ਜਬਰ ਜਨਾਹ ਦੇ ਦੋਸ਼ੀ 3 ਪਾਦਰੀਆਂ ਦੀ ਜ਼ਮਾਨਤ ਅਰਜ਼ੀ ਖ਼ਾਰਜ

Updated on: Wed, 11 Jul 2018 09:22 PM (IST)
  

-ਹਾਈ ਕੋਰਟ ਨੇ ਕਿਹਾ, ਛੋਟ ਦੇਣ ਨਾਲ ਜਾਂਚ 'ਤੇ ਪੈ ਸਕਦੈ ਪ੍ਰਭਾਵ

ਕੋਚੀ (ਪੀਟੀਆਈ) : ਅੌਰਤ ਨਾਲ ਜਬਰ ਜਨਾਹ ਦੇ ਦੋਸ਼ੀ ਗਿਰਜਾਘਰ ਦੇ ਤਿੰਨ ਪਾਦਰੀਆਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਬੁੱਧਵਾਰ ਨੂੰ ਕੇਰਲ ਹਾਈ ਕੋਰਟ ਨੇ ਨਾਮਨਜ਼ੂਰ ਕਰ ਦਿੱਤੀ। ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ਼ ਲਗਾਏ ਗਏ ਦੋਸ਼ ਗੰਭੀਰ ਹਨ ਅਤੇ ਸ਼ੁਰੂਆਤੀ ਜਾਂਚ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਛੋਟ ਦੇਣ ਨਾਲ ਜਾਂਚ 'ਤੇ ਉਲਟ ਪ੍ਰਭਾਵ ਪੈ ਸਕਦਾ ਹੈ।

ਦੱਸਣਯੋਗ ਹੈ ਕਿ ਕੇਰਲ ਪੁਲਿਸ ਦੀ ਅਪਰਾਧ ਸ਼ਾਖਾ ਨੇ ਗਿਰਜਾਘਰ ਦੇ ਪੰਜ ਪਾਦਰੀਆਂ ਵਿਚੋਂ ਚਾਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਸੀ। ਇਸ ਪਿੱਛੋਂ ਚਾਰ ਵਿਚੋਂ ਤਿੰਨ ਪਾਦਰੀ ਅਬਰਾਹਿਮ ਵਰਗੀਜ਼ ਉਰਫ਼ ਸੋਨੀ, ਜਾਬ ਮੈਥਿਊ ਅਤੇ ਜੇਸ ਕੇ ਜਾਰਜ ਨੇ ਹਾਈ ਕੋਰਟ 'ਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਇਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਦਬਾਅ 'ਚ ਮਾਮਲਾ ਦਰਜ ਕੀਤਾ ਗਿਆ।

ਦਰਅਸਲ, ਪੀੜਤਾ ਦੇ ਪਤੀ ਨੇ ਪਿਛਲੇ ਮਹੀਨੇ ਪੰਜ ਪਾਦਰੀਆਂ 'ਤੇ ਪਤਨੀ ਨੂੰ ਬਲੈਕਮੇਲ ਕਰਨ ਦੇ ਨਾਲ ਹੀ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜਤਾ ਦੇ ਪਤੀ ਅਤੇ ਗਿਰਜਾਘਰ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਆਡੀਓ ਕਲਿਪ ਸਾਹਮਣੇ ਆਉਣ ਪਿੱਛੋਂ ਪੂਰਾ ਮਾਮਲਾ ਸਾਹਮਣੇ ਆਇਆ ਸੀ। ਇਸ ਪਿੱਛੋਂ ਸੀਨੀਅਰ ਸੀਪੀਐੱਮ ਆਗੂ ਅਤੇ ਕੇਰਲ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਦੇ ਚੇਅਰਮੈਨ ਅਚੁਤਾਨੰਦਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜ ਦੇ ਪੁਲਿਸ ਮੁਖੀ ਲੋਕਨਾਥ ਬੇਹਰਾ ਨੂੰ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਨੂੰ ਕਿਹਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Kerala HC rejects pre-arrest bail pleas of 3 priests accused of rape