ਕਠੂਆ 'ਚ ਮੁਲਜ਼ਮਾਂ ਨੇ ਖ਼ੁਦ ਨੂੰ ਦੱਸਿਆ ਬੇਕਸੂਰ, ਕੋਰਟ ਨੇ ਕੀਤੀ ਨਾਰਕੋ ਟੈਸਟ ਦੀ ਮੰਗ

Updated on: Mon, 16 Apr 2018 09:04 PM (IST)
  

ਸੁਪਰੀਮ ਕੋਰਟ ਦਾ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦਾ ਨਿਰਦੇਸ਼, ਪਿਤਾ ਨੂੰ ਨਹੀਂ ਚਾਹੀਦੀ ਸੀਬੀਆਈ ਜਾਂਚ

------

ਯਾਸਰ

ਦੂਜੇ ਸੂਬੇ 'ਚ ਸੁਣਵਾਈ ਦੀ ਮੰਗ 'ਤੇ ਜੰਮੂ ਕਸ਼ਮੀਰ ਸਰਕਾਰ ਨੂੰ ਨੋਟਿਸ

-ਜ਼ਿਲ੍ਹਾ ਤੇ ਸੈਸ਼ਨ ਕੋਰਟ 'ਚ ਅਗਲੀ ਸੁਣਵਾਈ 28 ਨੂੰ

ਨਾਬਾਲਿਗ ਮੁਲਜ਼ਮ ਦੀ ਜ਼ਮਾਨਤ 'ਤੇ ਸੁਣਵਾਈ 26 ਨੂੰ

ਸਟੇਟ ਬਿਊਰੋ, ਕਠੂਆ

ਜੰਮੂ ਡਵੀਜ਼ਨ ਦੇ ਕਠੂਆ ਦੇ ਪਿੰਡ ਰਸਾਨਾ 'ਚ ਅੱਠ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਸੋਮਵਾਰ ਤੋਂ ਸੁਣਵਾਈ ਸ਼ੁਰੂ ਹੋ ਗਈ। ਸਾਰੇ ਮੁਲਜ਼ਮਾਂ ਨੇ ਕੋਰਟ ਦੇ ਅੰਦਰ ਤੇ ਬਾਹਰ ਚੀਕ-ਚੀਕ ਕੇ ਨਾਰਕੋ ਟੈਸਟ ਕਰਾਉਣ ਦੀ ਮੰਗ ਕੀਤੀ। ਸੋਮਵਾਰ ਨੂੰ ਅੱਠ 'ਚੋਂ ਸੱਤ ਮੁਲਜ਼ਮ ਜ਼ਿਲ੍ਹਾ ਤੇ ਸੈਸ਼ਨ ਕੋਰਟ ਕਠੂਆ 'ਚ ਹਾਜ਼ਰ ਹੋਏ। ਅੱਠਵੇਂ ਨਾਬਾਲਿਗ ਮੁਲਜ਼ਮ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੫ੇਟ ਦੇ ਸਾਹਮਣੇ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ। ਮਾਮਲੇ ਦੀ ਸੁਣਵਾਈ ਹੁਣ 28 ਅਪ੍ਰੈਲ ਨੂੰ ਹੋਵੇਗੀ, ਜਦਕਿ ਨਾਬਾਲਿਗ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ। ਓਧਰ ਸੁਪਰੀਮ ਕੋਰਟ ਨੇ ਪੀੜਤਾ ਦੇ ਪਿਤਾ ਦੀ ਪਟੀਸ਼ਨ 'ਤੇ ਮਾਮਲੇ ਦੀ ਸੁਣਵਾਈ ਕਠੂਆ ਦੇ ਬਾਹਰ ਚੰਡੀਗੜ੍ਹ 'ਚ ਕਰਾਉਣ ਦੀ ਅਪੀਲ 'ਤੇ ਜੰਮੂ ਕਸ਼ਮੀਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਤੇ ਵਕੀਲ ਨੂੰ ਵੀ ਸੁਰੱਖਿਆ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ। ਪੀੜਤਾ ਦੇ ਪਿਤਾ ਨੇ ਸੁਪਰੀਮ ਕੋਰਟ 'ਚ ਜੰਮੂ ਕਸ਼ਮੀਰ ਪੁਲਿਸ ਵੱਲੋਂ ਹੁਣ ਤਕ ਕੀਤੀ ਗਈ ਜਾਂਚ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਮੁਲਜ਼ਮਾਂ ਦੀ ਸੀਬੀਆਈ ਜਾਂਚ ਦੀ ਮੰਗ ਦਾ ਵਿਰੋਧ ਕੀਤਾ।

