ਬਕਾਏ ਦਾ ਭੁਗਤਾਨ ਕਰੋ ਜਾਂ ਦੂਜਿਆਂ ਦੇ ਹਵਾਲੇ ਕਰੋ ਕਾਰੋਬਾਰ : ਜੇਤਲੀ

Updated on: Thu, 31 Aug 2017 06:01 PM (IST)
  

ਨਵੀਂ ਦਿੱਲੀ (ਏਜੰਸੀ) :

ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ਦੇ ਕਰਜ਼ ਲੈ ਕੇ ਉਸ ਨੂੰ ਨਹੀਂ ਪਰਤਾ ਸਕਣ ਵਾਲੀਆਂ ਨਿੱਜੀ ਕੰਪਨੀਆਂ ਦੇ ਮਾਲਕਾਂ ਨੂੰ ਕਿਹਾ ਹੈ ਕਿ ਉਹ ਆਪਣਾ ਬਕਾਇਆ ਚੁਕਾਉਣ ਜਾਂ ਫਿਰ ਕਾਰੋਬਾਰ ਛੱਡ ਕੇ ਉਸ ਦਾ ਕੰਟਰੋਲ ਕਿਸੇ ਦੂਜੇ ਦੇ ਹਵਾਲੇ ਕਰ ਦੇਣ। ਭਾਰਤੀ ਰਿਜ਼ਰਵ ਬੈਂਕ ਨੇ ਦੀਵਾਲਾ ਅਤੇ ਕਰਜ਼ਾ ਮੁੜ ਭੁਗਤਾਨ ਅਸਮਰੱਥਾ ਕਾਨੂੰਨ ਦੇ ਤਹਿਤ ਹਾਲੀਆ ਅਜਿਹੀਆਂ 12 ਵੱਡੀਆਂ ਕਰਜ਼ਦਾਰ ਕੰਪਨੀਆਂ ਖ਼ਿਲਾਫ਼ ਦੀਵਾਲਾ ਕਾਰਵਾਈ ਸ਼ੁਰੂ ਕਰਨ ਦਾ ਬੈਂਕਾਂ ਨੂੰ ਹੁਕਮ ਦਿੱਤਾ ਹੈ। ਇਨ੍ਹਾਂ ਕੰਪਨੀਆਂ 'ਚ ਦੋ ਲੱਖ ਕਰੋੜ ਰੁਪਏ ਦਾ ਕਰਜ਼ ਫਸਿਆ ਹੋਇਆ ਹੈ। ਇਹ ਰਕਮ ਬੈਂਕਾਂ ਦੇ ਕੁੱਲ ਫਸੇ ਕਰਜ਼ ਦੇ ਇਕ ਚੌਥਾਈ ਦੇ ਕਰੀਬ ਹੈ।

ਬੈਂਕਾਂ ਤੋਂ ਕਰਜ਼ ਲੈ ਕੇ ਉਸ ਨੂੰ ਨਹੀਂ ਵਾਪਸ ਕਰ ਪਾ ਰਹੇ ਕੁਝ ਹੋਰ ਕਰਜ਼ਦਾਰਾਂ ਖ਼ਿਲਾਫ਼ ਵੀ ਕਾਰਵਾਈ ਨੂੰ ਨੋਟੀਫਾਈ ਕੀਤਾ ਜਾ ਰਿਹਾ ਹੈ। ਜੇਤਲੀ ਨੇ ਕਿਹਾ ਕਿ ਸਰਕਾਰ ਬੈਂਕਾਂ ਨੂੰ ਹੋਰ ਪੂੰਜੀ ਮੁਹੱਈਆ ਕਰਾਉਣ ਲਈ ਤਿਆਰ ਹੈ ਪਰ ਫਸੇ ਕਰਜ਼ ਦਾ ਹੱਲ ਸਰਕਾਰ ਲਈ ਵੱਡੀ ਪਹਿਲ ਹੈ। ਵਿੱਤ ਮੰਤਰੀ ਨੇ ਇੱਥੇ ਇਕੋਨੋਮਿਸਟ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੀਵਾਲਾ ਕਰਜ਼ ਵਾਪਸ ਕਰਨ ਸਬੰਧੀ ਕਾਨੂੰਨ ਦੇ ਜ਼ਰੀਏ ਮੈਂ ਸਮਝਦਾ ਹਾਂ ਕਿ ਦੇਸ਼ 'ਚ ਪਹਿਲੀ ਵਾਰੀ ਫਸੇ ਕਰਜ਼ ਦੇ ਮਾਮਲੇ 'ਚ ਸਰਗਰਮ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਫਸੇ ਕਰਜ਼ ਦਾ ਹੱਲ ਕਰਨ 'ਚ ਸਮਾਂ ਲੱਗੇਗਾ। ਤੁਸੀਂ ਇਸ ਮਾਮਲੇ 'ਚ ਇਕ ਝਟਕੇ 'ਚ ਸਰਜੀਕਲ ਕਾਰਵਾਈ ਨਹੀਂ ਕਰ ਸਕਦੇ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬੈਂਕਾਂ ਨੂੰ ਪਹਿਲਾਂ ਹੀ 70 ਹਜ਼ਾਰ ਕਰੋੜ ਰੁਪਏ ਤਕ ਪੂੰਜੀ ਮੁਹੱਈਆ ਕਰਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਹੋਰ ਪੂੰਜੀ ਦੇਣ ਲਈ ਵੀ ਤਿਆਰ ਹੈ। ਕੁਝ ਬੈਂਕ ਬਾਜ਼ਾਰ ਤੋਂ ਵੀ ਪੂੰਜੀ ਇਕੱਠੀ ਕਰ ਸਕਦੇ ਹਨ। ਅਸੀਂ ਬੈਂਕਿੰਗ ਖੇਤਰ 'ਚ ਏਕੀਕਰਨ ਦੀ ਕਾਰਵਾਈ ਅੱਗੇ ਵਧਾਉਣ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਸਾਨੂੰ ਜ਼ਿਆਦਾ ਬੈਂਕ ਨਹੀਂ ਚਾਹੀਦੇ, ਸਾਨੂੰ ਘੱਟ ਪਰ ਮਜ਼ਬੂਤ ਬੈਂਕ ਚਾਹੀਦੇ ਹਨ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਹਫ਼ਤੇ ਹੀ ਦੇਸ਼ ਦੇ ਜਨਤਕ ਖੇਤਰ ਦੇ 21 ਬੈਂਕਾਂ 'ਚ ਰਲੇਵਾਂ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਇਨ੍ਹਾਂ ਬੈਂਕਾਂ ਦੀ ਕਾਰਜ ਸਮਰੱਥਾ ਅਤੇ ਉਨ੍ਹਾਂ 'ਚ ਸੰਚਾਲਨ ਨੂੰ ਬਿਹਤਰ ਬਣਾਇਆ ਜਾ ਸਕੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jaitly statement