ਚੰਡੀਗੜ੍ਹ ਦੇ ਗੇੜੇ ਕੱਢਣ ਲੱਗੇ ਮੇਅਰ ਤੇ ਡਿਪਟੀ ਮੇਅਰ ਦੇ ਦਾਅਵੇਦਾਰ

Updated on: Thu, 11 Jan 2018 07:49 PM (IST)
  

=ਵਿਧਾਇਕ ਦਰਕਿਨਾਰ

-ਸੀਐੱਮ ਤੇ ਮੰਤਰੀਆਂ ਨਾਲ ਕੱਢਣ ਲੱਗੇ ਨਜ਼ਦੀਕੀਆਂ

-24 ਜਨਵਰੀ ਤੋਂ ਪਹਿਲਾਂ-ਪਹਿਲਾਂ ਮਿਲੇਗਾ ਜਲੰਧਰ ਨੂੰ ਮੇਅਰ

--------

ਜੇਐੱਨਐੱਨ, ਜਲੰਧਰ : ਜ਼ਿਲ੍ਹਾ ਚੋਣ ਅਫਸਰ ਵੱਲੋਂ 26 ਦਸੰਬਰ ਨੂੰ ਜਾਰੀ ਕੀਤੇ ਗਏ ਨਗਰ ਨਿਗਮ ਹਾਊਸ ਦੇ ਗਠਨ ਦੇ ਨੋਟੀਫਿਕੇਸ਼ਨ ਦੀ ਤਰੀਕ ਜਿਵੇਂ-ਜਿਵੇਂ ਨਜ਼ਦੀਕ ਆ ਰਹੀ ਹੈ ਉਵੇਂ-ਉਵੇਂ ਮੇਅਰ ਅਹੁਦੇ ਦੇ ਦਾਅਵੇਦਾਰਾਂ 'ਚ ਹਲਚਲ ਤੇਜ਼ ਹੋ ਗਈ ਹੈ। ਨੋਟੀਫਿਕੇਸ਼ਨ 26 ਦਸੰਬਰ ਨੂੰ ਜਾਰੀ ਹੋਣ ਦੇ 30 ਦਿਨ 'ਚ ਅਰਥਾਤ 24 ਜਨਵਰੀ ਤਕ ਹਰ ਹਾਲ 'ਚ ਮੇਅਰ ਦਾ ਐਲਾਨ ਕਰਨਾ ਪਵੇਗਾ। ਇਸ ਸਬੰਧ 'ਚ ਨਗਰ ਨਿਗਮ ਨੂੰ ਨੋਟੀਫਿਕੇਸ਼ਨ ਦੀ ਕਾਪੀ ਵੀ ਮਿਲ ਗਈ ਹੈ। ਨੋਟੀਫਿਕੇਸ਼ਨ ਦੀ ਤਰੀਕ ਨੂੰ ਪੂਰਾ ਹੋਣ 'ਚ ਸਿਰਫ 15 ਦਿਨ ਰਹਿ ਗਏ ਗਏ ਹਨ। ਅਜਿਹੇ 'ਚ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਦਾਅਵੇਦਾਰ ਹੁਣ ਵਿਧਾਇਕਾਂ ਦਾ ਪੱਲਾ ਛੱਡ ਕੇ ਸਿੱਧਾ ਚੰਡੀਗੜ੍ਹ 'ਚ ਮੁੱਖ ਮੰਤਰੀ, ਸੂਬਾ ਪ੍ਰਧਾਨ ਤੇ ਸਥਾਨਕ ਸਰਕਾਰਾਂ ਮੰਤਰੀ ਨਾਲ ਨਜ਼ਦੀਕੀਆਂ ਵਧਾ ਕੇ ਆਪਣੀਆਂ ਗੋਟੀਆਂ ਫਿੱਟ ਕਰਨ ਲੱਗੇ ਹੋਏ ਹਨ। ਜਦਕਿ ਸ਼ਹਿਰ ਦੇ ਵਿਧਾਇਕਾਂ ਨੇ ਪਹਿਲਾਂ ਹੀ ਕੌਂਸਲਰਾਂ ਤੋਂ ਸਹਿਮਤੀ ਲੈ ਲਈ ਹੈ ਕਿ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਸ਼ਹਿਰ ਦਾ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਤੈਅ ਕਰਨਗੇ। ਅਜਿਹੇ 'ਚ ਹੁਣ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਲਈ ਗੋਟੀਆਂ ਫਿਟ ਕਰਨ ਲਈ ਛਾਉਣੀ ਹਲਕੇ 'ਚ ਇਕ ਮਜ਼ਬੂਤ ਦਾਅਵੇਦਾਰ ਨੇ ਸਿੱਧਾ ਮੁੱਖ ਮੰਤਰੀ ਨਾਲ ਹੀ ਸੰਪਰਕ ਕਰ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪ੍ਰਗਟਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਜਿਵੇਂ-ਜਿਵੇਂ ਨੋਟੀਫਿਕੇਸ਼ਨ ਦਾ ਸਮਾਂ ਖ਼ਤਮ ਹੁੰਦਾ ਜਾ ਰਿਹਾ ਹੈ ਉਵੇਂ-ਉਵੇਂ ਦਾਅਵੇਦਾਰਾਂ ਦੇ ਚੱਕਰ ਚੰਡੀਗੜ੍ਹ ਲਈ ਵਧਦੇ ਜਾ ਰਹੇ ਹਨ। ਇਸ ਬਾਰੇ 'ਚ ਸੀਨੀਅਰ ਕਾਂਗਰਸੀਆਂ ਦਾ ਕਹਿਣਾ ਹੈ ਕਿ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦਿਆਂ ਨੂੰ ਲੈ ਕੇ ਸਿਆਸੀ ਜੋੜ-ਤੋੜ ਵੀ ਤੇਜ਼ ਹੋ ਗਿਆ ਹੈ। ਮੇਅਰ ਨਿਊ ਮੋਤੀ ਬਾਗ਼ ਪੈਲਸ ਤੋਂ ਤੈਅ ਹੋਣਾ ਹੈ, ਇਸ ਲਈ ਸ਼ਹਿਰੀ ਵਾਰਡਾਂ ਤੋਂ ਚੁਣੇ ਗਏ ਕੌਂਸਲਰ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਤਕ ਲਗਾਤਾਰ ਆਪਣੀ ਪਹੁੰਚ ਬਣਾਉਣ 'ਚ ਡਟ ਗਏ ਹਨ। ਉਥੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਰਗੇ ਅਹੁਦੇ ਰਾਖਵੀਂ ਸ਼੍ਰੇਣੀ ਤੋਂ ਤੈਅ ਹੋਣੇ ਦੱਸੇ ਜਾ ਰਹੇ ਹਨ।

