ਵਣ ਵਿਭਾਗ ਹਰੇਕ ਨਾਗਰਿਕ ਨੂੰ ਦੇਵੇਗਾ ਤਿੰਨ ਬੂਟੇ

Updated on: Thu, 14 Jun 2018 07:17 PM (IST)
  

ਬਲਰ

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 25 ਲੱਖ ਬੂਟੇ ਵੰਡੇ ਜਾਣ ਦੀ ਯੋਜਨਾ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਣ ਵਿਭਾਗ ਪੰਜਾਬ ਸਰਕਾਰ ਦੇ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ 'ਘਰ-ਘਰ ਹਰਿਆਲੀ' ਸਕੀਮ ਤਹਿਤ ਹਰ ਨਾਗਰਿਕ ਨੂੰ ਤਿੰਨ ਬੂਟੇ ਦੇਵੇਗਾ ਤਾਂ ਜੋ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ। ਵਿਭਾਗ ਵੱਲੋਂ ਇਹ ਬੂਟੇ ਬਿਲਕੁੱਲ ਮੁਫ਼ਤ ਦਿੱਤੇ ਜਾਣਗੇ।

ਵਣ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ਤੇ ਦੇਸ਼ ਦੇ ਵਾਤਾਵਰਨ ਦੀ ਸ਼ੁੱਧਤਾ ਵਧਾਉਣਾ ਅਤੇ ਸੂਬੇ ਦੇ ਨਾਗਰਿਕਾਂ ਨੂੰ ਸ਼ੁੱਧ ਹਵਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਦੇ ਹਰ ਨਾਗਰਿਕ ਨੂੰ 3 ਅਤੇ ਹਰ ਘਰ ਨੂੰ 10 ਤੋਂ 15 ਵੱਖ-ਵੱਖ ਕਿਸਮਾਂ ਦੇ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਚਾਲੂ ਸਾਲ 2018-2019 ਦੌਰਾਨ ਸੂਬੇ ਦੇ ਨਾਗਰਿਕਾਂ ਨੂੰ 20 ਤੋਂ 25 ਲੱਖ ਬੂਟੇ ਮੁਫ਼ਤ ਵੰਡੇ ਜਾਣਗੇ ਜਦਕਿ ਇਸ ਮੁਹਿੰਮ ਤਹਿਤ 4 ਤੋਂ 5 ਲੱਖ ਘਰ ਚਾਲੂ ਸਾਲ ਦੌਰਾਨ ਕਵਰ ਕੀਤੇ ਜਾਣਗੇ।

ਧਰਮਸੋਤ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਇਸ ਵਿਸ਼ੇਸ਼ ਮੁਹਿੰਮ ਦੌਰਾਨ ਲੋਕਾਂ ਨੂੰ ਪੰਜਾਬ ਦੇ ਕੁਦਰਤੀ ਬੂਟੇ ਜਿਵੇਂ ਟਾਹਲੀ, ਨਿੰਮ, ਅਰਜੁਨ, ਹਰੜ, ਬਹੇੜਾ, ਆਂਵਲਾ, ਜਾਮਣ ਆਦਿ ਮੈਡੀਸਨਲ ਤੇ ਫਲਦਾਰ ਬੂਟੇ ਸਪਲਾਈ ਕੀਤੇ ਜਾਣਗੇ।

ਧਰਮਸੋਤ ਨੇ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਦੀ ਚੰਗੀ ਸਿਹਤ ਤੇ ਸ਼ੁੱਧ ਵਾਤਾਵਰਨ ਦੇ ਉਦੇਸ਼ ਤਹਿਤ ਮੈਡੀਸਨਲ ਤੇ ਫਲਦਾਰ ਵੰਡੇ ਅਤੇ ਕੁਦਰਤੀ ਬੂਟੇ ਵੀ ਸਪਲਾਈ ਕਰੇਗਾ। ਧਰਮਸੋਤ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਲੋਕਾਂ ਦੀ ਪਹਿਚਾਣ 'ਸਿਹਤਮੰਦ ਪੰਜਾਬੀਆਂ' ਵਜੋਂ ਰਹੀ ਹੈ ਤੇ 'ਤੰਦਰੁਸਤੀ' ਸਾਡਾ ਸੱਭਿਆਚਾਰ ਰਿਹਾ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ, ਚੰਗੀ ਤੇ ਸ਼ੁੱਧ ਖ਼ੁਰਾਕ ਖਾਣ ਅਤੇ ਆਪਣੀ ਜੀਵਨ-ਜੁਗਤ ਨੂੰ ਬਦਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੇ ਵਸਨੀਕਾਂ ਦੀ ਚੰਗੀ ਸਿਹਤ ਤੇ ਸ਼ੁੱਧ ਵਾਤਾਵਰਨ ਦੇਣਾ ਹੀ 'ਮਿਸ਼ਨ ਤੰਦਰੁਸਤ ਪੰਜਾਬ' ਦਾ ਮੁੱਖ ਉਦੇਸ਼ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÔðÅ íðÅ ê³