ਸੀਬੀਆਈ ਕਰੇਗੀ ਚੰਦ ਕੌਰ ਹੱਤਿਆ ਕਾਂਡ ਦੀ ਜਾਂਚ

Updated on: Tue, 10 Jan 2017 11:23 PM (IST)
  

ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਲੁਧਿਆਣਾ ਅਤੇ ਜਲੰਧਰ 'ਚ ਹੋਈਆਂ ਹੱਤਿਆਵਾਂ ਦੇ ਤਿੰਨ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਤੋਂ ਆਪਣੇ ਹੱਥ 'ਚ ਲੈ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਤਿੰਨੋਂ ਹੱਤਿਆ ਕਾਂਡ ਦਾ ਆਪਸ 'ਚ ਸਬੰਧ ਹੈ। ਇਸ 'ਚ ਨਾਮਧਾਰੀ ਭਾਈਚਾਰੇ ਦੀ ਗੁਰੂ ਮਾਤਾ ਚੰਦ ਕੌਰ (84) ਅਤੇ ਇਕ ਹੋਰ ਨਾਮਧਾਰੀ ਆਗੂ ਦੀ ਹੱਤਿਆ ਦੇ ਮਾਮਲੇ ਵੀ ਸ਼ਾਮਲ ਹਨ। ਪਿਛਲੇ ਸਾਲ ਅਪ੍ਰੈਲ 'ਚ ਲੁਧਿਆਣਾ 'ਚ ਸ੍ਰੀ ਭੈਣੀ ਸਾਹਿਬ ਗੁਰਦੁਆਰੇ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਭਾਈਚਾਰੇ ਦੇ ਸਾਬਕਾ ਮੁਖੀ ਸਵ. ਸਤਿਗੁਰੂ ਜਗਜੀਤ ਸਿੰਘ ਮਹਾਰਾਜ ਦੀ ਪਤਨੀ ਮਾਤਾ ਚੰਦ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਚੰਦ ਕੌਰ ਦੀ ਹੱਤਿਆ ਦੇ ਇਲਾਵਾ ਸੀਬੀਆਈ ਨੇ ਦਸੰਬਰ 2015 'ਚ ਜਲੰਧਰ ਤੋਂ 20 ਕਿਲੋਮੀਟਰ ਦੂਰ ਡੁਗਰੀ ਪਿੰਡ 'ਚ ਇਕ ਕਾਰ ਬੰਬ ਧਮਾਕੇ 'ਚ ਹੋਈ ਕੱਪੜਾ ਕਾਰੋਬਾਰੀ ਅਜੇ ਕੁਮਾਰ ਦੀ ਮੌਤ ਮਾਮਲੇ 'ਚ ਵੀ ਐੱਫਆਈਆਰ ਦਰਜ ਕੀਤੀ ਹੈ। ਤੀਸਰੀ ਐੱਫਆਈਆਰ ਅਪ੍ਰੈਲ, 2011 'ਚ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਦੀ ਹੱਤਿਆ ਨੂੰ ਲੈ ਕੇ ਹੈ। ਇਸ ਮਾਮਲੇ 'ਚ ਦਲੀਪ ਸਿੰਘ ਕਥਿਤ ਦੋਸ਼ੀ ਹੈ। ਮੰਨਿਆ ਜਾਂਦਾ ਹੈ ਕਿ ਨਾਮਧਾਰੀ ਭਾਈਚਾਰੇ ਦੇ ਵੱਖ-ਵੱਖ ਧੜਿਆਂ ਵਿਚਕਾਰ ਝਗੜੇ ਦੇ ਚੱਲਦਿਆਂ ਇਹ ਹੱਤਿਆਵਾਂ ਹੋਈਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: CBI probe in the murders of Namdhari leader and Chand Kaur