ਮੋਬਾਈਲ ਕਾਲ ਮਹਿੰਗੀ, ਸਿੱਖਿਆ ਤੇ ਸਿਹਤ ਨੂੰ ਰਾਹਤ

Updated on: Fri, 19 May 2017 09:36 PM (IST)
  

-ਟੈਲੀਕਾਮ ਸੇਵਾਵਾਂ 'ਤੇ ਲੱਗੇਗਾ 18 ਫ਼ੀਸਦੀ ਜੀਐੱਸਟੀ

-ਜੀਐੱਸਟੀ ਕੌਂਸਲ ਨੇ ਤੈਅ ਕੀਤੀਆਂ ਸੇਵਾਵਾਂ ਲਈ ਦਰਾਂ

-----

ਸੇਵਾਵਾਂ 'ਤੇ ਜੀਐੱਸਟੀ ਦਰ

ਟੈਕਸ ਮੁਕਤ : ਮੈਟਰੋ, ਲੋਕਲ ਰੇਲ ਗੱਡੀਆਂ, ਹੱਜ ਸਮੇਤ ਧਾਰਮਿਕ ਯਾਤਰਾ, 1000 ਰੁਪਏ ਰੋਜ਼ਾਨਾ ਕਿਰਾਏ ਵਾਲੇ ਹੋਟਲ ਜਾਂ ਲਾਜ ਦੇ ਕਮਰੇ

5 ਫ਼ੀਸਦੀ : ਏਸੀ ਯਾਤਰਾ, ਇਕਨਾਮੀ ਹਵਾਈ ਸੇਵਾ

12 ਫ਼ੀਸਦੀ : ਬਿਜ਼ਨਸ ਸ੍ਰੇਣੀ ਹਵਾਈ ਸੇਵਾ, ਏਸੀ ਰਹਿਤ ਰੈਸਟੋਰੈਂਟ, 1000 ਰੁਪਏ ਤੋਂ 2000 ਰੁਪਏ ਰੋਜ਼ਮਰ੍ਹਾ ਕਿਰਾਏ ਵਾਲੇ ਹੋਟਲ ਕਮਰੇ

18 ਫ਼ੀਸਦੀ : ਟੈਲੀਕਾਮ, ਵਿੱਤੀ ਸੇਵਾਵਾਂ, ਸ਼ਰਾਬ ਪਰੋਸਣ ਵਾਲੇ ਰੈਸਟੋਰੈਂਟ, 2500 ਰੁਪਏ ਤੋਂ 5000 ਰੁਪਏ ਕਿਰਾਏ ਵਾਲੇ ਹੋਟਲ

28 ਫ਼ੀਸਦੀ : ਪੰਜ ਤਾਰਾ ਹੋਟਲਾਂ ਦੇ ਰੈਸਟੋਰੈਂਟ, ਗੈਂਬਲਿੰਗ ਐਂਡ ਬੇਟਿੰਗ, ਸਿਨਮਾ ਸੇਵਾਵਾਂ, 5000 ਤੋਂ ਜ਼ਿਆਦਾ ਕਿਰਾਏ ਵਾਲੇ ਹੋਟਲ

