-ਪੁਲਿਸ ਤੇ ਸੁਰੱਖਿਆ ਏਜੰਸੀਆਂ ਕਰ ਰਹੀਆਂ ਜਾਂਚ ਫੇਸਬੁੱਕ ਅਤੇ ਮੈਸੰਜਰ ਰਾਹੀਂ ਸੀ ਲੜਕੀ ਦੇ ਸੰਪਰਕ 'ਚ ਜੇਐੱਨਐੱਨ, ਜੈਪੁਰ : ਪਾਕਿਸਤਾਨ ਦੀ ਇਕ ਲੜਕੀ ਵੱਲੋਂ ਰਾਜਸਥਾਨ 'ਚ ਅਲਵਰ ਦੇ ਇਕ ਨੌਜਵਾਨ ਨਾਲ ਸੋਸ਼ਲ ਮੀਡੀਆ ਦੇ ਮਾਧਿਆਮ ਰਾਹੀਂ ਦੋਸਤੀ ਕਰ ਕੇ ਖ਼ੁਫ਼ੀਆ ਜਾਣਕਾਰੀ ਹਾਸਿਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਵਿਚ ਲੱਗ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨੇ ਪਾਕਿਸਤਾਨੀ ਲੜਕੀ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ 'ਚ ਅਧਿਕਾਰਕ ਰੂਪ ਤੋਂ ਬੋਲਣ ਨੂੰ ਤਿਆਰ ਨਹੀਂ ਹਨ। ਪੁਲਿਸ ਅਧਿਕਾਰੀ ਦੇਸ਼ ਦੀਆਂ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਨੌਜਵਾਨ ਦਾ ਨਾਂ ਵੀ ਦੱਸਣ ਨੂੰ ਤਿਆਰ ਨਹੀਂ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਵਰ ਦਾ 22 ਸਾਲਾ ਇਕ ਨੌਜਵਾਨ ਫੇਸਬੁੱਕ ਦੇ ਮਾਧਿਅਮ ਰਾਹੀਂ ਪਾਕਿਸਤਾਨ ਦੀ ਇਕ ਲੜਕੀ ਦੇ ਸੰਪਰਕ ਵਿਚ ਸੀ। ਪਿਛਲੇ ਮਹੀਨੇ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਨੌਜਵਾਨ 'ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਗਈ। 13 ਸਤੰਬਰ ਨੂੰ ਦੇਰ ਸ਼ਾਮ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਨੌਜਵਾਨ ਦੇ ਘਰ ਪੁੱਜੇ ਅਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਨੌਜਵਾਨ ਤੋਂ ਸ਼ੁੱਕਰਵਾਰ ਨੂੰ ਵੀ ਪੁੱਛਗਿੱਛ ਜਾਰੀ ਰਹੀ। ਨੌਜਵਾਨ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੇਸਬੁੱਕ ਅਤੇ ਮੈਸੰਜਰ 'ਤੇ ਗੱਲਬਾਤ ਦੌਰਾਨ ਪਾਕਿਸਤਾਨੀ ਲੜਕੀ ਨੇ ਨੌਜਵਾਨ ਨੂੰ ਆਪਣੇ ਜਾਲ ਵਿਚ ਫਸਾ ਕੇ ਖ਼ੁਫ਼ੀਆ ਜਾਣਕਾਰੀਆਂ ਲਈਆਂ। ਨੌਜਵਾਨ ਨੇ ਲੜਕੀ ਦੀ ਮੰਗ ਅਨੁਸਾਰ ਕਈ ਤਸਵੀਰਾਂ ਵੀ ਉਸ ਨੂੰ ਭੇਜੀਆਂ।