ਰਮਜ਼ਾਨ ਦੌਰਾਨ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਨਹੀਂ

Updated on: Wed, 16 May 2018 09:29 PM (IST)
  

-ਕੇਂਦਰ ਸਰਕਾਰ ਨੇ ਕੀਤਾ ਅਹਿਮ ਐਲਾਨ

-ਅੱਤਵਾਦੀਆਂ ਦੇ ਹਮਲਿਆਂ ਦਾ ਦਿੱਤਾ ਜਾਏਗਾ ਜਵਾਬ

-ਰਾਜਨਾਥ ਸਿੰਘ ਨੇ ਮਹਿਬੂਬਾ ਮੁਫ਼ਤੀ ਨੂੰ ਦਿੱਤੀ ਜਾਣਕਾਰੀ

ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲੇ ਵਾਦੀ 'ਚ ਸਥਾਈ ਸ਼ਾਂਤੀ ਦੀ ਭਾਲ ਦਾ ਸੰਦੇਸ਼ ਦੇਣ ਲਈ ਕੇਂਦਰ ਸਰਕਾਰ ਨੇ ਰਮਜ਼ਾਨ ਦੌਰਾਨ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਪ੍ਰੰਤੂ ਨਾਲ ਹੀ ਇਹ ਸਾਫ਼ ਕਰ ਦਿੱਤਾ ਹੈ ਕਿ ਜੇ ਸੁਰੱਖਿਆ ਬਲਾਂ ਜਾਂ ਆਮ ਨਾਗਰਿਕਾਂ 'ਤੇ ਅੱਤਵਾਦੀ ਹਮਲਾ ਕਰਦੇ ਹਨ ਤਾਂ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਏਗਾ। ਇਹੀ ਨਹੀਂ, ਸਰਹੱਦ 'ਤੇ ਘੁਸਪੈਠੀਆਂ ਖ਼ਿਲਾਫ਼ ਕਾਰਵਾਈ ਵੀ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਕੇਂਦਰ ਦੇ ਫ਼ੈਸਲੇ ਦੇ ਬਾਰੇ 'ਚ ਦੱਸ ਦਿੱਤਾ ਹੈ।

ਵੀਰਵਾਰ ਨੂੰ ਸ਼ੁਰੂ ਹੋਣ ਜਾ ਰਹੇ ਰਮਜ਼ਾਨ ਦੇ ਮਹੀਨੇ ਦੇ ਠੀਕ ਇਕ ਦਿਨ ਪਹਿਲੇ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਕੀਤੇ ਗਏ ਟਵੀਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਮੁਸਲਿਮ ਸਮਾਜ ਦੇ ਲੋਕਾਂ ਨੂੰ ਰਮਜ਼ਾਨ ਦੌਰਾਨ ਸ਼ਾਂਤੀ ਵਿਵਸਥਾ 'ਚ ਸਹਿਯੋਗ ਦੇਣ ਲਈ ਵਾਦੀ 'ਚ ਸੁਰੱਖਿਆ ਬਲਾਂ ਨੂੰ ਰਮਜ਼ਾਨ ਦੌਰਾਨ ਕੋਈ ਨਵਾਂ ਆਪਰੇਸ਼ਨ ਸ਼ੁਰੂ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਗਲੇ ਟਵੀਟ 'ਚ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਸੁਰੱਖਿਆ ਬਲਾਂ ਕੋਲ ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਖ਼ੁਦ 'ਤੇ ਹੋਏ ਹਮਲਿਆਂ ਦਾ ਜਵਾਬ ਦੇਣ ਲਈ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਲੈਣ ਦਾ ਅਧਿਕਾਰ ਹੈ ਅਤੇ ਉਹ ਇਸ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹਨ। ਕੇਂਦਰ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਸਾਰੇ ਲੋਕ ਇਸ 'ਚ ਸਹਿਯੋਗ ਕਰਨਗੇ ਤਾਕਿ ਮੁਸਲਿਮ ਸਮਾਜ ਦੇ ਭਰਾ-ਭੈਣ ਬਿਨਾਂ ਕਿਸੇ ਰੁਕਾਵਟ ਦੇ ਰਮਜ਼ਾਨ ਦਾ ਪਵਿੱਤਰ ਮਹੀਨਾ ਮਨ੍ਹਾਂ ਸਕਣ। ਕੇਂਦਰ ਸਰਕਾਰ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਜੰਗਬੰਦੀ ਨਹੀਂ ਹੈ ਬਲਕਿ ਸਸਪੈਂਸ਼ਨ ਆਫ ਆਪਰੇਸ਼ਨ ਹੈ। ਯਾਨੀ ਰਮਜ਼ਾਨ ਪਿੱਛੋਂ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਫਿਰ ਤੋਂ ਜਾਰੀ ਰਹੇਗਾ।

ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਆਪਰੇਸ਼ਨ ਬੰਦ ਕਰਨ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਆਪਣਾ ਹੈ ਅਤੇ ਇਸ ਦਾ ਮਹਿਬੂਬਾ ਮੁਫ਼ਤੀ ਦੀ ਮੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਨੇ ਇਸੇ ਤਰ੍ਹਾਂ ਦੀ ਮੰਗ ਕੀਤੀ ਸੀ ਪ੍ਰੰਤੂ ਉਨ੍ਹਾਂ ਦੀ ਸਰਕਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਕਵਿੰਦਰ ਗੁਪਤਾ ਨੇ ਇਸ ਨੂੰ ਖ਼ਾਰਜ ਕਰ ਦਿੱਤਾ ਸੀ। ਮਹਿਬੂਬਾ ਮੁਫ਼ਤੀ ਨੇ ਵੀ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਹੈ।

ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਨੁਸਾਰ ਆਪਰੇਸ਼ਨ ਰੋਕ ਕੇ ਕੇਂਦਰ ਵਾਦੀ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਰਕਾਰ ਉਥੇ ਸਥਾਈ ਸ਼ਾਂਤੀ ਦੇ ਪੱਖ 'ਚ ਹੈ ਪ੍ਰੰਤੂ ਕੁਝ ਲੋਕ ਇਸ ਦੇ ਖ਼ਿਲਾਫ਼ ਹਨ। ਇਸ ਲਈ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਖ਼ਿਲਾਫ਼ ਆਪਰੇਸ਼ਨ ਦਾ ਬਦਲ ਖੁੱਲਾ ਰੱਖਿਆ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Govt announces conditional suspension of operations against militants in JK during Ramzan