ਦੇਸ਼ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸਾਂ: ਮਾਲਿਆ

Updated on: Wed, 12 Sep 2018 09:57 PM (IST)
  

ਲੰਡਨ (ਪੀਟੀਆਈ) : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਿਛਲੇ ਸਾਲ ਭਾਰਤ ਤੋਂ ਭੱਜਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। 2016 'ਚ ਮਾਲਿਆ ਜਦੋਂ ਭਾਰਤ ਤੋਂ ਭੱਜਿਆ ਸੀ, ਉਸ ਸਮੇਂ ਅਰੁਣ ਜੇਤਲੀ ਵਿੱਤ ਮੰਤਰੀ ਸਨ। ਲੰਡਨ ਦੀ ਵੈਸਟ ਮਨਿਸਟਰ ਅਦਾਲਤ 'ਚ ਪੇਸ਼ ਹੋਣ ਪੁੱਜੇ ਮਾਲਿਆ ਤੋਂ ਜਦੋਂ ਪੱਤਰਕਾਰਾਂ ਨੇ ਪੁੱਿਛਆ ਕਿ ਕੀ ਉਸਨੂੰ ਦੇਸ਼ ਤੋਂ ਭੱਜਣ ਲਈ ਆਗਾਹ ਕੀਤਾ ਗਿਆ ਸੀ? ਉਸ ਨੇ ਮੰਤਰੀ ਦਾ ਨਾਂ ਲਏ ਬਗੈਰ ਕਿਹਾ ਕਿ ਮੈਂ ਭਾਰਤ ਤੋਂ ਰਵਾਨਾ ਹੋਇਆ, ਕਿਉਂਕਿ ਮੈਨੂੰ ਜਨੇਵਾ 'ਚ ਕਿਸੇ ਨੂੰ ਮਿਲਣਾ ਸੀ। ਰਵਾਨਾ ਹੋਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨੂੰ ਮਿਲਿਆ ਸੀ ਅਤੇ ਨਿਪਟਾਰੇ (ਬੈਂਕਾਂ ਨਾਲ ਮੁੱਦੇ) ਦੀ ਪੇਸ਼ਕਸ਼ ਦੁਹਰਾਈ ਸੀ। ਇਹੀ ਸੱਚਾਈ ਸੀ। ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ 62 ਸਾਲਾ ਮਾਲਿਆ ਆਪਣੀ ਹਵਾਲਗੀ ਦੇ ਇਕ ਮਾਮਲੇ ਦੇ ਸਿਲਸਿਲੇ 'ਚ ਅਦਾਲਤ ਪਹੁੰਚਿਆ ਸੀ। ਮਾਲਿਆ ਨੇ ਸੁਣਵਾਈ ਦੌਰਾਨ ਖਾਣੇ ਦੇ ਸਮੇਂ ਸਿਗਰਟ ਦਾ ਕਸ਼ ਲੈਂਦੇ ਹੋਏ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਕ ਸਿਆਸੀ ਫੁੱਟਬਾਲ ਹਾਂ। ਇਸ ਬਾਰੇ ਮੈਂ ਕੁਝ ਨਹੀਂ ਕਰ ਸਕਦਾ। ਮੇਰੀ ਅੰਤਰ ਆਤਮਾ ਸਾਫ਼ ਹੈ ਅਤੇ ਮੈਂ ਲਗਪਗ 15 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਕਰਨਾਟਕ ਹਾਈ ਕੋਰਟ ਦੀ ਮੇਜ਼ 'ਤੇ ਰੱਖ ਦਿੱਤੀ ਸੀ।

