ਟਰੱਕ 'ਚ ਲੁਕ ਕੇ ਸ੍ਰੀਨਗਰ ਜਾ ਰਹੇ ਅੱਤਵਾਦੀਆਂ ਦਾ ਪੁਲਿਸ 'ਤੇ ਹਮਲਾ

Updated on: Wed, 12 Sep 2018 11:20 PM (IST)
  

* ਪੁਲਿਸ ਵਾਲਾ ਸਮਝ ਕੇ ਫਾਰੈਸਟ ਗਾਰਡ ਨੂੰ ਮਾਰੀ ਗੋਲ਼ੀ, ਮੌਕੇ ਤੋਂ ਭੱਜ ਨਿਕਲੇ ਅੱਤਵਾਦੀਆਂ ਦੀ ਤਲਾਸ਼ 'ਚ ਚਲਾਈ ਤਲਾਸ਼ੀ ਮੁਹਿੰਮ

* ਏਕੇ-47 ਸਮੇਤ ਹੋਰ ਹਥਿਆਰ ਬਰਾਮਦ, ਜੰਮੂ ਤੇ ਕਟੜਾ 'ਚ ਹਾਈ ਅਲਰਟ

ਜੇਐੱਨਐੱਨ, ਜੰਮੂ : ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਝੱਜਰ ਕੋਟਲੀ 'ਚ ਬੁੱਧਵਾਰ ਸਵੇਰੇ ਟਰੱਕ 'ਚ ਲੁਕ ਕੇ ਬੈਠੇ ਤਿੰਨ ਅੱਤਵਾਦੀਆਂ ਨੇ ਨਿਹੱਥੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਦੇ ਜਵਾਨ ਕਿਸੇ ਤਰ੍ਹਾਂ ਬਚ ਗਏ ਪਰ ਤਾਬੜਤੋੜ ਗੋਲ਼ੀਆਂ ਚਲਾਉਂਦੇ ਹੋਏ ਅੱਤਵਾਦੀ ਟਰੱਕ ਵਿਚੋਂ ਛਾਲਾਂ ਮਾਰ ਕੇ ਜੰਗਲ 'ਚ ਭੱਜ ਗਏ। ਰਾਹ ਵਿਚ ਅੱਤਵਾਦੀਆਂ ਨੇ ਸੇਰੀਕਲਚਰ ਦੀ ਨਰਸਰੀ 'ਚ ਤਾਇਨਾਤ ਫਾਰੈਸਟ ਗਾਰਡ ਗਣੇਸ਼ ਦਾਸ ਦੀ ਖ਼ਾਕੀ ਵਰਦੀ ਵੇਖ ਕੇ ਉਸ ਨੂੰ ਪੁਲਿਸ ਮੁਲਾਜ਼ਮ ਸਮਝ ਕੇ ਗੋਲ਼ੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਘਟਨਾ ਸਥਾਨ ਤੋਂ ਘਬਰਾਹਟ ਵਿਚ ਭੱਜੇ ਅੱਤਵਾਦੀ ਆਪਣਾ ਇਕ ਬੈਗ ਮੌਕੇ 'ਤੇ ਹੀ ਛੱਡ ਗਏ ਜਿਸ ਵਿਚੋਂ ਇਕ ਏਕੇ-47 ਰਾਈਫਲ, ਇਕ ਮੈਗਜ਼ੀਨ, ਜੈਕਟ, ਬਾਰਾਮੂਡਾ, ਟੀ ਸ਼ਰਟ ਤੇ ਹੋਰ ਸਾਮਾਨ ਮਿਲਿਆ। ਜੰਮੂ ਤੇ ਕਟੜਾ 'ਚ ਅਲਰਟ ਜਾਰੀ ਕੀਤਾ ਗਿਆ ਹੈ। ਇਹ ਹਮਲਾ ਜੰਮੂ ਤੋਂ ਕਰੀਬ 30 ਕਿਲੋਮੀਟਰ ਦੂਰ ਸਵੇਰੇ 8:40 ਵਜੇ ਝੱਜਰ ਕੋਟਲੀ 'ਚ ਹੋਇਆ। ਦਰਅਸਲ ਅੱਤਵਾਦੀ ਜੰਮੂ-ਪਠਾਨਕੋਟ ਰਾਸ਼ਟਰੀ ਜਾਰ ਮਾਰਗ 'ਤੇ ਸਥਿਤ ਦਿਆਲਾਚੱਕ (ਕਠੂਆ) ਤੋਂ ਟਰੱਕ ਨੰਬਰ ਜੇਕੇ03ਐੱਫ-1476 