ਦਿੱਲੀ ਪੁੱਜਣੇ ਸਨ ਹਥਿਆਰ ਜਲੰਧਰ ਪੁਲਿਸ ਰਾਜਧਾਨੀ ਪੁੱਜੀ

Updated on: Thu, 11 Oct 2018 10:10 PM (IST)
  

ਅੱਤਵਾਦੀ ਆਕਾਵਾਂ ਦੇ ਜਲੰਧਰ ਪਰਵਾਸ ਦੇ ਮਿਲੇ ਸੰਕੇਤ, ਐੱਨਆਈਏ ਨੇ ਸ਼ੁਰੂ ਕੀਤੀ ਯਾਸਿਰ ਤੇ ਸਾਥੀਆਂ ਤੋਂ ਪੁੱਛਗਿਛ

ਅੱਤਵਾਦੀਆਂ ਦੇ 'ਆਕਾਵਾਂ' ਨੇ ਆ ਕੇ ਨੈੱਟਵਰਕ ਖੜ੍ਹਾ ਕਰਨ ਦੀ ਬਣਾਈ ਸੀ ਰਣਨੀਤੀ

ਛੇ ਮਹੀਨਿਆਂ ਤੋਂ ਅੱਤਵਾਦੀਆਂ ਦੇ ਸੰਪਰਕ ਵਿਚ ਸਨ ਤਿੰਨੇ ਕਸ਼ਮੀਰੀ ਨੌਜਵਾਨ

ਰਾਕੇਸ਼ ਗਾਂਧੀ, ਸੁਕਰਾਂਤ, ਜਲੰਧਰ : ਪੰਜਾਬ ਪੁਲਿਸ ਤੇ ਜੰਮੂ ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ 'ਚ ਫੜੇ ਗਏ ਅੱਤਵਾਦੀਆਂ ਦੇ ਤਾਰ ਦਿੱਲੀ ਨਾਲ ਜੁੜ ਰਹੇ ਹਨ। ਖ਼ੁਲਾਸਾ ਹੋਇਆ ਹੈ ਕਿ ਤਿੰਨਾਂ ਕੋਲੋਂ ਫੜੀ ਗਈ ਧਮਾਕਾਖ਼ੇਜ਼ ਸਮੱਗਰੀ ਤੇ ਹਥਿਆਰਾਂ ਨੂੰ ਦਿੱਲੀ ਪਹੁੰਚਾਇਆ ਜਾਣਾ ਸੀ। ਦਿੱਲੀ ਵਿਚ ਜਿਸ ਕੋਲ ਇਹ ਸਾਮਾਨ ਜਾਣਾ ਸੀ ਉਨ੍ਹਾਂ ਬਾਰੇ ਪੁਲਿਸ ਜਾਣਕਾਰੀ ਹਾਸਲ ਕਰ ਚੁੱਕੀ ਹੈ ਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਨਾਲ ਸੰਪਰਕ ਕਰ ਕੇ ਜਲੰਧਰ ਪੁਲਿਸ ਦਿੱਲੀ 'ਚ ਡੇਰਾ ਲਾਈ ਬੈਠੀ ਹੈ। ਛੇਤੀ ਹੀ ਪੁਲਿਸ ਉਨ੍ਹਾਂ ਦੀ ਗਿ੍ਰਫ਼ਤਾਰੀ ਵੀ ਵਿਖਾ ਸਕਦੀ ਹੈ। ਕਸ਼ਮੀਰ ਵਿਚ ਸਰਗਰਮ ਅੱਤਵਾਦੀ ਜਮਾਤ ਅੰਸਾਰ-ਗਜਾਵਤ-ਉਲ-ਹਿੰਦ ਦੇ ਆਕਾਵਾਂ ਦੇ ਜਲੰਧਰ ਵਿਚ ਆਉਣ ਦੇ ਸੰਕੇਤ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਆਪਣਾ ਨੈੱਟਵਰਕ ਫੈਲਾਉਣ ਦੀ ਰਣਨੀਤੀ ਬਣਾਉਣ ਲਈ ਅੱਤਵਾਦੀਆਂ ਦੇ ਸਾਥੀ ਜਲੰਧਰ 'ਚ ਆ ਕੇ ਠਹਿਰੇ ਸਨ। ਪਿਛਲੇ ਛੇ ਮਹੀਨਿਆਂ ਤੋਂ ਸ਼ਹਿਰ ਦੀਆਂ ਕਈ ਸਿੱਖਿਆ ਸੰਸਥਾਵਾਂ ਅੱਤਵਾਦੀਆਂ ਦੀ ਪਨਾਹਗਾਹ ਬਣੀਆਂ ਰਹੀਆਂ ਤੇ ਕਿਸੇ ਨੂੰ ਕੋਈ ਖ਼ਬਰ ਤਕ ਨਹੀਂ ਹੋਈ। ਅੱਤਵਾਦੀਆਂ ਦੇ ਸੀਟੀ ਇੰਸਟੀਚਿਊਟ 'ਚ ਰਹਿਣ ਕਾਰਨ ਆਉਣ ਵਾਲੇ ਸਾਥੀਆਂ ਨੂੰ ਬਿਨਾਂ ਕਿਰਾਏ ਤੇ ਬਿਨਾਂ ਪਛਾਣ ਪੱਤਰ ਵਿਖਾਏ ਕਮਰਾ ਮਿਲ ਰਿਹਾ ਸੀ ਜੋ ਪੁਲਿਸ ਪ੍ਰਸ਼ਾਸਨ ਦੇ ਖ਼ੁਫ਼ੀਆ ਤੰਤਰ ਦੀ ਕਮਜ਼ੋਰੀ ਉਜਾਗਰ ਕਰ ਰਿਹਾ ਹੈ। ਭਾਵੇਂ ਹੀ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਮਾਤ ਦੇ ਮੁਖੀ ਜ਼ਾਕਿਰ ਮੂਸਾ ਦੇ ਨਾਲ-ਨਾਲ ਅੱਤਵਾਦੀਆਂ ਦੇ ਹੋਰ ਵੀ ਸਾਥੀਆਂ ਦੇ ਜਲੰਧਰ ਵਿਚ ਆਉਣ ਦੇ ਸੰਕੇਤ ਮਿਲੇ ਹਨ। ਸੰਕੇਤ ਮਿਲਣ ਪਿੱਛੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਟੀਮ ਜਲੰਧਰ ਪੁੱਜ ਚੁੱਕੀ ਹੈ।

ਵੀਰਵਾਰ ਨੂੰ ਟੀਮ ਦੇ ਮੈਂਬਰਾਂ ਨੇ ਸੀਟੀ ਇੰਸਟੀਚਿਊਟ ਤੋਂ ਫੜੇ ਗਏ ਕਸ਼ਮੀਰੀ ਨੌਜਵਾਨਾਂ ਯਾਸਿਰ ਰਫ਼ੀਕ ਬੱਟ, ਜਾਹਿਦ ਗ਼ੁਲਜ਼ਾਰ, ਮੁਹੰਮਦ ਇਦਰੀਸ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਏ ਹਨ ਪਰ ਪੁਲਿਸ ਅਧਿਕਾਰੀ ਕੁਝ ਦਸ ਨਹੀਂ ਰਹੇ। ਜਲੰਧਰ ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ ਤੇ ਫੜੇ ਗਏ ਧਮਾਕਾਖ਼ੇਜ਼ ਪਦਾਰਥ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

----------------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kashmiri students news