ਸੋਮਵਾਰ ਨੂੰ ਕਠੂਆ 'ਚ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਗੁਪਤਾ ਦੀ ਕੋਰਟ 'ਚ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ, ਮੁਲਜ਼ਮਾਂ ਦੇ ਹੱਕ 'ਚ ਹਾਈ ਕੋਰਟ ਦੇ ਵਕੀਲ ਏ ਕੇ ਸਾਹਨੀ, ਅਸੀਮ ਸਾਹਨੀ, ਅੰਕੁਰ ਸ਼ਰਮਾ ਨੇ ਕੋਰਟ 'ਚ ਪੇਸ਼ ਚਾਰਜਸ਼ੀਟ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਚਲਾਨ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਹਨ। ਇਸ ਨੂੰ ਫਿਰ ਤੋਂ ਪੇਸ਼ ਕੀਤਾ ਜਾਣਾ ਚਾਹੀਦਾ। ਮੁਲਜ਼ਮਾਂ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਚਾਰਜਸ਼ੀਟ ਨਹੀਂ ਦਿੱਤੀ ਗਈ। ਇਸ ਤਰ੍ਹਾਂ ਜਦੋਂ ਤਕ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਨਹੀਂ ਦਿੱਤੀ ਜਾਂਦੀ, ਉਦੋਂ ਤਕ ਕੇਸ ਦੀ ਸੁਣਵਾਈ ਕਿਵੇਂ ਹੋਵੇਗੀ। ਮੁਲਜ਼ਮ ਸਿਪਾਹੀ ਤਿਲਕ ਰਾਜ ਦੇ ਵਕੀਲ ਏ ਕੇ ਸਾਹਨੀ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੫ੇਟ ਵੱਲੋਂ ਅਦਾਲਤ 'ਚ ਮੁਲਜ਼ਮਾਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਸੌਂਪਣ ਦੀ ਜਾਣਕਾਰੀ ਦੇਣ 'ਤੇ ਕਈ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕੋਰਟ ਇਸ ਦਾ ਵੀ ਸਖ਼ਤ ਨੋਟਿਸ ਲਵੇ ਕਿ ਕਿਵੇਂ ਹੇਠਲੀ ਅਦਾਲਤ ਵੱਲੋਂ ਹਾਈ ਕੋਰਟ ਨੂੰ ਮੁਲਜ਼ਮਾਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਸੌਂਪਣ ਦੀ ਜਾਣਕਾਰੀ ਦਿੱਤੀ ਗਈ। ਇਸ ਦੀ ਵੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। ਬਚਾਅ ਪੱਖ ਦੇ ਵਕੀਲਾਂ ਤੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਤੈਅ ਕੀਤੀ ਗਈ।