ਬੈਠ ਕੇ ਸ੍ਰੀਨਗਰ ਜਾ ਰਹੇ ਸਨ। ਜੰਮੂ ਤੋਂ ਅੱਗੇ ਹਾਈਵੇ 'ਤੇ ਸਥਿਤ ਸਕੱਤ੍ਰੇਤ ਕੋਲ ਵਾਹਨਾਂ ਦੀ ਜਾਂਚ ਲਈ ਲਾਏ ਗਏ ਨਾਕੇ 'ਤੇ ਪੁਲਿਸ ਨੂੰ ਵੇਖ ਕੇ ਟਰੱਕ ਡਰਾਈਵਰ ਘਬਰਾ ਗਿਆ ਤੇ ਕਾਹਲੀ ਵਿਚ ਟੱਰਕ ਉੱਥੋਂ ਕੱਿਢਆ। ਪੁਲਿਸ ਨੂੰ ਸ਼ੱਕ ਹੋਇਆ ਕਿ ਟਰੱਕ ਵਿਚ ਪਸ਼ੂ ਹੋ ਸਕਦੇ ਹਨ। ਉਨ੍ਹਾਂ ਨੇ ਅੱਗੇ ਝੱਜਰ ਕੋਟਲੀ ਪੁਲਿਸ ਚੌਕੀ 'ਤੇ ਵਾਇਰਲੈੱਸ ਨਾਲ ਸੂਚਿਤ ਕੀਤਾ ਤੇ ਫਲਾਇੰਗ ਸਕੁਐਡ ਦੀ ਇਕ ਟੀਮ ਟਰੱਕ ਦਾ ਪਿੱਛਾ ਕਰਨ ਲੱਗੀ। ਇਸ ਤੋਂ ਅਣਜਾਣ ਟਰੱਕ ਡਰਾਈਵਰ ਨੇ ਨਾਸ਼ਤਾ ਕਰਨ ਲਈ ਟਰੱਕ ਨੂੰ ਝੱਜਰ ਕੋਟਲੀ ਦੇ ਨੇੜੇ ਇਕ ਢਾਬੇ 'ਤੇ ਖੜ੍ਹਾ ਕਰ ਦਿੱਤਾ। ਡਰਾਈਵਰ ਤੇ ਕੰਡਕਟਰ ਸਾਈਂ ਕੈਫੇਟੇਰੀਆ ਢਾਬੇ 'ਚ ਨਾਸ਼ਤਾ ਕਰ ਰਹੇ ਸਨ ਤੇ ਇਕ ਟਰੱਕ ਵਿਚ ਲੁਕੇ ਅੱਤਵਾਦੀਆਂ ਲਈ ਪਰਾਉਂਠੇ ਪੈਕ ਕਰਵਾ ਰਹੇ ਸਨ ਕਿ ਉਦੋਂ ਹੀ ਪੁਲਿਸ ਨੇ ਟਰੱਕ ਦੀ ਪਛਾਣ ਕਰਕੇ ਮੌਕੇ 'ਤੇ ਪੁੱਜ ਗਈ। ਪੁਲਿਸ ਵਾਲਿਆਂ ਨੇ ਜਦੋਂ ਢਾਬਾ ਮਾਲਕ ਦਲੀਪ ਕੁਮਾਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਤਿੰਨ ਪਰਾਉਂਠੇ ਪੈਕ ਕਰਨ ਦਾ ਆਰਡਰ ਮਿਲਿਆ ਹੈ ਤੇ ਟਰੱਕ ਡਰਾਈਵਰ ਤੇ ਕੰਡਕਟਰ ਨਾਸ਼ਤਾ ਕਰ ਰਹੇ ਹਨ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਟਰੱਕ ਦੀ ਤਲਾਸ਼ੀ ਦੇਣ ਲਈ ਕਿਹਾ। ਜਿਉਂ ਹੀ ਪੁਲਿਸ ਨੇ ਅੱਗੇ ਦੀ ਖਿੜਕੀ ਖੋਲ੍ਹੀ ਤਾਂ ਅੰਦਰੋਂ ਉਸ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਪਿੱਛੇ ਜਾ ਕੇ ਟਰੱਕ 'ਤੇ ਪਾਈ ਗਈ ਤਿਰਪਾਲ ਨੂੰ ਚੁੱਕਿਆ ਤਾਂ ਅੱਤਵਾਦੀ ਛਾਲਾਂ ਮਾਰ ਕੇ ਬਾਹਰ ਆ ਗਏ ਤੇ ਉਨ੍ਹਾਂ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

