ਸੰਸਾਰ ਭਰ 'ਚ ਧਰਮ, ਵਿਦਿਆ ਅਤੇ ਵਾਤਾਵਰਨ ਦੇ ਤੀਰਥ ਵੱਜੋਂ ਸੰਸਾਰ ਭਰ 'ਚ ਜਾਣੀ ਜਾਂਦੀ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਹੁਣ ਪੰਜਾਬੀ ਜਾਗਰਣ ਦੀ 'ਪੰਜਾਬੀ ਮਾਂ ਬੋਲੀ ਲਹਿਰ, ਪਿੰਡ-ਪਿੰਡ, ਸ਼ਹਿਰ-ਸ਼ਹਿਰ' ਦੇ ਆਗ਼ਾਜ਼ ਦਾ ਗਵਾਹ ਬਣਨ ਜਾ ਰਹੀ ਹੈ। 'ਪੰਜਾਬੀ ਜਾਗਰਣ' ਵੱਲੋਂ ਇਸ ਧਰਤੀ ਨੂੰ ਇਸ ਕਰਕੇ ਚੁਣਿਆ ਗਿਆ ਹੈ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਨੂੰ ਤਰਤੀਬ ਦੇ ਕੇ ਪਹਿਲੀ ਪਾਠਸ਼ਾਲਾ ਇੱਥੇ ਸਥਾਪਤ ਕੀਤੀ ਸੀ। 9 ਜੁਲਾਈ ਨੂੰ ਖਡੂਰ ਸਾਹਿਬ ਦੇ ਨਿਸ਼ਾਨ-ਏ-ਸਿੱਖੀ 'ਚ ਇਸ ਮੁਹਿੰਮ ਦਾ ਆਗ਼ਾਜ਼ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਹੋਵੇਗੀ।

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਨਗਰੀ ਦੇ ਨਾਂ ਨਾਲ ਜਾਣੇ ਜਾਂਦੇ ਖਡੂਰ ਸਾਹਿਬ ਨਗਰ ਧਾਰਮਿਕ ਮਹੱਤਤਾ ਦੇ ਨਾਲ-ਨਾਲ ਵਿਦਿਆ ਦੇ ਖੇਤਰ 'ਚ ਵੀ ਨਾਂ ਰੁਸ਼ਨਾ ਰਿਹਾ ਹੈ। ਧਾਰਮਿਕ, ਵਾਤਾਵਰਨ, ਸਿੱਖਿਆ, ਖੇਡ ਲਹਿਰ ਦੇ ਮੋਢੀ ਬਣ ਰਹੇ ਖਡੂਰ ਸਾਹਿਬ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਆਉਂਦਾ ਹੈ। ਜਦੋਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦੀ ਸੁਧਾਈ ਕਰਕੇ ਮੌਜੂਦਾ ਪੈਂਤੀ ਅੱਖਰੀ ਦਾ ਰੂਪ ਵੀ ਖਡੂਰ ਸਾਹਿਬ 'ਚ ਹੀ ਦਿੱਤਾ। ਇਸ ਤੋਂ ਇਲਾਵਾ ਇਸ ਨਗਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਦੌਰਾਨ ਪੰਜ ਵਾਰ ਚਰਨ ਪਾਏ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਾ ਤਕਰੀਬਨ 13 ਸਾਲ ਦਾ ਸਮਾਂ ਇੱਥੇ ਹੀ ਬਤੀਤ ਕੀਤਾ। ਖਡੂਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਗੁਰੂ ਸ਼ਬਦ ਦਾ ਲੰਗਰ ਵਰਤਾਉਂਦੇ ਸਨ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗਰਮੁਖੀ ਦਾ ਪਹਿਲਾ ਬਾਲ ਬੋਧ ਵੀ ਤਿਆਰ ਕਰਵਾਇਆ। ਗੁਰਮੁਖੀ ਲਿੱਪੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਮੁਖੀ ਦਾ ਪਹਿਲਾ ਵਿਦਿਆਲਾ ਅਤੇ ਬੱਚਿਆਂ, ਨੌਜਵਾਨਾਂ ਨੂੰ ਸਰੀਰਕ ਪੱਖੋਂ ਤਕੜਾ ਕਰਨ ਵਾਸਤੇ ਮੱਲ ਅਖਾੜੇ ਦੀ ਸਥਾਪਨਾ ਵੀ ਕੀਤੀ। ਇਸ ਸਿੱਖਾਂ ਵਿਚ ਕੁਸ਼ਤੀਆਂ ਦੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ। ਸੰਗਤਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਗੁਰੂ ਜੀ ਨੇ ਦਿੱਤਾ। ਇਸ ਅਸਥਾਨ 'ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਸ਼ੋਭਿਤ ਹੈ। ਇਸ ਪਵਿੱਤਰ ਧਰਤੀ 'ਤੇ ਚੱਲ ਰਹੀ ਕਾਰ ਸੇਵਾ ਸੰਪਰਦਾ ਨੂੰ ਨਿਵੇਕਲਾ ਰੂਪ ਦੇਣ ਵਾਲੇ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਵਿਦਿਆ ਦੇ ਲਈ ਚੁਣੇ ਇਸ ਸਥਾਨ ਵਿਦਿਆ ਦਾ ਹੱਬ ਬਣਾ ਦਿੱਤਾ ਗਿਆ ਹੈ, ਜਿੱਥੇ ਉੱਚ ਕੋਟੀ ਦੀ ਸਿੱਖਿਆ ਗ੍ਰਹਿਣ ਕਰਕੇ ਵਿਦਿਆਰਥੀ ਦੁਨੀਆ ਭਰ ਵਿਚ ਨਾਮਣਾ ਖੱਟ ਰਹੇ ਹਨ। 'ਪੰਜਾਬੀ ਜਾਗਰਣ' ਵੱਲੋਂ ਇਸ ਧਰਤੀ ਨੂੰ ਸਿਜਦਾ ਕਰਦਿਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਆਰੰਭੀ ਜਾ ਰਹੀ ਹੁਣ ਤਕ ਦੀ ਸਭ ਤੋਂ ਵੱਡੀ ਮੁਹਿੰਮ 'ਪੰਜਾਬੀ ਮਾਂ ਬੋਲੀ ਦੀ ਲਹਿਰ, ਪਿੰਡ-ਪਿੰਡ, ਸ਼ਹਿਰ-ਸ਼ਹਿਰ ' ਦਾ ਆਗ਼ਾਜ਼ ਇਸ ਧਰਤੀ ਤੋਂ ਕੀਤਾ ਜਾ ਰਿਹਾ ਹੈ। 9 ਜੁਲਾਈ ਨੂੰ ਸਵੇਰੇ 10 ਵਜੇ ਅਦਾਰਾ ਜਾਗਰਣ ਦੀ ਸਮੁੱਚੀ ਟੀਮ ਖਡੂਰ ਸਾਹਿਬ ਨਤਮਸਤਕ ਹੋਵੇਗੀ। ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੀਆਂ ਧਾਰਮਿਕ ਹਸਤੀਆਂ, ਰਾਜਨੀਤਿਕ ਸ਼ਖ਼ਸੀਅਤਾਂ, ਸਮਾਜ ਸੇਵੀ ਸੰਸਥਾਵਾਂ, ਉੱਘੇ ਸਾਹਿਤਕਾਰ, ਸਾਹਿਤ ਸਭਾਵਾਂ ਵੱਲੋਂ 'ਪੰਜਾਬੀ ਜਾਗਰਣ' ਦੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਖਡੂਰ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਇਹ ਲਹਿਰ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਦੇ ਪਿੰਡਾਂ 'ਚ ਦਸਤਕ ਦੇਵੇਗੀ।

ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹਰ ਪਿੰਡ 'ਚ ਲਾਏ ਜਾਣਗੇ ਪੌਦੇ

'ਪੰਜਾਬੀ ਜਾਗਰਣ' ਦੀ ਇਹ ਲਹਿਰ ਜਿਸ ਪਿੰਡ ਵਿਚ ਜਾਵੇਗੀ ਉੱਥੋਂ ਦੇ ਸਾਹਿਤਕਾਰ ਦਾ ਸਤਿਕਾਰ ਕਰਦਿਆਂ ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਵੱਲੋਂ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਪੰਜ ਪੌਦੇ ਲਾਏ ਜਾਣਗੇ। ਇਨ੍ਹਾਂ ਪੌਦਿਆਂ 'ਤੇ 'ਪੰਜਾਬੀ ਜਾਗਰਣ' ਵੱਲੋਂ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦੀ ਤਖ਼ਤੀ ਵੀ ਲਾਈ ਜਾਵੇਗੀ ਤਾਂ ਜੋ ਚਿਰਾਂ ਤਕ ਉਥੋਂ ਦੇ ਵਸਨੀਕ ਇਸ ਨੂੰ ਯਾਦ ਰੱਖ ਸਕਣ।