----

ਸਟੇਟ ਬਿਊਰੋ, ਸ੍ਰੀਨਗਰ : ਇਕ ਜੁਲਾਈ 2017 ਤੋਂ ਤਜਵੀਜ਼ਸ਼ੁਦਾ ਵਸਤ ਤੇ ਸੇਵਾ ਕਰ (ਜੀਐੱਸਟੀ) ਲਾਗੂ ਹੋਣ ਤੋਂ ਬਾਅਦ ਫੋਨ 'ਤੇ ਗੱਲ ਕਰਨੀ ਮਹਿੰਗੀ ਹੋ ਜਾਵੇਗੀ। ਦਰਅਸਲ ਜੀਐੱਸਟੀ ਕੌਂਸਲ ਨੇ ਸੇਵਾਵਾਂ ਲਈ ਜੀਐੱਸਟੀ ਦੀਆਂ ਚਾਰ ਵੱਖ-ਵੱਖ ਦਰਾਂ ਤੈਅ ਕਰਦੇ ਹੋਏ ਦੂਰਸੰਚਾਰ ਸੇਵਾਵਾਂ 'ਤੇ ਜੀਐੱਸਟੀ ਦੀ ਸਟੈਂਡਰਡ ਦਰ 18 ਫ਼ੀਸਦੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਸਿੱਖਿਆ ਤੇ ਸਿਹਤ ਵਰਗੀਆਂ ਸੇਵਾਵਾਂ 'ਤੇ ਜੀਐੱਸਟੀ ਨਹੀਂ ਲੱਗੇਗਾ। ਉਂਜ ਮੱਧਮ ਵਰਗ ਨੂੰ ਧਿਆਨ 'ਚ ਰੱਖਦੇ ਹੋਏ ਇਕਨਾਮੀ ਕਲਾਸ ਦੀ ਹਵਾਈ ਯਾਤਰਾ ਅਤੇ ਆਵਾਜਾਈ ਸੇਵਾਵਾਂ 'ਤੇ ਜੀਐੱਸਟੀ ਦੀ ਦਰ ਪੰਜ ਫ਼ੀਸਦੀ ਹੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸੇਵਾਵਾਂ 'ਤੇ ਜੀਐੱਸਟੀ ਦੀਆਂ ਦਰਾਂ ਤੈਅ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਸ ਨਾਲ ਮਹਿੰਗਾਈ ਨਾ ਵਧੇ।

ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ 'ਚ ਜੀਐੱਸਟੀ ਕੌਂਸਲ ਦੀ 14ਵੀਂ ਬੈਠਕ ਦੇ ਦੂਜੇ ਦਿਨ ਵੱਖੋ-ਵੱਖ ਸੇਵਾਵਾਂ 'ਤੇ ਜੀਐੱਸਟੀ ਦੀਆਂ ਚਾਰ ਦਰਾਂ 5,12,18 ਤੇ 28 ਫ਼ੀਸਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਕੌਂਸਲ ਨੇ ਸੇਵਾਵਾਂ ਲਈ ਜੀਐੱਸਟੀ ਦੀਆਂ ਦਰਾਂ ਨੂੰ ਉਸੇ ਆਧਾਰ 'ਤੇ ਤੈਅ ਕੀਤਾ ਹੈ ਜਿਸ ਤਰ੍ਹਾਂ ਵਸਤਾਂ ਲਈ ਦਰਾਂ ਨੂੰ ਤੈਅ ਕੀਤਾ ਗਿਆ ਹੈ। ਇਨ੍ਹਾਂ ਨੂੰ ਤੈਅ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਾ ਪਏ। ਵਿੱਤ ਮੰਤਰੀ ਨੇ ਕਿਹਾ ਵੀ ਹੈ ਕਿ ਜੀਐੱਸਟੀ ਖ਼ਪਤਕਾਰਾਂ ਦੇ ਅਨੁਕੂਲ ਹੋਵੇਗਾ। ਇਸ ਤਰ੍ਹਾਂ ਸੇਵਾਵਾਂ ਅਤੇ ਜ਼ਿਆਦਾਤਰ ਵਸਤਾਂ 'ਤੇ ਜੀਐੱਸਟੀ ਦੀਆਂ ਦਰਾਂ ਤੈਅ ਹੋਣ ਤੋਂ ਬਾਅਦ ਹੁਣ ਕੁਝ ਕੁ ਵਸਤਾਂ ਬਚੀਆਂ ਹਨ ਜਿਨ੍ਹਾਂ 'ਤੇ ਜੀਐੱਸਟੀ ਦੀ ਦਰ ਤੈਅ ਕੀਤੀ ਜਾਣੀ ਹੈ।

ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੂਰਸੰਚਾਰ ਅਤੇ ਵਿੱਤੀ ਸੇਵਾਵਾਂ 'ਤੇ ਜੀਐੱਸਟੀ ਦੀ 18 ਫ਼ੀਸਦੀ ਦੀ ਦਰ ਲਾਗੂ ਹੋਵੇਗੀ। ਫਿਲਹਾਲ ਦੂਰਸੰਚਾਰ ਸੇਵਾਵਾਂ 'ਤੇ 15 ਫ਼ੀਸਦੀ ਸੇਵਾ ਕਰ ਲੱਗਦਾ ਹੈ। ਉਥੇ ਆਵਾਜਾਈ ਸੇਵਾਵਾਂ 'ਤੇ ਪੰਜ ਫ਼ੀਸਦੀ ਜੀਐੱਸਟੀ ਲੱਗੇਗਾ ਤੇ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀਆਂ ਐਪ ਅਧਾਰਤ ਓਲਾ ਤੇ ਉਬਰ ਕੰਪਨੀਆਂ ਦੀਆਂ ਸੇਵਾਵਾਂ 'ਤੇ ਵੀ ਇਹ ਦਰ ਲਾਗੂ ਹੋਵੇਗੀ। ਫਿਲਹਾਲ ਕੈਬ ਸੇਵਾਵਾਂ 'ਤੇ ਛੇ ਫ਼ੀਸਦੀ ਦੀ ਦਰ ਨਾਲ ਸੇਵਾ ਕਰ ਲੱਗਦਾ ਹੈ। ਰੇਲਵੇ ਦੀ ਗ਼ੈਰ-ਏਸੀ ਯਾਤਰਾ 'ਤੇ ਜੀਐੱਸਟੀ ਨਹੀਂ ਲੱਗੇਗਾ ਜਦਕਿ ਏਸੀ ਯਾਤਰਾ 'ਤੇ ਪੰਜ ਫ਼ੀਸਦੀ ਦੀ ਦਰ ਨਾਲ ਟੈਕਸ ਲਿਆ ਜਾਵੇਗਾ। ਇਕਨਾਮੀ ਸ਼੍ਰੇਣੀ ਦੀ ਹਵਾਈ ਸੇਵਾ 'ਤੇ ਜੀਐੱਸਟੀ ਪੰਜ ਫ਼ੀਸਦੀ ਜਦਕਿ ਬਿਜ਼ਨਸ ਸ਼੍ਰੇਣੀ ਦੀ ਸੇਵਾ 'ਤੇ 12 ਫ਼ੀਸਦੀ ਜੀਐੱਸਟੀ ਲੱਗੇਗਾ। ਉਂਜ ਮੈਟਰੋ, ਲੋਕਲ ਟਰੇਨਾਂ ਤੇ ਹੱਜ ਸਮੇਤ ਧਾਰਮਿਕ ਯਾਤਰਾਵਾਂ 'ਤੇ ਜੀਐੱਸਟੀ ਨਹੀਂ ਲੱਗੇਗਾ।