-------------

30 ਹਜ਼ਾਰ 'ਚ ਹੋਇਆ ਸੀ ਅੱਤਵਾਦੀਆਂ ਨੂੰ ਸ੍ਰੀਨਗਰ ਪਹੁੰਚਾਉਣ ਦਾ ਸੌਦਾ

ਜੰਮੂ ਡਵੀਜ਼ਨ ਦੇ ਆਈਜੀ ਪੁਲਿਸ ਐੱਸਡੀ ਸਿੰਘ ਜਮਵਾਲ ਨੇ ਕਿਹਾ ਕਿ ਟਰੱਕ ਡਰਾਈਵਰ ਤੇ ਕੰਡਕਟਰ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਦਿਆਲਾਚੱਕ ਹਾਈਵੇਅ ਤੋਂ ਟਰੱਕ ਵਿਚ ਬੈਠੇ ਸਨ ਤੇ 30 ਹਜ਼ਾਰ ਵਿਚ ਉਨ੍ਹਾਂ ਨੂੰ ਸ੍ਰੀਨਗਰ ਪਹੁੰਚਾਉਣ ਦਾ ਸੌਦਾ ਤੈਅ ਹੋਇਆ ਸੀ। 20 ਹਜ਼ਾਰ ਰੁਪਏ ਪੇਸ਼ਗੀ ਡਰਾਈਵਰ ਨੂੰ ਮਿਲ ਗਏ ਸਨ। ਸ੍ਰੀਨਗਰ ਪੁੱਜਣ 'ਤੇ ਦਸ ਹਜ਼ਾਰ ਰੁਪਏ ਹੋਰ ਦਿੱਤੇ ਜਾਣੇ ਸਨ।

---------------------

ਸਰਹੱਦ ਪਾਰੋਂ ਘੁਸਪੈਠ ਕਰਕੇ ਆਏ ਹਨ ਅੱਤਵਾਦੀ

ਆਈਜੀਪੀ ਐੱਸਡੀ ਸਿੰਘ ਜਮਵਾਲ ਨੇ ਦਾਅਵਾ ਕੀਤਾ ਕਿ ਹਮਲਾਵਰ ਤਿੰਨੇ ਅੱਤਵਾਦੀ ਹਾਲ ਹੀ ਵਿਚ ਸਾਂਬਾ ਸੈਕਟਰ ਤੋਂ ਕੌਮਾਂਤਰੀ ਸਰਹੱਦ ਤੋਂ ਘੁਸਪੈਠ ਕਰਕੇ ਆਏ ਹਨ। ਉਨ੍ਹਾਂ ਦੇ ਬੈਗ ਵਿਚੋਂ ਮਿਲੀਆਂ ਖਜੂਰਾਂ,

ਇੰਜੈਕਸ਼ਨ ਤੇ ਦਵਾਈਆਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਤਿੰਨੇ ਪਾਕਿਸਤਾਨੀ ਹਨ। ਟਰੱਕ ਡਰਾਈਵਰ ਤੇ ਕੰਡਕਟਰ ਓਵਰ ਗਰਾਊਂਡ ਵਰਕਰ ਹਨ ਜੋ ਪਹਿਲਾਂ ਵੀ ਅੱਤਵਾਦੀਆਂ ਨੂੰ ਇਧਰੋਂ-ਓਧਰ ਲੈ ਜਾਂਦੇ ਰਹੇ ਹਨ। ਆਈਜੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਮਾਰ ਮੁਕਾਉਣ ਤਕ ਤਲਾਸ਼ੀ ਮੁਹਿੰਮ ਜਾਰੀ ਰਹੇਗੀ। ਇਸ ਲਈ ਥਰਮਲ ਇਮੇਜ ਦੀ ਵਰਤੋਂ ਵੀ ਕੀਤੀ ਜਾਵੇਗੀ।

------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Militant Attack in jajar kotli jammu