ਪਰਾਲੀ ਸਾੜਨ ਤੋਂ ਰੋਕਣ ਲਈ ਤਿੰਨ ਮੋਬਾਈਲ ਐਪ ਜਾਰੀ

Updated on: Thu, 11 Oct 2018 07:48 PM (IST)
  

- ਪਰਾਲੀ ਸਾੜਨ ਵਿਰੁੱਧ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ ਤੇ ਪ੍ਰੇਰਿਤ : ਕੈਪਟਨ

- ਸਾਰੇ ਪੱਧਰ 'ਤੇ ਸਥਿਤੀ 'ਤੇ ਸਖ਼ਤ ਨਿਗਰਾਨੀ ਰੱਖਣ ਦਾ ਦਿੱਤਾ ਸੱਦਾ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ :

ਪਰਾਲੀ ਸਾੜਨ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲਾਂ ਦੀ ਰਹਿੰਦ-ਖੰੂਹਦ ਨੂੰ ਸਾੜੇ ਜਾਣ ਤੋਂ ਰੋਕਣ ਅਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਿੰਨ ਮੋਬਾਈਲ ਐਪ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਸਾਰੇ ਪੱਧਰਾਂ 'ਤੇ ਸਥਿਤੀ 'ਤੇ ਸਖ਼ਤ ਨਿਗਰਾਨੀ ਰੱਖਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪਰਾਲੀ ਸਾੜਨ ਵਿਰੁੱਧ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਵੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

ਪਰਾਲੀ ਸਾੜਨ ਨਾਲ ਮਨੁੱਖੀ ਸਿਹਤ, ਵਾਤਾਵਰਨ ਅਤੇ ਭੌਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿਚ ਤੇਜ਼ੀ ਲਿਆਉਣ ਵਾਸਤੇ ਖੇਤੀਬਾੜੀ ਵਿਭਾਗ ਨੂੰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਨਾਲ ਮਿਲ ਕੇ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਇਸ ਸਮੱਸਿਆ ਨਾਲ ਨਿਪਟਣ ਲਈ ਖੇਤੀਬਾੜੀ, ਮਾਲ, ਸਾਇੰਸ, ਤਕਨਾਲੋਜੀ ਤੇ ਵਾਤਾਵਰਨ, ਖ਼ੁਰਾਕ ਤੇ ਸਿਵਲ ਸਪਲਾਈ ਆਦਿ ਵਰਗੇ ਸਾਰੇ ਸਬੰਧਤ ਵਿਭਾਗਾਂ ਵੱਲੋਂ ਤਾਲਮੇਲ ਰਾਹੀਂ ਸਮੁੱਚੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਸਬਸਿਡੀ ਰਾਹੀਂ ਸਹਿਕਾਰੀ ਸੋਸਾਇਟੀਆਂ ਅਤੇ ਕਸਟਮ ਹਾਇਰ ਸੈਂਟਰਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਖੇਤੀਬਾੜੀ ਦੇ ਸਾਜ਼ੋ-ਸਾਮਾਨ ਅਤੇ ਮਸ਼ੀਨਰੀ ਦੀ ਵੱਧ ਤੋ ਵੱਧ ਵਰਤੋਂ ਕੀਤੇ ਜਾਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਨਿਪਟਾਰਾ ਹੋ ਸਕੇ ਕਿਉਂਕਿ ਫਸਲਾਂ ਦੀ ਰਹਿੰਦ-ਖੰੂਹਦ ਦੇ ਨਿਪਟਾਰੇ ਲਈ ਇਹੋ ਹੀ ਇਕ ਵਿਗਿਆਨਕ ਹੱਲ ਹੈ।

ਮੁੱਖ ਮੰਤਰੀ ਵੱਲੋਂ ਜਾਰੀ ਕੀਤੀਆਂ ਗਈਆਂ ਤਿੰਨ ਐਂਡਰਾਇਡ ਮੋਬਾਈਲ ਐਪਲੀਕੇਸ਼ਨਾਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐੱਸਸੀ) ਵੱਲੋਂ ਵਿਕਸਿਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ ਇਕ ਆਈ-ਖੇਤ-ਮਸ਼ੀਨ ਹੈ ਜੋ ਫਸਲਾਂ ਦੀ ਰਹਿੰਦ-ਖੰੂਹਦ ਦੇ ਨਿਪਟਾਰੇ ਲਈ ਖੇਤੀਬਾੜੀ ਮਸ਼ੀਨਰੀ/ਸਾਜ਼ੋ-ਸਾਮਾਨ ਤਕ ਪਹੁੰਚ ਵਾਸਤੇ ਕਿਸਾਨਾਂ ਦੀ ਸਹੂਲਤ ਲਈ ਹੈ। ਇਹ ਐਪਲੀਕੇਸ਼ਨਾਂ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ 'ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਸਬੰਧਤ ਸੂਚਨਾ ਮੁਹੱਈਆ ਕਰਵਾਉਣਗੀਆਂ।