ਇਸ ਦੌਰਾਨ ਕੋਰਟ 'ਚ ਮੌਜੂਦ ਮੁਲਜ਼ਮ ਸਾਂਝੀ ਰਾਮ ਨੇ ਸੁਣਵਾਈ ਦੌਰਾਨ ਹੀ ਨਾਰਕੋ ਟੈਸਟ ਕਰਾਉਣ ਦੀ ਵੀ ਮੰਗ ਕੀਤੀ। ਕਰੀਬ ਇਕ ਘੰਟੇ ਤਕ ਚੱਲੀ ਸੁਣਵਾਈ ਦੌਰਾਨ ਕੋਰਟ ਲੋਕਾਂ ਤੇ ਮੀਡੀਆ ਨਾਲ ਖਚਾਖਚ ਭਰੀ ਹੋਈ ਸੀ। ਕੋਰਟ ਦੇ ਬਾਹਰ ਹੋਰ ਦੋਸ਼ੀਆਂ ਨੇ ਵੀ ਨਾਰਕੋ ਟੈਸਟ ਕਰਾਉਣ ਦੀ ਮੰਗ ਕੀਤੀ। ਇਸ ਦੌਰਾਨ ਸਾਰੇ ਅੱਠ ਮੁਲਜ਼ਮਾਂ ਸਾਂਝੀ ਰਾਮ, ਪਰਵੇਸ਼, ਵਿਸ਼ਾਲ ਸ਼ਰਮਾ, ਸੁਰਿੰਦਰ ਵਰਮਾ, ਦੀਪਕ ਖਜੂਰੀਆ, ਤਿਲਕ ਰਾਜ ਤੇ ਆਨੰਦ ਦੱਤਾ ਨੂੰ ਕੋਰਟ 'ਚ ਲਿਆਂਦਾ ਗਿਆ ਸੀ। ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਸਖ਼ਤ ਸੁਰੱਖਿਆ 'ਚ ਜੇਲ੍ਹ ਲਿਜਾਇਆ ਗਿਆ।

ਜ਼ਿਕਰਯੋਗ ਹੈ ਕਿ ਅੱਠ ਅਪ੍ਰੈਲ ਨੂੰ ਪੇਸ਼ ਕਰਾਈਮ ਬ੍ਰਾਂਚ ਦੀ ਚਾਰਜਸ਼ੀਟ ਮੁਤਾਬਕ, ਖਾਨਾਬਦੋਸ਼ ਿਫ਼ਰਕੇ ਨੂੰ ਯੋਜਨਾਬੱਧ ਤਰੀਕੇ ਨਾਲ ਇਲਾਕੇ ਤੋਂ ਹਟਾਉਣ ਲਈ ਜਬਰ ਜਨਾਹ ਤੇ ਹੱਤਿਆ ਦੀ ਸਾਜ਼ਿਸ਼ ਰਚੀ ਗਈ। ਇਸ ਮਾਮਲੇ 'ਚ ਨਾਬਾਲਿਗ ਮੁਲਜ਼ਮ ਖਿਲਾਫ਼ ਵੱਖਰੇ ਤੌਰ 'ਤੇ ਚਾਰਜਸ਼ੀਟ ਪੇਸ਼ ਕੀਤੀ ਗਈ ਹੈ।

-------

90 ਦਿਨਾਂ 'ਚ ਸੁਣਵਾਈ ਮੁਸ਼ਕਲ

ਕੋਰਟ 'ਚ ਸੁਣਵਾਈ ਤੋਂ ਬਾਅਦ ਵਕੀਲਾਂ ਨੇ ਕਿਹਾ ਕਿ ਇਸ ਮਾਮਲੇ 'ਚ 490 ਪੇਜ ਦੀ ਚਾਰਜਸ਼ੀਟ 'ਚ 239 ਗਵਾਹ ਬਣਾਏ ਗਏ ਹਨ। ਇਨ੍ਹਾਂ ਦੀ ਗਵਾਹੀ ਲੈਣ ਲਈ ਕਾਫ਼ੀ ਸਮਾਂ ਲੱਗੇਗਾ। ਇਸ ਤਰ੍ਹਾਂ ਫਾਸਟ ਟ੫ੈਕ ਕੋਰਟ 'ਚ 90 ਦਿਨਾਂ 'ਚ ਸੁਣਵਾਈ ਕਰਨਾ ਸੰਭਵ ਨਹੀਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kathua gang rape