ਦੇਸ਼ 'ਚ ਕਈ ਥਾਈਂ ਭੂਚਾਲ ਦੇ ਝਟਕੇ

Updated on: Thu, 13 Sep 2018 01:06 AM (IST)
  

* ਭੂਚਾਲ ਨਾਲ ਪੱਛਮੀ ਬੰਗਾਲ, ਝਾਰਖੰਡ ਤੇ ਜੰਮੂ-ਕਸ਼ਮੀਰ ਜ਼ਿਆਦਾ ਪ੍ਰਭਾਵਿਤ

* ਤਿੰਨ ਸੂਬਿਆਂ 'ਚ ਸਵੇਰੇ ਲੱਗੇ ਝਟਕੇ, ਸਿਲੀਗੁੜੀ 'ਚ ਪੌੜੀ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੂਰਬ ਉੱਤਰ ਦੇ ਕਈ ਸੂਬਿਆਂ ਦੇ ਨਾਲ-ਨਾਲ ਪੱਛਮੀ ਬੰਗਾਲ, ਝਾਰਖੰਡ, ਤੇ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪੱਛਮੀ ਬੰਗਾਲ 'ਚ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਦੱਸੀ ਜਾ ਰਹੀ ਹੈ ਜਦਕਿ ਜੰਮੂ-ਕਸ਼ਮੀਰ 'ਚ 4.6 ਸੀ। ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ 'ਚ ਭੂਚਾਲ ਜਿੱਥੇ ਸਵੇਰੇ ਸਵਾ ਪੰਜ ਵਜੇ ਆਇਆ ਉੱਥੇ ਪੱਛਮੀ ਬੰਗਾਲ 'ਚ 10:20 ਵਜੇ ਤੇ ਝਾਰਖੰਡ 'ਚ ਸਵੇਰੇ 10:22 ਵਜੇ ਭੂਚਾਲ ਆਇਆ। ਭੂਚਾਲ ਦੌਰਾਨ ਸਿਲੀਗੁੜੀ 'ਚ ਪੌੜੀ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਸਮੇਤ ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਧਿਕਾਰੀਆਂ ਅਨੁਸਾਰ ਪੱਛਮੀ ਬੰਗਾਲ ਦੇ ਕੋਲਕਾਤਾ, ਜਲਪਾਈਗੁੜੀ, ਦਾਰਜੀਲਿੰਗ, ਮਾਲਦਾ, ਅਲੀਪੁਰਦੁਆਰ, ਕੂਚਬਿਹਾਰ ਤੇ ਉੱਤਰ ਦਿਨਾਜਪੁਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁਝ ਸਕਿੰਟਾਂ ਦੇ ਵਕਫ਼ੇ 'ਤੇ ਦੋ ਵਾਰ ਧਰਤੀ ਕੰਬੀ। ਪੁਲਿਸ ਅਨੁਸਾਰ ਦਾਰਜੀਲਿੰਗ ਜ਼ਿਲ੍ਹੇ ਦੇ ਸਿਲੀਗੁੜੀ 'ਚ ਭੂਚਾਲ ਨਾਲ ਸਮਰਾਟ ਦਾਸ (22) ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਭੂਚਾਲ ਦੌਰਾਨ ਘਰ ਦੀ ਪੌੜੀ ਤੋਂ ਉੱਤਰਨ ਦੌਰਾਨ ਡਿੱਗ ਜਾਣ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਕਾਹਲੀ-ਕਾਹਲੀ ਉਸ ਨੂੰ ਸਿਲੀਗੁੜੀ ਦੇ ਇਕ ਨਰਸਿੰਗ ਹੋਮ 'ਚ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

---------

ਅਸਾਮ 'ਚ ਸੀ ਭੂਚਾਲ ਦਾ ਕੇਂਦਰ

ਪੱਛਮੀ ਬੰਗਾਲ ਵਿਚ ਆਏ ਭੂਚਾਲ ਦਾ ਕੇਂਦਰ ਅਸਾਮ ਦੇ ਕੋਕਰਾਝਾਰ ਤੋਂ ਦੋ ਕਿਲੋਮੀਟਰ ਦੂਰ ਉੱਤਰ ਵਿਚ ਸੀ। ਇਸ ਦੀ ਗਹਿਰਾਈ ਜ਼ਮੀਨ ਅੰਦਰ 13 ਕਿਲੋਮੀਟਰ ਸੀ। ਭੂਚਾਲ ਨਾਲ ਉੱਤਰ ਬੰਗਾਲ 'ਚ ਕੁਝ ਇਮਾਰਤਾਂ 'ਚ ਤਰੇੜਾਂ ਪੈਣ ਦੀ ਵੀ ਖ਼ਬਰ ਹੈ।

-----------

ਵਾਦੀ 'ਚ ਵੀ ਮਹਿਸੂਸ ਕੀਤੇ ਗਏ ਝਟਕੇ

ਸ੍ਰੀਨਗਰ : ਵਾਦੀ 'ਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਜਾਨਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ ਵਿਚ ਦਹਿਸ਼ਤ ਫੈਲ ਗਈ। ਭੂਚਾਲ ਦੇ ਝਟਕੇ ਸਵੇਰੇ 5:15 ਵਜੇ ਮਹਿਸੂਸ ਕੀਤੇ ਗਏ। ਉਸ ਵੇਲੇ ਜ਼ਿਆਦਾਤਰ ਲੋਕ ਸੁੱਤੇ ਪਏ ਸਨ। ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਘਰਾਂ ਵਿਚੋਂ ਬਾਹਰ ਨਿਕਲ ਕੇ ਸੁਰੱਖਿਅਤ ਸਥਾਨਾਂ ਵੱਲ ਦੌੜੇ।

------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: earth quake in valley