--------

ਇਹ ਦਾਅਵੇਦਾਰ ਹਨ ਦੌੜ 'ਚ ਸ਼ਾਮਲ

ਸ਼ਹਿਰ 'ਚ ਨਗਰ ਨਿਗਮ ਚੋਣ ਹੋਈ ਨੂੰ ਕਰੀਬ ਇਕ ਮਹੀਨੇ ਹੋਣ ਵਾਲਾ ਹੈ। ਅਜਿਹੇ 'ਚ ਸ਼ਹਿਰ ਨੂੰ ਹਾਲੇ ਤਕ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨਹੀਂ ਮਿਲ ਸਕਿਆ ਪਰ 24 ਜਨਵਰੀ ਤੋਂ ਪਹਿਲਾਂ-ਪਹਿਲਾਂ ਸ਼ਹਿਰ ਨੂੰ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਮਿਲ ਜਾਵੇਗਾ। ਦੌੜ 'ਚ ਜੋ ਲੋਕ ਸ਼ਾਮਲ ਹਨ ਉਨ੍ਹਾਂ ਵਿਚੋਂ ਜਗਦੀਸ਼ ਰਾਜਾ, ਬਲਰਾਜ ਠਾਕੁਰ, ਦੇਸ ਰਾਜ ਜੱਸਲ, ਜਗਦੀਸ਼ ਦਕੋਹਾ, ਸੁਰਿੰਦਰ ਕੌਰ, ਅਰੁਣ ਅਰੋੜਾ, ਕਮਲੇਸ਼ ਗਰੋਵਰ, ਡਾ. ਜਸਲੀਨ ਸੇਠੀ, ਅਨੀਤਾ ਰਾਜਾ, ਹਰਸਿਮਰਨਜੀਤ ਬੰਟੀ, ਸੁਨੀਲਾ ਰਿੰਕੂ ਆਦਿ ਦੇ ਨਾਂ ਸ਼ਾਮਲ ਹਨ।

---------

ਜ਼ਿਆਦਾ ਵੋਟਾਂ ਨਾਲ ਜਿੱਤਣ ਵਾਲੇ ਨੂੰ ਮਿਲੇਗੀ ਤਰਜੀਹ

ਸ਼ਹਿਰ ਦੇ 80 ਵਾਰਡਾਂ 'ਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣ ਵਾਲੇ ਜਨਤਾ ਦੇ ਹਰਮਨ ਪਿਆਰੇ ਕੌਂਸਲਰ ਨੂੰ ਵੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ 'ਚ ਤਰਜੀਹ ਦਿੱਤੀ ਜਾਵੇਗੀ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਲੀਡ ਦੀ ਗੱਲ ਕਰੀਏ ਤਾਂ ਛਾਉਣੀ ਹਲਕੇ ਦੇ ਵਾਰਡ 28 ਤੋਂ ਲਗਾਤਾਰ ਚੌਥੀ ਵਾਰ ਕੌਂਸਲਰ ਬਣੇ ਬਲਰਾਜ ਠਾਕੁਰ ਦੀ ਰਹੀ, ਜੋ 2914 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਦੂਜੇ ਨੰਬਰ ਲੀਡ ਦੀ ਗੱਲ ਕਰੀਏ ਤਾਂ ਕੇਂਦਰੀ ਹਲਕੇ ਦੇ ਵਾਰਡ ਨੰ. 49 ਤੋਂ ਅਨੀਤਾ ਰਾਜਾ ਹੀ ਰਹੀ, ਜੋ ਆਪਣੇ 2676 ਵੋਟਾਂ ਨਾਲ ਜੇਤੂ ਰਹੀ। ਤੀਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਲੀਡ ਹਾਸਲ ਕਰਨ ਵਾਲਿਆਂ ਪੱਛਮੀ ਹਲਕੇ ਦੇ ਵਾਰਡ ਨੰ. 39 ਤੋਂ ਸੁਰਿੰਦਰ ਕੌਰ ਦੀ ਰਹੀ, ਜੋ 2071 ਵੋਟਾਂ ਦੇ ਫਰਕ ਨਾਲ ਜਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Direct approach for mayor and deputy mayor