ਮਜੀਠੀਆ ਵਿਰੁੱਧ ਕਾਰਵਾਈ ਨਾ ਕਰ ਸਕਣ ਕਾਰਨ ਨਿਰੰਜਣ ਸਿੰਘ ਨੇ ਦਿੱਤਾ ਅਸਤੀਫ਼ਾ!

Updated on: Thu, 11 Oct 2018 11:00 PM (IST)
  

ਸਟੇਟ ਬਿਊਰੋ, ਚੰਡੀਗੜ੍ਹ : ਡਰੱਗ ਸਮੱਗਲਿੰਗ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਕਰਨ ਦੀ ਮਨਜ਼ੂਰੀ ਨਾ ਮਿਲਣ ਤੋਂ ਨਿਰਾਸ਼ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਅਸਤੀਫ਼ਾ ਦਿੱਤਾ ਸੀ। ਇਹ ਦੋਸ਼ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ 'ਚ ਜਾਰੀ ਸੁਣਵਾਈ ਦੌਰਾਨ ਨਿਰੰਜਣ ਸਿੰਘ ਦੇ ਵਕੀਲ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਲਾਇਆ।

ਚੀਫ ਜਸਟਿਸ ਿਯਸ਼ਨ ਮੁਰਾਰੀ ਤੇ ਜਸਟਿਸ ਏ ਬੀ ਚੌਧਰੀ ਦੇ ਬੈਂਚ ਸਾਹਮਣੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਨਿਰੰਜਣ ਸਿੰਘ 'ਤੇ ਦਬਾਅ ਬਣਾਏ ਜਾਣ ਦੇ ਦੋਸ਼ ਲਾਉਂਦਿਆਂ ਅਨੁਪਮ ਗੁਪਤਾ ਨੇ ਕਿਹਾ ਕਿ ਭੋਲਾ ਡਰੱਗ ਮਾਮਲੇ 'ਚ ਵੀ ਨਿਰੰਜਣ ਸਿੰਘ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਧਮਕੀਆਂ ਦਿੱਤੀਆਂ ਗਈਆਂ।

ਅਦਾਲਤ 'ਚ ਦਾਇਰ ਕੀਤੇ ਗਏ ਇਕ ਦਸਤਾਵੇਜ਼ ਦਾ ਜ਼ਿਕਰ ਕਰਦਿਆਂ ਗੁਪਤਾ ਨੇ ਕਿਹਾ ਕਿ ਨਿਰੰਜਣ ਸਿੰਘ ਨੇ ਇਹ ਗੱਲ ਅਦਾਲਤ ਨੂੰ ਦੱਸੀ ਸੀ ਕਿ ਉਨ੍ਹਾਂ ਦੇ ਅਧੀਨ ਤਾਇਨਾਤ ਕੀਤਾ ਗਿਆ ਜਾਂਚ ਅਧਿਕਾਰੀ ਕਾਰਵਾਈ ਨੂੰ ਅੱਗੇ ਨਹੀਂ ਵਧਾ ਰਿਹਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰੀ ਕਾਰਨ ਛੁੱਟੀ 'ਤੇ ਹੈ। ਨਿਰੰਜਣ ਸਿੰਘ ਵੱਲੋਂ ਕੀਤੀ ਗਈ ਜਾਂਚ ਨੂੰ ਰੋਕਣ ਦਾ ਦੋਸ਼ ਲਾਉਂਦਿਆਂ ਗੁਪਤਾ ਨੇ ਕਿਹਾ ਕਿ ਨਿਰੰਜਣ ਸਿੰਘ ਨੂੰ ਜਾਂਚ 'ਚ ਮਦਦ ਲਈ ਕੋਈ ਅਧਿਕਾਰੀ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਨਾ ਤਾਂ ਕੋਈ ਜਾਇਦਾਦ ਜ਼ਬਤ ਕੀਤੀ ਗਈ ਤੇ ਨਾ ਹੀ ਕਿਸੇ ਗਵਾਹ ਦੀਆਂ ਗਵਾਹੀਆਂ ਦਰਜ ਕੀਤੀਆਂ ਗਈਆਂ।

