ਚੀਨ ਤਾਕਤਵਰ ਤਾਂ ਭਾਰਤ ਵੀ ਕਮਜ਼ੋਰ ਨਹੀਂ : ਫ਼ੌਜ ਮੁਖੀ

Updated on: Fri, 12 Jan 2018 09:27 PM (IST)
  

-ਚੀਨੀ ਰੁਖ਼ ਨੂੰ ਵੇਖਦਿਆਂ ਸਰਹੱਦ 'ਤੇ ਫ਼ੌਜ ਵਧਾਈ

-ਡੋਕਲਾਮ ਵਿਵਾਦ ਪਿੱਛੋਂ ਚੀਨ ਦੇ ਦੁਬਾਰਾ ਆਉਣ ਦੀ ਸ਼ੰਕਾ

-ਚੀਨ ਤੋਂ ਸਿੱਧੀ ਜੰਗ ਨਹੀਂ ਸਾਈਬਰ ਯੁੱਧ ਦਾ ਖ਼ਤਰਾ

ਸੰਜੇ ਮਿਸ਼ਰ, ਨਵੀਂ ਦਿੱਲੀ

ਫ਼ੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਆਪਣੀ ਤਾਕਤ ਦਿਖਾਉਣ ਲਈ ਚੀਨ ਹਮਲਾਵਰ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵੀ ਕਮਜ਼ੋਰ ਦੇਸ਼ ਨਹੀਂ ਹੈ। ਚੀਨ ਦੇ ਹੱਠ ਦੇ ਮੁਕਾਬਲੇ ਭਾਰਤ ਨੂੰ ਸਰਹੱਦ 'ਤੇ ਚੌਕਸੀ ਦੇ ਨਾਲ ਹੀ ਦੂਸਰੇ ਦੇਸ਼ਾਂ ਦੇ ਨਾਲ ਕੂਟਨੀਤਕ ਅਤੇ ਫ਼ੌਜੀ ਰਣਨੀਤੀ ਨੂੰ ਲੈ ਕੇ ਸਹਿਯੋਗ ਕਰਨ ਦੀ ਲੋੜ ਹੈ। ਫ਼ੌਜ ਮੁਖੀ ਨੇ ਕਿਹਾ ਕਿ ਡੋਕਲਾਮ ਵਿਵਾਦ ਦੇ ਹੱਲ ਪਿੱਛੋਂ ਵੀ ਸਰਹੱਦੀ ਖੇਤਰ ਵਿਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦਾ ਬਣਾਇਆ ਗਿਆ ਜ਼ਰੂਰੀ ਬੁਨਿਆਦੀ ਢਾਂਚਾ ਕਾਇਮ ਹੈ। ਇਸ ਲਈ ਦੁਬਾਰਾ ਚੀਨੀ ਫ਼ੌਜ ਦੇ ਡੋਕਲਾਮ 'ਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਫ਼ੌਜ ਮੁਖੀ ਬਿਪਿਨ ਰਾਵਤ ਨੇ ਆਪਣੀ ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਦੁਨੀਆ 'ਚ ਵੱਡੀ ਤਾਕਤ ਦੇ ਰੂਪ 'ਚ ਚੀਨ ਦੇ ਉਭਰਨ ਅਤੇ ਭਾਰਤੀ ਸਰਹੱਦ ਵਿਚ ਉਸ ਦੀ ਵੱਧਦੀ ਘੁਸਪੈਠ ਨਾਲ ਜੁੜੇ ਸਵਾਲਾਂ 'ਤੇ ਉਨ੍ਹਾਂ ਨੇ ਮੰਨਿਆ ਕਿ ਚੀਨ ਹਮਲਾਵਰ ਰਣਨੀਤੀ ਅਪਣਾ ਰਿਹਾ ਹੈ। ਇਸ ਲਈ ਸਰਕਾਰ ਸਿੱਧੀ ਕੂਟਨੀਤਕ ਗੱਲਬਾਤ ਰਾਹੀਂ ਸ਼ਾਂਤੀ ਦੀ ਪਹਿਲ ਕਰ ਰਹੀ ਹੈ। ਦੁਸਰੇ ਪਾਸੇ ਰਣਨੀਤਕ ਤੌਰ 'ਤੇ ਅਸੀਂ ਉਨ੍ਹਾਂ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜੋ ਚੀਨ ਦੀ ਇਸ ਨੀਤੀ ਤੋਂ ਪ੍ਰਭਾਵਿਤ ਹਨ।

ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੫ੇਲੀਆ ਦਾ ਇਸ ਲਈ ਇਕੱਠੇ ਹੋਣਾ ਇਸ ਦਿਸ਼ਾ 'ਚ ਅਹਿਮ ਹੈ। ਕਈ ਦੂਜੇ ਦੇਸ਼ ਵੀ ਸਾਡੇ ਨਾਲ ਆ ਰਹੇ ਹਨ। ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਵਿਚ ਸਾਡੇ ਲਈ ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਅਫ਼ਗਾਨਿਸਤਾਨ ਵਰਗੇ ਗੁਆਂਢੀ ਦੇਸ਼ ਬੇਹੱਦ ਅਹਿਮ ਹਨ। ਰਾਵਤ ਨੇ ਕਿਹਾ ਕਿ ਅਸੀਂ ਆਪਣੇ ਗੁਆਂਢੀਆਂ ਨੂੰ ਚੀਨ ਵੱਲ ਝੁਕਣ ਦੇਣ ਦਾ ਜੋਖ਼ਮ ਨਹੀਂ ਲੈ ਸਕਦੇ ਪ੍ਰੰਤੂ ਇਹ ਵੀ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਚੀਨ ਜੇਕਰ ਤਾਕਤਵਰ ਹੈ ਤਾਂ ਅਸੀਂ ਵੀ ਕਮਜ਼ੋਰ ਨਹੀਂ ਹਾਂ। ਅਸੀਂ ਮੁਕਾਬਲਾ ਕਰਨ ਦੇ ਸਮਰੱਥ ਹਾਂ।

ਜਨਰਲ ਰਾਵਤ ਨੇ ਸਾਫ਼ ਕਿਹਾ ਕਿ ਫ਼ੌਜ ਕਿਸੇ ਵੀ ਤਰ੍ਹਾਂ ਦੇ ਵਾਰ ਫੇਅਰ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰੀ ਵਿਚ ਲੱਗੀ ਹੈ। ਚੀਨ ਨਾਲ ਸਿੱਧੇ ਮੋਰਚੇ 'ਤੇ ਆਹਮੋ ਸਾਹਮਣੇ ਜੰਗ ਦੇ ਮੁਕਾਬਲੇ ਸਾਈਬਰ ਅਤੇ ਇਨਫਰਮੇਸ਼ਨ ਵਾਰ ਦਾ ਖ਼ਤਰਾ ਕਿਤੇ ਜ਼ਿਆਦਾ ਵਧਿਆ ਹੈ। ਇਸ ਨਵੇਂ ਤਰ੍ਹਾਂ ਦੀ ਜੰਗ ਦਾ ਮੁਕਾਬਲਾ ਕਰਨ ਲਈ ਵੀ ਫ਼ੌਜ ਅਤੇ ਸਰਕਾਰ ਆਪਣੀ ਤਿਆਰੀ ਕਰ ਰਹੀ ਹੈ।

ਡੋਕਲਾਮ ਵਿਵਾਦ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਚੀਨ ਨਾਲ ਜੰਗ ਦਾ ਖ਼ਤਰਾ ਹੋਣ ਦੀ ਸ਼ੰਕਾ ਬਾਰੇ ਪੁੱਛੇ ਜਾਣ 'ਤੇ ਜਨਰਲ ਰਾਵਤ ਨੇ ਕਿਹਾ ਕਿ ਅਜਿਹੀ ਸ਼ੰਕਾ ਸੀ ਅਤੇ ਅਸੀਂ ਇਸ ਲਈ ਤਿਆਰ ਸੀ। ਚੀਨ ਡੋਕਲਾਮ 'ਚ ਭੂਟਾਨ ਦੇ ਸਰਹੱਦੀ ਖੇਤਰ ਵਿਚ ਭੂਗੋਲਿਕ ਸਥਿਤੀ ਨੂੰ ਬਦਲਣਾ ਚਾਹੁੰਦਾ ਸੀ। ਇਸ ਲਈ ਸਾਨੂੰ ਫ਼ੌਜ ਨੂੰ ਤਾਇਨਾਤ ਕਰਨਾ ਪਿਆ। ਫ਼ੌਜ ਮੁਖੀ ਨੇ ਕਿਹਾ ਕਿ ਡੋਕਲਾਮ 'ਚ ਚੀਨ ਨੇ ਫ਼ੌਜ ਦੀ ਤਾਇਨਾਤੀ ਘਟਾਈ ਹੈ ਪ੍ਰੰਤੂ ਉਨ੍ਹਾਂ ਦੇ ਢਾਂਚੇ ਉਥੇ ਮੌਜੂਦ ਹਨ। ਇਸ ਲਈ ਭਵਿੱਖ ਵਿਚ ਉਥੇ ਫਿਰ ਤੋਂ ਚੀਨੀ ਫ਼ੌਜੀਆਂ ਦੀ ਤਾਇਨਾਤੀ ਹੋ ਸਕਦੀ ਹੈ। ਇਸ ਲਈ ਅਸੀਂ ਤਿਆਰ ਹਾਂ। ਜਨਰਲ ਰਾਵਤ ਨੇ ਕਿਹਾ ਕਿ ਸਰਹੱਦ 'ਤੇ ਸਾਡੀ ਸਥਿਤੀ ਹੁਣ 1962 ਵਰਗੀ ਨਹੀਂ ਹੈ। ਸਰਹੱਦ ਦੀ 24 ਘੰਟੇ ਨਿਗਰਾਨੀ ਹੋ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jn bipin rawat