰਿਸ਼ਤੇਦਾਰ ਰਾਜਬਾਲਾ ਤੇ ਸੰਜੇ ਫ਼ੌਜੀ ਸ਼ਾਮਲ ਹਨ। 2014 'ਚ ਰਾਮਪਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਪੁਲਿਸ ਉਸ ਨੂੰ ਫੜਨ ਲਈ 18 ਨੰਬਰ 2014 ਨੂੰ ਬਰਵਾਲਾ ਸਥਿਤ ਸਤਲੋਕ ਆਸ਼ਰਮ ਦੇ ਬਾਹਰ ਪੁੱਜ ਗਈ। ਇਸ ਦੌਰਾਨ ਰਾਮਪਾਲ ਦੇ ਸਮਰਥਕਾਂ ਤੇ ਪੁਲਿਸ ਵਾਲਿਆਂ ਵਿਚਾਲੇ ਟਕਰਾਅ ਹੋ ਗਿਆ। ਰਾਮਪਾਲ ਨੇ ਪੁਲਿਸ ਕਾਰਵਾਈ ਤੋਂ ਬਚਣ ਲਈ ਅੌਰਤ ਪੈਰੋਕਾਰਾਂ ਤੇ ਬੱਚਿਆਂ ਨੂੰ ਢਾਲ਼ ਬਣਾ ਕੇ ਆਸ਼ਰਮ ਦੇ ਗੇਟ 'ਤੇ ਬਿਠਾ ਦਿੱਤਾ ਸੀ। ਆਸ਼ਰਮ ਖ਼ਾਲੀ ਕਰਨ ਦੌਰਾਨ ਪੁਲਿਸ ਨੂੰ ਪੰਜ ਅੌਰਤਾਂ ਤੇ ਇਕ ਬੱਚੇ ਦੀ ਲਾਸ਼ ਮਿਲੀ ਸੀ। ਪੁਲਿਸ ਨੇ 19 ਨਵੰਬਰ 2014 ਨੂੰ ਹੱਤਿਆ ਦੇ ਦੋ ਮੁਕੱਦਮੇ ਦਰਜ ਕੀਤੇ ਸਨ। ਹਾਲਾਂਕਿ ਅਦਾਲਤ 'ਚ ਸ਼ਿਕਾਇਤਕਰਤਾ ਗਾਜ਼ੀਆਬਾਦ ਨਿਵਾਸੀ ਸੁਰੇਸ਼ ਤੇ ਦਿੱਲੀ ਨਿਵਾਸੀ ਸ਼ਿਵਪਾਲ ਆਪਣੇ ਬਿਆਨ ਤੋਂ ਮੁੱਕਰ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਛੇ ਮੌਤਾਂ ਰਾਮਪਾਲ ਕਾਰਨ ਨਹੀਂ ਬਲਕਿ ਪੁਲਿਸ ਵੱਲੋਂ ਵਰਤੇ ਗਏ ਬਲ ਕਾਰਨ ਹੋਈਆਂ ਹਨ।

---------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rapal news