ਛਮ-ਛਮ ਵਰ੍ਹੇਗਾ ਮੌਨਸੂਨ, ਲਹਿਰਾਉਣਗੀਆਂ ਫ਼ਸਲਾਂ

Updated on: Mon, 16 Apr 2018 09:14 PM (IST)
  

ਮੌਨਸੂਨ ਦੀ ਚਾਲ ਪੜ੍ਹਨ ਪਿੱਛੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਪੂਰਵ ਅਨੁਮਾਨ

ਲਗਾਤਾਰ ਤੀਜੇ ਸਾਲ ਚੰਗੇ ਮੌਨਸੂਨ ਨਾਲ ਸੁਧਰੇਗਾ ਅਰਥਚਾਰਾ

ਜਾਗਰਣ ਬਿਊਰੋ, ਨਵੀਂ ਦਿੱਲੀ : ਚਾਲੂ ਮੌਨਸੂਨ ਸੀਜ਼ਨ 'ਚ ਛਮ-ਛਮ ਬਾਰਿਸ਼ ਹੋਵੇਗੀ, ਜਿਸ ਨਾਲ ਫ਼ਸਲਾਂ ਲਹਿਰਾਉਣਗੀਆਂ। ਲੋਕਾਂ ਦੇ ਚਿਹਰੇ ਖਿੜ ਉੱਠਣਗੇ। ਲਗਾਤਾਰ ਤੀਜੇ ਸਾਲ ਚੰਗੇ ਮੌਨਸੂਨ ਦੀ ਸੰਭਾਵਨਾ ਹੈ। ਮੌਨਸੂਨ ਦੀ ਚਾਲ ਪੜ੍ਹਨ ਪਿੱਛੋਂ ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਇੱਥੇ ਪਹਿਲਾ ਪੂਰਵ ਅਨੁਮਾਨ ਜਾਰੀ ਕੀਤਾ ਹੈ। ਚੋਣਾਂ ਵਾਲੇ ਸਾਲ 'ਚ ਸਰਕਾਰ ਲਈ ਇਹ ਖ਼ਬਰ ਰਾਹਤ ਦੇਣ ਵਾਲੀ ਹੈ। ਮੌਨਸੂਨ ਦੀ ਚੰਗੀ ਬਾਰਿਸ਼ ਦੇਸ਼ ਦੇ ਅਰਥਚਾਰੇ ਨੂੰ ਹੋਰ ਰਫ਼ਤਾਰ ਦੇਵੇਗੀ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਕੇਜੇ ਰਮੇਸ਼ ਨੇ ਆਗਾਮੀ ਮੌਨਸੂਨ ਦੇ ਪੂਰਵ ਅਨੁਮਾਨ ਦਾ ਐਲਾਨ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਚਾਲੂ ਸਾਲ 'ਚ ਦੇਸ਼ 'ਚ ਮੌਨਸੂਨ ਆਮ ਰਹੇਗਾ। ਮੌਨਸੂਨ ਸੀਜ਼ਨ 'ਚ ਕੁੱਲ 97 ਫ਼ੀਸਦੀ ਬਾਰਿਸ਼ ਹੋਵੇਗੀ, ਜਿਸ ਵਿਚ ਪੰਜ ਫ਼ੀਸਦੀ ਜ਼ਿਆਦਾ ਜਾਂ ਘੱਟ ਹੋਣ ਦੀ ਸੰਭਾਵਨਾ ਰਹੇਗੀ। ਜੂਨ ਤੋਂ ਸਤੰਬਰ ਦਰਮਿਆਨ ਚਾਰ ਮਹੀਨੇ ਹੋਣ ਵਾਲੀ ਮੌਨਸੂਨੀ ਬਾਰਿਸ਼ ਦੇ ਬਹੁਤ ਚੰਗੇ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਡਾਕਟਰ ਰਮੇਸ਼ ਨੇ ਕਿਹਾ ਕਿ ਬਹੁਤ ਘੱਟ ਸੰੰਭਾਵਨਾ ਹੈ ਕਿ ਬਾਰਿਸ਼ ਘੱਟ ਹੋਵੇਗੀ। ਆਲਮੀ ਪੱਧਰ 'ਤੇ ਹਿੰਦ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਦੇ ਹਾਲਾਤ ਦਾ ਪੂਰਾ ਅਧਿਐਨ ਕੀਤਾ ਗਿਆ। ਇਸ ਵਾਰ ਨਾ ਅਲ ਨੀਨੋ ਦਾ ਪ੍ਰਭਾਵ ਹੈ ਤੇ ਨਾ ਹੀ ਲੀ ਨੀਨੋ ਦਾ। ਲਗਾਤਾਰ ਤੀਜੇ ਸਾਲ ਚੰਗੇ ਮੌਨਸੂਨ ਦੇ ਆਸਾਰ ਹਨ। ਮੌਸਮ ਦੀ ਪੇਸ਼ੀਨਗੋਈ 'ਚ ਹੋਣ ਵਾਲੀ ਉਕਾਈ ਬਾਰੇ ਡਾਕਟਰ ਰਮੇਸ਼ ਨੇ ਕਿਹਾ ਕਿ ਇਸ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਹ ਘੱਟ ਕੇ 5.95 ਫ਼ੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਚਾਲ ਨੂੰ ਸਮਝਣ ਲਈ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਹਿੰਦ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਦੀ ਉਪਰਲੀ ਸੱਤ੍ਹਾ ਦੇ ਤਾਪਮਾਨ ਅਤੇ ਹੋਣ ਵਾਲੀਆਂ ਹੋਰ ਤਬਦੀਲੀਆਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਮੌਸਮ ਵਿਭਾਗ ਮੁਤਾਬਕ ਸਾਲ ਭਰ 'ਚ ਕੁਲ 890 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਅਜਿਹਾ ਹੋਣ 'ਤੇ ਇਸ ਨੂੰ ਅਸੀਂ ਸੌ ਫ਼ੀਸਦੀ ਬਾਰਿਸ਼ ਕਹਿੰਦੇ ਹਨ। ਪਰ ਪਹਿਲੇ ਅਨੁਮਾਨ 'ਚ 97 ਫ਼ੀਸਦੀ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਅਪ੍ਰੈਲ 'ਚ ਜਾਰੀ ਪੂਰਵ ਅਨੁਮਾਨ ਪਿੱਛੋਂ ਦੂਜਾ ਅਨੁਮਾਨ ਜੂਨ 'ਚ ਕੀਤਾ ਜਾਂਦਾ ਹੈ। ਇਸ ਵਿਚ ਮੌਨਸੂਨ ਦੀ ਹੋਣ ਵਾਲੀ ਬਾਰਿਸ਼ ਦੀ ਅਸਲ ਚਾਲ ਤੇ ਕਿੱਥੇ ਕਿੰਨੀ ਬਾਰਿਸ਼ ਹੋਵੇਗੀ, ਦਾ ਬਿਓਰਾ ਦਿੱਤਾ ਜਾਂਦਾ ਹੈ।

