ਗੈਂਗਸਟਰ ਪ੍ਰਭਜੀਤ ਦੀ ਲਾਸ਼ ਲੈਣ ਲਈ ਲੜਕੀ ਨੇ ਪਤਨੀ ਹੋਣ ਦਾ ਕੀਤਾ ਦਾਅਵਾ

Updated on: Sat, 16 Dec 2017 09:23 PM (IST)
  

ਪਿੰਡ ਗੁਲਾਬਗੜ੍ਹ ਮੁਕਾਬਲਾ ਮਾਮਲਾ

-ਗੈਂਗਸਟਰ ਦੇ ਮਾਮਾ ਨੇ ਕੀਤਾ ਲੜਕੀ ਨੂੰ ਪਹਿਚਾਣਨ ਤੋਂ ਇਨਕਾਰ

-ਲੜਕੀ ਵੱਲੋਂ 16 ਨਵੰਬਰ, 2015 ਨੂੰ ਵਿਆਹ ਦਾ ਦਾਅਵਾ

ਜੇਐੱਨਐੱਨ, ਬਿਠੰਡਾ : ਪਿੰਡ ਗੁਲਾਬਗੜ੍ਹ 'ਚ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਉਰਫ਼ ਪੱਬਾ ਦੀ ਲਾਸ਼ ਨੂੰ ਲੈਣ ਲਈ ਸ਼ਨਿਚਰਵਾਰ ਨੂੰ ਅਮਨਦੀਪ ਉਰਫ਼ ਅਵਰੀਨ ਕੌਰ ਨਾਂ ਦੀ ਲੜਕੀ ਖ਼ੁਦ ਨੂੰ ਉਸ ਦੀ ਪਤਨੀ ਦੱਸ ਕੇ ਸਿਵਲ ਹਸਪਤਾਲ ਪੁੱਜ ਗਈ।

ਪ੍ਰਭਦੀਪ ਦੇ ਮਾਮਾ ਕੁਲਰਾਜ ਨੇ ਉਸ ਲੜਕੀ ਨੂੰ ਪਹਿਚਾਣਨ ਤੋਂ ਇਨਕਾਰ ਕਰ ਦਿੱਤਾ। ਲੜਕੀ ਪ੍ਰਭਦੀਪ ਦੇ ਨਾਲ ਵਿਆਹ ਦਾ ਕੋਈ ਸਬੂਤ ਵੀ ਨਹੀਂ ਵਿਖਾ ਸਕੀ। ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਅਮਨਦੀਪ ਦਾ ਕਹਿਣਾ ਹੈ ਕਿ 16 ਨਵੰਬਰ, 2015 ਨੂੰ ਉਨ੍ਹਾਂ ਦੋਹਾਂ ਨੇ ਅਬੋਹਰ ਵਿਚ ਲਵ-ਕਮ-ਅਰੇਂਜ ਮੈਰਿਜ ਕੀਤੀ ਸੀ। ਪ੍ਰਭਦੀਪ ਦਾ ਮਾਮਾ ਵੀ ਵਿਆਹ ਕਰਵਾਉਣ ਵਾਲਿਆਂ ਵਿਚ ਸ਼ਾਮਿਲ ਸੀ ਪ੍ਰੰਤੂ ਹੁਣ ਉਹ ਪ੍ਰਭਦੀਪ ਦੀ ਪੰਜ ਏਕੜ ਜ਼ਮੀਨ ਨੂੰ ਹਥਿਆਉਣ ਲਈ ਨਾਟਕ ਕਰ ਰਿਹਾ ਹੈ।