ਜਿਥੋਂ ਤਕ ਰੈਸਟੋਰੈਂਟ ਦਾ ਸਵਾਲ ਹੈ ਤਾਂ 50 ਲੱਖ ਰੁਪਏ ਤਕ ਦੇ ਸਾਲਾਨਾ ਕਾਰੋਬਾਰ ਵਾਲੇ ਰੈਸਟੋਰੈਂਟ 'ਚ 12 ਫ਼ੀਸਦੀ, ਸ਼ਰਾਬ ਪਰੋਸਣ ਵਾਲੇ ਏਸੀ ਰੈਸਟੋਰੈਂਟ 'ਚ 18 ਫ਼ੀਸਦੀ ਤੇ ਪੰਜ ਤਾਰਾ ਹੋਟਲਾਂ ਦੇ ਰੈਸਟੋਰੈਂਟ 'ਤੇ 28 ਫ਼ੀਸਦੀ ਜੀਐੱਸਟੀ ਲੱਗੇਗਾ। ਉਥੇ ਵਰਕਸ ਕੰਰੈਕਟ ਵਰਗੇ ਸਫੈਦੀ ਕਰਵਾਉਣ ਵਾਲੇ ਕੰਮਾਂ ਲਈ 12 ਫ਼ੀਸਦੀ ਜੀਐੱਸਟੀ ਲੱਗੇਗਾ। ਮਨੋਰੰਜਨ ਕਰ ਨੂੰ ਸੇਵਾ ਕਰ 'ਚ ਜੋੜ ਕੇ ਸਿਨਮਾ ਸੇਵਾਵਾਂ 'ਤੇ 28 ਫ਼ੀਸਦੀ ਜੀਐੱਸਟੀ ਲੱਗੇਗਾ। ਇਹ ਹੀ ਦਰ ਗੈਂਬਲਿੰਗ ਤੇ ਰੇਸ ਕੋਰਟ 'ਚ ਬੇਟਿੰਗ 'ਤੇ ਵੀ ਲਾਗੂ ਹੋਵੇਗੀ। ਉਂਜ ਲਾਟਰੀ 'ਤੇ ਕੋਈ ਟੈਕਸ ਨਹੀਂ ਹੋਵੇਗਾ। ਸਿਨਮਾ ਸੇਵਾਵਾਂ 'ਤੇ ਫਿਲਹਾਲ 40 ਤੋਂ 50 ਫ਼ੀਸਦੀ ਟੈਕਸ ਲੱਗਦਾ ਹੈ ਪਰ ਜੀਐੱਸਟੀ ਦੀ ਦਰ ਘੱਟ ਹੋਣ ਦੇ ਬਾਵਜੂਦ ਸ਼ਾਇਦ ਇਹ ਸੇਵਾ ਸਸਤੀ ਨਾ ਹੋਵੇ ਕਿਉਂਕਿ ਕਈ ਸੂਬੇ ਸਥਾਨਕ ਅਦਾਰਿਆਂ ਲਈ ਪੈਸੇ ਇਕੱਠੇ ਕਰਨ ਲਈ ਸਿਨਮਾ ਸੇਵਾਵਾਂ 'ਤੇ ਸਥਾਨਕ ਮਨੋਰੰਜਨ ਕਰ ਲਗਾ ਸਕਣਗੇ। ਰੋਜ਼ਾਨਾ ਇਕ ਹਜ਼ਾਰ ਰੁਪਏ ਤੋਂ ਘੱਟ ਕਿਰਾਏ ਵਾਲੇ ਹੋਟਲਾਂ 'ਤੇ ਜੀਐੱਸਟੀ ਨਹੀਂ ਲੱਗੇਗਾ ਹਾਲਾਂਕਿ 1000 ਰੁਪਏ ਤੋਂ 2000 ਹਜ਼ਾਰ ਰੁਪਏ ਕਿਰਾਏ ਵਾਲੇ ਹੋਟਲਾਂ 'ਤੇ 12 ਫ਼ੀਸਦੀ, 2500 ਤੋਂ 5000 ਰੁਪਏ ਕਿਰਾਏ ਵਾਲੇ ਹੋਟਲਾਂ 'ਤੇ 18 ਫ਼ੀਸਦੀ ਅਤੇ 5000 ਰੁਪਏ ਤੋਂ ਜ਼ਿਆਦਾ ਕਿਰਾਏ ਵਾਲੇ ਹੋਟਲਾਂ 'ਤੇ 28 ਫ਼ੀਸਦੀ ਜੀਐੱਸਟੀ ਲੱਗੇਗਾ। ਆਨਲਾਈਨ ਕਾਰੋਬਾਰ ਕਰਨ ਵਾਲੀਆਂ ਫਲਿਪਕਾਰਟ ਅਤੇ ਸਨੈਪਡੀਲ ਵਰਗੀਆਂ ਕੰਪਨੀਆਂ ਨੂੰ ਸਪਲਾਈਰ ਨੂੰ ਅਦਾਇਗੀ ਸਮੇਂ ਇਕ ਫ਼ੀਸਦੀ ਟੈਕਸ ਕੱਟ ਕੇ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਨਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਸੇਵਾਵਾਂ 'ਤੇ ਫਿਲਹਾਲ ਸੇਵਾ ਕਰ ਤੋਂ ਛੋਟ ਪ੍ਰਾਪਤ ਹੈ, ਉਨ੍ਵ੍ਹਾਂ 'ਚੋਂ ਕਈ ਛੋਟਾਂ ਸਮਾਪਤ ਹੋ ਜਾਣਗੀਆਂ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਜੀਐੱਸਟੀ ਨਾਲ ਮਹਿੰਗਾਈ ਨਹੀਂ ਵਧੇਗੀ ਅਤੇ ਸਿਹਤ ਤੇ ਸਿੱਖਿਆ ਵਰਗੀਆਂ ਸੇਵਾਵਾਂ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਰਹਿਣਗੀਆਂ। ਜੇਤਲੀ ਨੇ ਮੁੜ ਦੁਹਰਾਇਆ ਕਿ ਸਰਕਾਰ ਇਕ ਜੁਲਾਈ ਤੋਂ ਜੀਐੱਸਟੀ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: GST rate on telecom sector