---------

ਬਲੀ ਦਾ ਬਕਰਾ ਬਣਾਇਆ

ਮਾਲਿਆ ਨੇ ਕਿਹਾ ਕਿ ਮੀਡੀਆ ਨੂੰ ਬੈਂਕਾਂ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਰਕਮ ਦਾ ਭੁਗਤਾਨ ਕਰਨ ਦੀਆਂ ਕੋਸ਼ਿਸਾਂ 'ਚ ਉਹ ਮੇਰੀ ਸਹਾਇਤਾ ਕਿਉਂ ਨਹੀਂ ਕਰ ਰਹੇ? ਸ਼ਰਾਬ ਕਾਰੋਬਾਰੀ ਨੇ ਕਿਹਾ ਕਿ ਮੈਂ ਨਿਸ਼ਚਿਤ ਰੂਪ ਨਾਲ ਬਲੀ ਦਾ ਬਕਰਾ ਹਾਂ। ਮੈਂ ਬਲਿ ਦੇ ਬਕਰੇ ਵਾਂਗ ਮਹਿਸੂਸ ਕਰ ਰਿਹਾ ਹਾਂ। ਦੋਵੇਂ ਸਿਆਸੀ ਪਾਰਟੀਆਂ ਮੈਨੂੰ ਪਸੰਦ ਨਹੀਂ ਕਰਦੀਆਂ?

----------

ਜੇਤਲੀ ਬੋਲੇ, ਨਹੀਂ ਦਿੱਤਾ ਮਿਲਣ ਦਾ ਸਮਾਂ

ਜਾਗਰਣ ਬਿਊਰੋ, ਨਵੀਂ ਦਿੱਲੀ : ਵਿਜੈ ਮਾਲਿਆ ਦੇ ਦੋਸ਼ਾਂ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਜੇਤਲੀ ਨੇ ਸਾਫ਼ ਕਰ ਦਿੱਤਾ ਹੈ ਕਿ 2014 ਦੇ ਬਾਅਦ ਮਾਲਿਆ ਨੂੰ ਕਦੇ ਮਿਲਣ ਦਾ ਸਮਾਂ ਨਹੀਂ ਦਿੱਤਾ। ਆਪਣੇ ਫੇਸਬੁੱਕ ਪੋਸਟ 'ਚ ਜੇਤਲੀ ਨੇ ਕਿਹਾ ਕਿ ਮਾਲਿਆ ਦਾ ਬਿਆਨ ਝੂਠਾ ਹੈ। ਇਕ ਦਿਨ ਜਦੋਂ ਮੈਂ ਸਦਨ ਤੋਂ ਆਪਣੇ ਕਮਰੇ ਵੱਲ ਜਾ ਰਿਹਾ ਸੀ, ਤਾਂ ਸੰਸਦ ਮੈਂਬਰ ਹੋਣ ਦਾ ਫ਼ਾਇਦਾ ਉਠਾਉਂਦੇ ਹੋਏ ਮਾਲਿਆ ਤੇਜ਼ੀ ਨਾਲ ਮੇਰੇ ਕੋਲ ਆਇਆ ਅਤੇ ਚੱਲਦੇ ਹੋਏ ਹੀ ਕਿਹਾ ਕਿ ਉਹ ਭੁਗਤਾਨ ਦੀ ਤਜਵੀਜ਼ ਕਰ ਰਿਹਾ ਹੈ। ਮਾਲਿਆ ਦੇ ਝੂਠ ਤੋਂ ਮੈਂ ਜਾਣੂ ਸੀ। ਇਸ ਲਈ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਕਹਿ ਦਿੱਤਾ ਕਿ ਆਪਣੀ ਤਜਵੀਜ਼ ਨਾਲ ਉਹ ਬੈਂਕ ਨੂੰ ਮਿਲੇ। ਉਹ ਆਪਣੇ ਹੱਥ ਵਿਚ ਕੁਝ ਦਸਤਾਵੇਜ਼ ਲੈ ਕੇ ਆਇਆ ਸੀ। ਮੈਂ ਉਹ ਵੀ ਨਹੀਂ ਲਿਆ। ਇਸ ਇਕ ਵਾਕਿਆ ਦੇ ਇਲਾਵਾ ਦੋਵਾਂ 'ਚ ਕੋਈ ਗੱਲਬਾਤ ਨਹੀਂ ਹੋਈ। ਜੇਤਲੀ ਨਾਲ ਮੁਲਾਕਾਤ ਦੇ ਦਾਅਵੇ ਨੂੰ ਹਵਾਲਗੀ ਤੋਂ ਬਚਣ ਲਈ ਮਾਲਿਆ ਦੇ ਨਵੇਂ ਦਾਅ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Mallya claims he met Finance Minister before leaving India