ਦਰਅਸਲ ਮੌਨਸੂਨ ਪੂਰੇ ਦੇਸ਼ 'ਚ ਛਾਅ ਜਾਣ 'ਚ ਕੁਲ 45 ਦਿਨ ਲੱਗਦੇ ਹਨ। ਡਾਕਟਰ ਰਮੇਸ਼ ਨੇ ਦੱਸਿਆ ਕਿ ਇਸ ਵਾਰ ਮੌਨਸੂਨ ਜੂਨ ਦੇ ਆਖ਼ਰੀ ਹਫ਼ਤੇ ਕੇਰਲ ਤੱਟ 'ਤੇ ਦਸਤਕ ਦੇਵੇਗਾ।

----------

ਖੇਤਾਂ ਦੇ ਰਾਹ ਖ਼ੁਸ਼ਹਾਲੀ ਦੇਸ਼ ਦੀ ਤਿਜੌਰੀ ਤਕ ਪੁੱਜੇਗੀ

ਮੌਨਸੂਨ ਦੇ ਚੰਗਾ ਰਹਿਣ ਦੀ ਖ਼ਬਰ ਨਾਲ ਨੀਤੀ ਘਾੜਿਆਂ ਦੇ ਚਿਹਰੇ ਖਿੜ ਉੱਠੇ ਹਨ। ਨਾਲ ਹੀ ਸ਼ੇਅਰ ਬਾਜ਼ਾਰ, ਆਟੋ ਮੋਬਾਈਲ ਸੈਕਟਰ, ਮੈਨੂਫੈਕਚਰਿੰਗ ਰਤੇ ਐੱਫਐੱਮਸੀਜੀ ਸੈਕਟਰ ਨੂੰ ਰਫ਼ਤਾਰ ਮਿਲੇਗੀ। ਮਹਿੰਗੇ ਕੱਚੇ ਤੇਲ ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਿਪਟਣ 'ਚ ਮੌਨਸੂਨ ਸਹਾਇਕ ਸਾਬਿਤ ਹੋ ਸਕਦਾ ਹੈ। ਚੰਗੀ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ ਉੱਠਣਗੇ। ਖੇਤਾਂ ਦੇ ਰਾਹ ਖ਼ੁਸ਼ਹਾਲੀ ਦੇਸ਼ ਦੀ ਤਿਜੌਰੀ ਤਕ ਪੁੱਜੇਗੀ। ਪਿਛਲੇ ਦੋ ਸਾਲਾਂ ਤੋਂ ਚੰਗੇ ਮੌਨਸੂਨ ਦੇ ਚੱਲਦਿਆਂ ਖ਼ੁਰਾਕੀ ਅੰਨ ਦੀ ਰਿਕਾਰਡ ਪੈਦਾਵਾਰ ਹੋ ਰਹੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਖੇਤੀ ਦੇ ਲਿਹਾਜ਼ ਨਾਲ ਇਹ ਸਾਲ ਵੀ ਉਤਮ ਰਹੇਗਾ। ਦੇਸ਼ ਦੇ ਅਰਥਚਾਰੇ 'ਚ ਮੌਨਸੂਨ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਨਾਲੋਂ ਵੀ ਕਿਤੇ ਜ਼ਿਆਦਾ ਮੌਨਸੂਨ ਦੀ ਭੂਮਿਕਾ ਚੋਣਾਂ ਵਾਲੇ ਸਾਲ 'ਚ ਵੋਟਾਂ ਦੀ ਫ਼ਸਲ ਉਗਾਉਣ 'ਚ ਹੋਵੇਗੀ। ਬੀਤੇ ਫ਼ਸਲੀ ਵਰ੍ਹੇ 'ਚ ਰਿਕਾਰਡ 27.5 ਕੋਰੜ ਟਨ ਖ਼ੁਰਾਕੀ ਅਨਾਜ ਦੀ ਪੈਦਾਵਾਰ ਹੋਈ। ਮੌਨਸੂਨ ਦੀ ਚਾਲ ਸਹੀ ਰਹੀ ਤਾਂ ਚਾਲੂ ਸਾਲ 'ਚ ਵੀ ਖ਼ੁਰਾਕੀ ਅਨਾਜ ਨਾਲ ਗੁਦਾਮ ਭਰ ਜਾਣਗੇ।

-----------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: monsoon news