ਨਵੀਂ ਦਿੱਲੀ - ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ 'ਤੇ ਚਾਰ ਸਾਲ ਬਾਅਦ ਹੱਤਿਆ ਦੇ ਕੇਸ 'ਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਅੱਜ ਫ਼ੈਸਲਾ ਸੁਣਾਇਆ। ਹਿਸਾਰ ਕੋਰਟ ਨੇ ਹੱਤਿਆ ਦੇ ਦੋ ਮਾਮਲਿਆਂ 'ਚ ਰਾਮਪਾਲ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਸਜ਼ਾ ਦਾ ਐਲਾਨ 16 ਜਾਂ 17 ਅਕਤੂਬਰ ਨੂੰ ਕਰੇਗੀ। ਸੈਂਟਰਲ ਜੇਲ੍ਹ-1 'ਚ ਬਣਾਈ ਗਈ ਵਿਸ਼ੇਸ਼ ਅਦਲਾਤ 'ਚ ਜੱਜ ਡੀਆਰ ਚਾਲਿਆ ਨੇ ਮਾਮਲੇ 'ਤੇ ਫ਼ੈਸਲਾ ਸੁਣਾਇਆ। ਇਸ ਤੋਂ ਪਹਿਲਾਂ ਰਾਮਪਾਲ ਨੂੰ ਛੱਡ ਕੇ ਬਾਕੀ ਸਾਰੇ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਮਪਾਲ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਹਿਸਾਰ ਸਪੈਸ਼ਲ ਕੋਰਟ ਦੇ ਜੱਜ ਡੀਆਰ ਚਾਲਿਆ ਸਾਹਮਣੇ ਦੋਵਾਂ ਪੱਖਾਂ ਦੇ ਵਕੀਲਾਂ ਨੇ ਫ਼ੈਸਲੇ ਨੂੰ ਲੈ ਕੇ ਆਪਣੇ-ਆਪਣੇ ਪੱਖ ਰੱਖੇ, ਜਿਸ ਤੋਂ ਬਾਅਦ ਜੱਜ ਚਾਲਿਆ ਵੱਲੋਂ ਫ਼ੈਸਲਾ ਸੁਣਾਇਆ ਗਿਆ ਤੇ ਰਾਮਪਾਲ ਨੂੰ ਦੋ ਹੱਤਿਆਵਾਂ 'ਚ ਦੋਸ਼ੀ ਕਰਾਰ ਦਿੱਤਾ। ਜੇਲ੍ਹ ਦੇ ਬਾਹਰ ਨਾਕਾ ਲਗਾ ਕੇ ਪੁਲਿਸ ਅਤੇ ਆਰਏਐੱਫ਼ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਧਰ ਰਾਮਪਾਲ ਦੇ ਵਕੀਲ ਐਡਵੋਕੇਟ ਏਪੀ ਸਿੰਘ ਨੇ ਪੁਲਿਸ 'ਤੇ ਖ਼ੁਦ ਨੂੰ ਸੈਂਟਰਲ ਜੇਲ੍ਹ ਅੰਦਰ ਬਣੀ ਵਿਸ਼ੇਸ਼ ਅਦਲਾਤ 'ਚ ਜਾਣ ਤੋਂ ਰੋਕਣ ਦਾ ਦੋਸ਼ ਲਾਇਆ ਹੈ।