ਕੈਪਟਨ ਪਿੰਡ ਪੱਧਰ 'ਤੇ ਨਿਯੁਕਤ ਕੀਤੇ ਤਕਰੀਬਨ 8000 ਨੋਡਲ ਅਫਸਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਤੇ ਇਸ ਵਿਚ ਸਕੂਲਾਂ ਦੇ ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਐੱਨਐੱਸਐੱਸ ਵਲੰਟਰੀਆਂ ਨੂੰ ਵੀ ਸ਼ਾਮਲ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਪਰਾਲੀ ਨੂੰ ਸਾੜਨ ਦਾ ਅਮਲ ਤੱਜਣ ਲਈ ਕਿਸਾਨਾਂ ਨੂੰ ਮਨਾਉਣ ਵਿਚ ਸਹਾਈ ਹੋਣਗੀਆਂ।

ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 65 ਲੱਖ ਏਕੜ ਰਕਬੇ ਵਿਚ ਝੋਨਾ ਲਗਾਇਆ ਗਿਆ ਹੈ ਜੋ 20 ਮਿਲੀਅਨ ਟਨ ਪਰਾਲੀ ਪੈਦਾ ਕਰੇਗਾ ਜਦਕਿ ਕੇਵਲ 5 ਮਿਲੀਅਨ ਟਨ ਦਾ ਹੀ ਪ੍ਰਬੰਧਨ ਹੁੰਦਾ ਹੈ। ਤਕਰੀਬਨ 15 ਮਿਲੀਅਨ ਟਨ ਪਰਾਲੀ ਖੇਤਾਂ ਵਿਚ ਹੀ ਸਾੜ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਟਨ ਪਰਾਲੀ ਸਾੜਨ ਦੇ ਨਾਲ 5.5 ਕਿਲੋਗ੍ਰਾਮ ਨਾਈਟਰੋਜਨ, 2.3 ਕਿਲੋਗ੍ਰਾਮ ਫਾਰਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ, 1.2 ਕਿਲੋਗ੍ਰਾਮ ਸਲਫ਼ਰ, 400 ਕਿਲੋਗ੍ਰਾਮ ਆਰਗੈਨਿਕ ਸਮੱਗਰੀ ਨੂੰ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਲਾਭਦਾਇਕ ਕੀੜੇ ਮਕੌੜਿਆਂ ਦੀ ਵੀ ਮੌਤ ਹੋ ਜਾਂਦੀ ਹੈ।

ਖੰਨਾ ਨੇ ਦੱਸਿਆ ਕਿ ਇਸ ਦੇ ਨਾਲ ਹਵਾ ਦੇ ਮਿਆਰ ਵਿਚ ਨਿਘਾਰ ਆਉਂਦਾ ਹੈ ਜਿਸ ਦੇ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਹ ਜੀਵਨ ਅਤੇ ਭੌਂ ਦੀ ਸਿਹਤ ਉੱਤੇ ਪ੍ਰਭਾਵ ਪਾਉਂਦਾ ਹੈ। ਇਸ ਵੇਲੇ 4.30 ਮਿਲੀਅਨ ਟਨ ਪਰਾਲੀ ਦੀ ਵੱਖ-ਵੱਖ ਦਾਅਵੇਦਾਰਾਂ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਨਹੀਂ ਸਾੜਿਆ ਜਾਂਦਾ।

ਖੰਨਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਸਾਲ 2018-19 ਅਤੇ 2019-20 ਦੇ ਵਾਸਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਤਕਨੀਕੀ ਕਦਮਾਂ ਦੇ ਵਾਸਤੇ 665 ਕਰੋੜ ਰੁਪਏ ਪ੍ਰਵਾਨ ਕੀਤੇ ਹਨ। 269 ਕਰੋੜ ਰੁਪਏ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਹਨ ਜੋ ਕਿ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਅਤੇ ਗਰੁੱਪ ਤੇ ਕੋਆਪ੍ਰੇਟਿਵ ਲਈ 80 ਫੀਸਦੀ ਸਬਸਿਡੀ ਵਾਸਤੇ ਹੈ। ਅੱਜ ਦੀ ਤਰੀਕ ਤਕ ਕਸਟਮ ਹਾਇਰ ਸੈਂਟਰਾਂ, ਸਹਿਕਾਰੀ ਸੋਸਾਇਟੀਆਂ ਅਤੇ ਕਿਸਾਨਾਂ ਨੂੰ 13290 ਖੇਤੀਬਾੜੀ ਮਸ਼ੀਨਾ/ਸਾਜ਼ੋ-ਸਾਮਾਨ ਵੰਡਿਆ ਗਿਆ ਹੈ ਜਦਕਿ ਟੀਚਾ 24000 ਮਸ਼ੀਨਾਂ/ਸਾਜ਼ੋ-ਸਾਮਾਨ ਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êðÅñÆ ÃÅóé