-ਮੌਕੇ ਤੋਂ ਦੋ ਆਈਈਡੀ ਅਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ

ਸਟੇਟ ਬਿਊਰੋ, ਸ੍ਰੀਨਗਰ : ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਰਾਮਨਗਰੀ (ਸ਼ੋਪੀਆਂ) ਇਲਾਕੇ 'ਚ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਕੇ ਦੋ ਆਈਈਡੀ ਅਤੇ ਧਮਾਕਾਖੇਜ਼ ਸਮੱਗਰੀ ਦਾ ਵੱਡਾ ਜਖੀਰਾ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਸਿਲਸਿਲੇ 'ਚ ਦੋ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਵੀ ਲਿਆ ਹੈ।

ਫ਼ੌਜ ਦੀ 23 ਪੈਰਾ ਰੈਜੀਮੈਂਟ ਦੇ ਜਵਾਨਾਂ ਨੇ ਰਾਮਨਗਰੀ ਇਲਾਕੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ 'ਤੇ ਛਾਪਾ ਮਾਰਿਆ ਪ੍ਰੰਤੂ ਅੱਤਵਾਦੀ ਸੁਰੱਖਿਆ ਬਲਾਂ ਦੇ ਪੁੱਜਣ ਤੋਂ ਪਹਿਲੇ ਹੀ ਮੌਕੇ ਤੋਂ ਭੱਜ ਨਿਕਲੇ। ਇਸ ਦੌਰਾਨ ਉਨ੍ਹਾਂ ਦੀ ਧਮਾਕਾਖੇਜ਼ ਸਮੱਗਰੀ ਦਾ ਜਖੀਰਾ ਉੱਥੇ ਹੀ ਰਹਿ ਗਿਆ। ਇਸ ਨੂੰ ਆਪਣੇ ਕਬਜ਼ੇ 'ਚ ਲੈਂਦੇ ਹੋਏ ਜਵਾਨਾਂ ਨੇ ਅੱਤਵਾਦੀ ਟਿਕਾਣੇ ਨੂੰ ਨਸ਼ਟ ਕਰ ਦਿੱਤਾ।

ਅੱਤਵਾਦੀ ਟਿਕਾਣੇ ਤੋਂ ਸੁਰੱਖਿਆ ਬਲਾਂ ਨੂੰ ਦੋ ਤਿਆਰ ਆਈਈਡੀ, ਗ੍ਰੇਨੇਡ ਅਤੇ ਹੋਰ ਧਮਾਕਾਖੇਜ਼ ਸਮੱਗਰੀ ਦੇ ਇਲਾਵਾ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਮਿਲੇ ਹਨ। ਪੁਲਿਸ ਦੇ ਬੁਲਾਰੇ ਨੇ ਰਾਮਨਗਰੀ 'ਚ ਅੱਤਵਾਦੀ ਟਿਕਾਣੇ ਤੋਂ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਤਵਾਦੀ ਸ਼ੋਪੀਆਂ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਇਕ ਵੱਡੇ ਧਮਾਕੇ ਨੂੰ ਅੰਜਾਮ ਦੇਣ ਲਈ ਆਈਈਡੀ ਤਿਆਰ ਕਰ ਰਹੇ ਸਨ ਪ੍ਰੰਤੂ ਸਮੇਂ ਸਿਰ ਸੁਰੱਖਿਆ ਬਲਾਂ ਨੇ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਆਈਈਡੀ ਮਿਲੀ ਹੈ ਉਹ ਪੰਜ-ਪੰਜ ਕਿਲੋ ਦੇ ਗੈਸ ਸਿਲੰਡਰ 'ਚ ਫਿੱਟ ਕੀਤੀ ਗਈ ਸੀ।