ਪਾਦਰੀ ਹੱਤਿਆ ਮਾਮਲੇ 'ਚ ਪੁਲਿਸ ਨੇ ਬਣਾਈ 'ਸਿਟ'

Updated on: Sun, 16 Jul 2017 08:09 PM (IST)
  

ਜੇਐੱਨਐੱਨ, ਲੁਧਿਆਣਾ : ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਲਈ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕੀਤਾ ਹੈ। ਪੁਲਿਸ ਕਮਿਸ਼ਨਰ ਆਰਐੱਨ ਢੋਕੇ ਨੇ ਦੱਸਿਆ ਕਿ ਅਪਰਾਧੀਆਂ ਤਕ ਜਲਦ ਤੋਂ ਜਲਦ ਪੁੱਜਣ ਲਈ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਯਾਈਮ) ਗਗਨਅਜੀਤ ਸਿੰਘ ਦੀ ਅਗਵਾਈ 'ਚ 'ਸਿਟ' ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ 'ਚ ਏਸੀਪੀ ਮਨਿੰਦਰ ਬੇਦੀ, ਐੱਸਐੱਚਓ ਸਲੇਮ ਟਾਬਰੀ ਅਮਨਦੀਪ ਸਿੰਘ ਬਰਾੜ 'ਸਿਟ' 'ਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹੱਤਿਆ ਮਾਮਲੇ 'ਚ ਪੁਲਿਸ ਦੇ ਹੱਥ ਸੀਸੀਟੀਵੀ ਕੈਮਰੇ ਦੀ ਫੁਟੇਜ ਲੱਗੀ ਹੈ। ਅਜੇ ਨੌਜਵਾਨਾਂ ਦੀ ਪਛਾਣ ਨਹੀਂ ਹੋਈ ਹੈ। ਜਲਦੀ ਹੀ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ। ਪਾਦਰੀ ਦੇ ਕਾਤਲਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਨਜ਼ਰ

ਪਾਦਰੀ ਦੀ ਹੱਤਿਆ ਦੇ ਬਾਅਦ ਸੋਸ਼ਲ ਸਾਈਟ 'ਤੇ ਕੁਝ ਗ਼ਲਤ ਮੈਸੇਜ ਪੋਸਟ ਕਰਨ ਵਾਲਿਆਂ 'ਤੇ ਪੁਲਿਸ ਦੀ ਪੈਨੀ ਨਜ਼ਰ ਹੈ। ਦੱਸਿਆ ਜਾਂਦਾ ਹੈ ਕਿ ਇਸ ਸਬੰਧ 'ਚ ਪੁਲਿਸ ਕਮਿਸ਼ਨਰ ਨੇ ਆਈਟੀ ਵਿੰਗ ਨੂੰ ਵਿਸ਼ੇਸ਼ ਹਿਦਾਇਤ ਦਿੱਤੀ ਹੈ ਤਾਕਿ ਅਜਿਹੇ ਸ਼ਰਾਰਤੀ ਤੱਤਾਂ 'ਤੇ ਨਕੇਲ ਕੱਸੀ ਜਾ ਸਕੇ। ਸੀਪੀ ਢੋਕੇ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਗ਼ਲਤ ਪੋਸਟ ਪਾਉਣ ਵਾਲੇ ਵਿਅਕਤੀ ਨੇ ਇਕ ਹੋਰ ਪੋਸਟ ਪਾ ਕੇ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ ਹੈ ਪ੍ਰੰਤੂ ਪੁਲਿਸ ਇਨ੍ਹਾਂ ਮਾਮਲਿਆਂ 'ਚ ਸਖ਼ਤੀ ਨਾਲ ਪੇਸ਼ ਆਏਗੀ ਅਤੇ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ 'ਚ ਪੁਲਿਸ ਦੀ ਟੀਮ ਵਿਸ਼ੇਸ਼ ਕੰਮ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: PRIEST MURDER CASE