ਫਿਲਮ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਅਨੁਪਮ ਨੂੰ ਖੁੱਲਾ ਖ਼ਤ

Updated on: Thu, 12 Oct 2017 07:49 PM (IST)
  

-ਥੋੜ੍ਹੇ ਸਮੇਂ ਦੇ ਕੋਰਸ ਦਾ ਕੀਤਾ ਵਿਰੋਧ, ਕਈ ਮੁੱਦੇ ਉਠਾਏ

ਪੁਣੇ (ਪੀਟੀਆਈ) : ਪੁਣੇ ਦੇ 'ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ' (ਐੱਫਟੀਆਈਆਈ) ਦੇ ਵਿਦਿਆਰਥੀਆਂ ਨੇ ਨਵੇਂ ਪ੍ਰਧਾਨ ਅਨੁਪਮ ਖੇਰ ਦੇ ਨਾਂ ਖੱੁਲਾ ਖ਼ਤ ਜਾਰੀ ਕੀਤਾ ਹੈ। ਵਿਦਿਆਰਥੀਆਂ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਥੋੜ੍ਹੇ ਸਮੇਂ ਦੇ ਕੋਰਸ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਕਈ ਮੁੱਦਿਆਂ ਵੱਲ ਉਨ੍ਹਾਂ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ।

62 ਸਾਲਾ ਖੇਰ ਨੂੰ ਬੁੱਧਵਾਰ ਨੂੰ ਐੱਫਟੀਆਈਆਈ ਦਾ ਪ੍ਰਧਾਨ ਬਣਾਇਆ ਗਿਆ। ਇਹ ਅਦਾਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਇਕ ਖ਼ੁਦਮੁਖਤਾਰ ਅਦਾਰਾ ਹੈ। ਵਿਦਿਆਰਥੀਆਂ ਨੇ ਲਿਖਿਆ ਹੈ ਕਿ ਫਿਲਮ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ਲਈ ਐੱਫਟੀਆਈਆਈ ਸ਼ੁਰੂ ਕੀਤਾ ਗਿਆ ਸੀ। ਫੰਡ ਉਗਰਾਹੀ ਲਈ ਇਸ ਅਦਾਰੇ ਨੇ ਥੋੜ੍ਹੇ ਸਮੇਂ ਦਾ ਕੋਰਸ ਸ਼ੁਰੂ ਕੀਤਾ ਹੈ।

ਐੱਫਟੀਆਈਆਈ ਵਿਦਿਆਰਥੀ ਯੂਨੀਅਨ (ਐੱਫਐੱਸਏ) ਦੇ ਪ੍ਰਧਾਨ ਰੋਬਿਨ ਜੈ ਅਤੇ ਜਨਰਲ ਸਕੱਤਰ ਰੋਹਿਤ ਕੁਮਾਰ ਦੇ ਦਸਤਖਤਾਂ ਨਾਲ ਜਾਰੀ ਖ਼ਤ ਵਿਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਹਾਂ ਕਿ (ਐੱਫਟੀਆਈਆਈ) ਦੇ ਥੋੜ੍ਹੇ ਸਮੇਂ ਦੇ ਕੋਰਸ ਵਿਚ ਫਿਲਮ ਨਿਰਮਾਣ 'ਤੇ ਗਿਆਨ ਨਹੀਂ ਦਿੱਤਾ ਜਾ ਸਕਦਾ ਹੈ। ਇੰਨੇ ਘੱਟ ਸਮੇਂ ਵਿਚ ਇਹ ਸੰਭਵ ਨਹੀਂ ਹੈ। ਸਮਾਜ ਦੇ ਸਾਰੇ ਤਬਕਿਆਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਵਾਲੇ ਕਿਸੇ ਸਰਕਾਰੀ ਸੰਸਥਾਨ ਨੂੰ ਫੰਡ ਉਗਰਾਹੀ ਦੇ ਏਜੰਡੇ 'ਤੇ ਕੰਮ ਨਹੀਂ ਕਰਨਾ ਚਾਹੀਦਾ। ਥੋੜ੍ਹੇ ਸਮੇਂ ਦੇ ਕੋਰਸ ਨਾਲ ਸੰਸਥਾਨ ਵਰਤਮਾਨ ਵਿਚ ਇਸੇ ਟੀਚੇ ਨੂੰ ਪੂਰਾ ਕਰਨ ਵਿਚ ਲੱਗਾ ਹੈ।

ਖ਼ਤ ਵਿਚ ਐੱਫਐੱਸਏ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਫਾਊਂਡੇਸ਼ਨ ਡੇ ਅਤੇ ਓਪਨ ਡੇ ਵਰਗੇ ਪ੍ਰੋਗਰਾਮਾਂ 'ਤੇ ਇਤਰਾਜ਼ ਕੀਤਾ ਹੈ। ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਪ੍ਰਸ਼ਾਸਨ ਨੇ ਇਨ੍ਹਾਂ ਪ੍ਰੋਗਰਾਮਾਂ 'ਤੇ ਬਹੁਤ ਜ਼ਿਆਦਾ ਖ਼ਰਚ ਕੀਤਾ ਹੈ।

ਐੱਫਐੱਸਏ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਲਾਈਟ, ਇਮਾਰਤ ਦੇ ਸਾਹਮਣੇ ਸੈੱਟ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ 'ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਉਪਕਰਣਾਂ ਦੀ ਖ਼ਰੀਦ ਅਤੇ ਮੁਰੰਮਤ 'ਤੇ ਖ਼ਰਚ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਪਣੇ ਪ੍ਰਾਜੈਕਟ ਨੂੰ ਸਮੇਂ 'ਤੇ ਪੂਰਾ ਕਰਨ ਵਿਚ ਮਦਦ ਮਿਲੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: FTII students write open letter to Kher, flag several issues