---------------

ਗੁਪਤਾ ਦੀਆਂ ਟਿੱਪਣੀਆਂ 'ਤੇ ਚੇਤਨ ਮਿੱਤਲ ਨੇ ਕੀਤਾ ਇਤਰਾਜ਼

ਗੁਪਤਾ ਵੱਲੋਂ ਅਦਾਲਤ 'ਚ ਕੀਤੀਆਂ ਗਈਆਂ ਸਖ਼ਤ ਟਿੱਪਣੀਆਂ 'ਤੇ ਇਤਰਾਜ਼ ਪ੍ਰਗਟ ਕਰਦਿਆਂ ਅਸਿਸਟੈਂਟ ਸਾਲਿਸਟਰ ਜਨਰਲ ਚੇਤਨ ਮਿੱਤਲ ਨੇ ਕਿਹਾ ਕਿ ਗੁਪਤਾ ਨੂੰ ਅਦਾਲਤ 'ਚ ਅਜਿਹੇ ਵਿਸ਼ੇ ਉਠਾਉਣ ਦਾ ਅਧਿਕਾਰ ਅਧਿਕਾਰ ਨਹੀਂ ਹੈ ਤੇ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਉਹ ਨਿਰੰਜਣ ਸਿੰਘ ਦੇ ਵਕੀਲ ਹਨ, ਡੀਜੀਪੀ ਸਿਧਾਰਥ ਉਪਾਧਿਆਏ ਦੇ ਵਕੀਲ ਹਨ ਜਾਂ ਇਸ ਮਾਮਲੇ 'ਚ ਐਮਿਕਸ ਕਿਊਰੀ ਹਨ।

ਸੁਣਵਾਈ ਦੌਰਾਨ ਇਸ ਮਾਮਲੇ 'ਚ ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਨਵਕਿਰਨ ਸਿੰਘ ਨੇ ਨਿਰੰਜਣ ਸਿੰਘ ਦੇ ਚੰਡੀਗੜ੍ਹ ਤੋਂ ਤਬਾਦਲੇ ਦੀ ਜਾਣਕਾਰੀ ਅਦਾਲਤ ਵਿਚ ਪੇਸ਼ ਕਰਦਿਆਂ ਕਿਹਾ ਕਿ ਨਿਰੰਜਣ ਸਿੰਘ ਵੱਲੋਂ ਡਰੱਗ ਸਮੱਗਲਿੰਗ ਦੇ ਮਾਮਲੇ 'ਚ ਮਜੀਠੀਆ ਨੂੰ ਤਲਬ ਕੀਤੇ ਜਾਣ ਤੋਂ ਕੁਝ ਹੀ ਦਿਨ ਬਾਅਦ ਈਡੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਤਬਦੀਲ ਕਰ ਦਿੱਤਾ ਸੀ ਤੇ ਬਾਅਦ 'ਚ ਹਾਈ ਕੋਰਟ ਨੇ ਹੀ ਨਿਰੰਜਣ ਸਿੰਘ ਦੇ ਤਬਾਦਲੇ ਦੇ ਹੁਕਮਾਂ 'ਤੇ ਰੋਕ ਲਾਈ ਸੀ।

ਬਹਿਸ 'ਤੇ ਆਪਣੀ ਟਿੱਪਣੀ ਕਰਦਿਆਂ ਚੀਫ ਜਸਟਿਸ ਿਯਸ਼ਨ ਮੁਰਾਰੀ ਨੇ ਕਿਹਾ ਕਿ ਅਦਾਲਤ ਇਸ ਵਿਸ਼ੇ 'ਤੇ ਵਿਚਾਰ ਕਰੇਗੀ। ਸੁਣਵਾਈ ਦੌਰਾਨ ਅਦਾਲਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਦਾਲਤ ਹੁਣ ਡਰੱਗ ਸਮੱਗਲਿੰਗ ਨਾਲ ਜੁੜੀਆਂ ਜ਼ਮਾਨਤ ਦੀਆਂ ਪਟੀਸ਼ਨਾਂ ਨੂੰ ਵੱਖਰੇ ਤੇ ਹੋਰ ਮਾਮਲਿਆਂ ਨੂੰ ਵੱਖਰੇ ਦਿਨ ਸੁਣੇਗੀ। ਹਾਈ ਕੋਰਟ ਨੇ ਡਰੱਗਜ਼ ਨਾਲ ਜੁੜੇ ਮੁਲਜ਼ਮਾਂ ਦੀ ਜ਼ਮਾਨਤ ਲਈ 25 ਅਕਤੂਬਰ ਤੇ ਹੋਰ ਮਾਮਲਿਆਂ ਦੀ ਸੁਣਵਾਈ ਲਈ 20 ਨਵੰਬਰ ਦੀ ਤਰੀਕ ਨਿਸ਼ਚਤ ਕੀਤੀ ਹੈ।

----------------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ed officer narinjan singh news