ਬੇਟੇ 'ਤੇ ਦਰਜ ਸਨ ਝੂਠੇ ਕੇਸ, ਅੱਤਿਆਚਾਰਾਂ ਤੋਂ ਹੋ ਗਿਆ ਤੰਗ

ਬਿਠੰਡਾ : ਮੇਰੇ ਬੇਟੇ ਨੇ ਇੰਨਾ ਵੱਡਾ ਜੁਰਮ ਨਹੀਂ ਕੀਤਾ ਸੀ ਕਿ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ। ਪੁਲਿਸ ਉਸ ਨੂੰ ਜ਼ਿੰਦਾ ਫੜ ਸਕਦੀ ਸੀ। ਪੁਲਿਸ ਨੇ ਬੇਟੇ 'ਤੇ ਝੂਠੇ ਕੇਸ ਦਰਜ ਕੀਤੇ ਜਿਸ ਤੋਂ ਮੇਰਾ ਬੇਟਾ ਤੰਗ ਆ ਕੇ ਅੱਠ ਮਹੀਨੇ ਤੋਂ ਘਰ ਛੱਡ ਕੇ ਚਲਾ ਗਿਆ ਸੀ। ਇਹ ਦੋਸ਼ ਸਿਵਲ ਹਸਪਤਾਲ ਵਿਚ ਮਨਪ੍ਰੀਤ ਸਿੰਘ ਉਰਫ਼ ਮੰਨਾ ਦੀ ਲਾਸ਼ ਕੋਲ ਵਿਰਲਾਪ ਕਰਦੇ ਹੋਏ ਉਸ ਦੀ ਮਾਂ ਜਸਵਿੰਦਰ ਕੌਰ ਨੇ ਲਗਾਏ। ਪੁਲਿਸ ਨੇ ਬੇਟੇ 'ਤੇ ਥਰਡ ਡਿਗਰੀ ਅਪਣਾਈ। ਮੰਤਰੀ ਤੋਂ ਲੈ ਕੇ ਸੰਤਰੀ ਤਕ ਦੇ ਦਰਬਾਰ ਵਿਚ ਗਿੜਗਿੜਾਈ ਪ੍ਰੰਤੂ ਕਿਸੇ ਨੇ ਬੇਕਸੂਰ ਬੇਟੇ ਨੂੰ ਨਹੀਂ ਬਚਾਇਆ। ਜ਼ਿਆਦਾ ਕੁਝ ਕਹਾਂਗੀ ਤਾਂ ਪੁਲਿਸ ਦੂਸਰੇ ਬੇਟੇ ਨੂੰ ਵੀ ਚੁੱਕ ਲਵੇਗੀ।

ਪੰਜ ਦਿਨ ਦੇ ਰਿਮਾਂਡ 'ਤੇ ਭੇਜੇ ਗੌਂਡਰ ਦੇ ਸਾਥੀ ਗੈਂਗਸਟਰ

ਮੁਕਾਬਲੇ ਪਿੱਛੋਂ ਗਿ੍ਰਫ਼ਤਾਰ ਕੀਤੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਦੋਨੋਂ ਸਾਥੀਆਂ ਹਰਵਿੰਦਰ ਸਿੰਘ ਭਿੰਦਾ ਅਤੇ ਗੁਰਵਿੰਦਰ ਸਿੰਘ ਗਿੰਦਾ ਨੂੰ ਸੀਆਈਏ-1 ਨੇ ਤਲਵੰਡੀ ਸਾਬੋ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਹਾਂ ਗੈਂਗਸਟਰਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹਾਲਾਂਕਿ ਪੁਲਿਸ ਨੇ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ। ਸੀਆਈਏ-1 ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਦੋਹਾਂ ਗੈਂਗਸਟਰਾਂ ਤੋਂ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ। ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋਏ ਤੀਜੇ ਗੈਂਗਸਟਰ ਅੰਮਿ੍ਰਤਪਾਲ ਸਿੰਘ ਉਰਫ਼ ਅੰਮਿ੍ਰਤ ਨੂੰ ਸ਼ਨਿਚਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਮੈਡੀਕਲ ਬੋਰਡ ਨੇ ਕੀਤਾ ਦੋ ਗੈਂਗਸਟਰਾਂ ਦਾ ਪੋਸਟਮਾਰਟਮ

ਮੁਕਾਬਲੇ ਵਿਚ ਮਾਰੇ ਗਏ ਦੋਹਾਂ ਗੈਂਗਸਟਰਾਂ ਮਨਪ੍ਰੀਤ ਸਿੰਘ ਉਰਫ਼ ਮੰਨਾ ਅਤੇ ਪ੍ਰਭਦੀਪ ਉਰਫ਼ ਪੱਬਾ ਉਰਫ਼ ਦੀਪ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਬੋਰਡ ਨੇ ਪੋਸਟਮਾਰਟਮ ਕੀਤਾ। ਬੋਰਡ ਵਿਚ ਡਾ. ਅਜੈ ਗੁਪਤਾ, ਡਾ. ਵਿਸ਼ੇਸ਼ਵਰ ਚਾਵਲਾ ਅਤੇ ਡਾ. ਰਵਿੰਦਰ ਆਹਲੂਵਾਲੀਆ ਸ਼ਾਮਿਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bathinda encounter