ਮੰਨਾਨ ਤੇ ਆਸ਼ਿਕ ਦੀ ਮੌਤ 'ਤੇ ਕਸ਼ਮੀਰ ਬੰਦ ਦਾ ਐਲਾਨ

Updated on: Thu, 11 Oct 2018 07:56 PM (IST)
  

-ਵੱਖਵਾਦੀ ਤੇ ਗਰਮਖਿਆਲੀਆਂ ਨੇ ਕੀਤਾ ਦੁੱਖ ਪ੍ਰਗਟ

ਸਟੇਟ ਬਿਊਰੋ, ਸ੍ਰੀਨਗਰ : ਹੰਦਵਾੜਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਅੱਤਵਾਦੀ ਕਮਾਂਡਰ ਡਾ. ਮੰਨਾਨ ਬਸ਼ੀਰ ਵਾਨੀ ਅਤੇ ਉਸ ਦੇ ਸਾਥੀ ਆਸ਼ਿਕ ਹੁਸੈਨ ਜਰਗਰ ਦੀ ਮੌਤ 'ਤੇ ਵੱਖਵਾਦੀਆਂ ਦੇ ਸਾਂਝਾ ਮੰਚ ਜਾਇੰਟ ਰਜਿਸਟੈਂਸ ਲੀਡਰਸ਼ਿਪ (ਜੇਆਰਐੱਲ) ਨੇ ਦੁੱਖ ਪ੍ਰਗਟਾਇਆ ਹੈ। ਜੇਆਰਐੱਲ ਨੇ 12 ਅਕਤੂਬਰ ਨੂੰ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਹਿਜ਼ਬ ਨੇ ਵੀ ਇਕ ਬਿਆਨ ਜਾਰੀ ਕਰ ਕੇ ਮੰਨਾਨ ਵਾਨੀ ਅਤੇ ਉਸ ਦੇ ਸਾਥੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤਕ ਉਨ੍ਹਾਂ ਦਾ ਮਿਸ਼ਨ ਪੂਰਾ ਨਹੀਂ ਹੋਵੇਗਾ ਕਸ਼ਮੀਰ ਵਿਚ ਹਿੰਦੋਸਤਾਨ ਖ਼ਿਲਾਫ਼ ਜੰਗ ਜਾਰੀ ਰਹੇਗੀ।

ਆਪਣੇ ਘਰ ਵਿਚ ਨਜ਼ਰਬੰਦ ਉਦਾਰਵਾਦੀ ਹੁਰੀਅਤ ਮੁਖੀ ਮੀਰਵਾਇਜ਼ ਮੌਲਵੀ ਉਮਰ ਫਾਰੂਕ ਨੇ ਮੰਨਾਨ ਅਤੇ ਉਸ ਦੇ ਸਾਥੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਹੈ ਕਿ ਮੰਨਾਨ ਵਾਨੀ ਅਤੇ ਉਸ ਦੇ ਸਾਥੀ ਦੀ ਮੌਤ ਦੁੱਖਦਾਈ ਖ਼ਬਰ ਹੈ। ਇਸ ਨਾਲ ਮੇਰੇ ਦਿਲ ਨੂੰ ਡੂੰਘੀ ਸੱਟ ਵੱਜੀ ਹੈ। ਅਸੀਂ ਇਕ ਲੇਖਕ ਅਤੇ ਵਿਚਾਰਵਾਨ ਨੌਜਵਾਨ ਨੂੰ ਖੋਹ ਦਿੱਤਾ ਹੈ। ਉਸ ਦੀ ਮੌਤ 'ਤੇ ਜੇਆਰਐੱਲ ਕਸ਼ਮੀਰ ਵਿਚ ਲੋਕਾਂ ਨੂੰ ਸ਼ੁੱਕਰਵਾਰ ਨੂੰ ਬੰਦ ਰੱਖਣ ਅਤੇ ਉਸ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕਰਦਾ ਹੈ। ਜ਼ਿਕਰਯੋਗ ਹੈ ਕਿ ਕੱਟੜਪੰਥੀ ਸੱਯਦ ਅਲੀ ਸ਼ਾਹ ਗਿਲਾਨੀ, ਉਦਾਰਵਾਦੀ ਹੁਰੀਅਤ ਮੁਖੀ ਮੀਰਵਾਇਜ਼ ਮੌਲਵੀ ਉਮਰ ਫਾਰੂਕ ਅਤੇ ਜੇਕੇਐੱਲਐੱਫ ਚੇਅਰਮੈਨ ਯਾਸੀਨ ਮਲਿਕ ਸਾਂਝੇ ਤੌਰ 'ਤੇ ਜੇਆਰਐੱਲ ਦੀ ਅਗਵਾਈ ਕਰ ਰਹੇ ਹਨ।

ਇਸ ਦੌਰਾਨ ਹਿਜ਼ਬੁਲ ਮੁਜਾਹਦੀਨ ਦੇ ਬੁਲਾਰੇ ਬੁਰਹਾਨੂਦੀਨ ਨੇ ਬਿਆਨ ਜਾਰੀ ਕਰ ਕੇ ਮੰਨਾਨ ਵਾਨੀ ਅਤੇ ਆਸ਼ਿਕ ਜਰਗਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਬੁਰਹਾਨੂਦੀਨ ਨੇ ਕਿਹਾ ਕਿ ਹਿਜ਼ਬ ਮੁਖੀ ਸਲਾਹੂਦੀਨ, ਹਿਜ਼ਬ ਦੇ ਡਿਪਟੀ ਚੀਫ ਸੈਫੁੱਲਾ ਖਾਲਿਦ ਅਤੇ ਆਪਰੇਸ਼ਨਲ ਫੀਲਡ ਕਮਾਂਡਰ ਮੁਹੰਮਦ ਬਿਨ ਕਾਸਿਮ ਨੇ ਕਸ਼ਮੀਰ ਵਿਚ ਜੰਗ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kashmir band call