ਲੇਡੀ ਸੈਲੂਨ ਦੇ ਉਦਘਾਟਨ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

Updated on: Thu, 11 Jan 2018 08:13 PM (IST)
  

- ਸੰਗਤ ਨੇ ਪ੍ਰਗਟਾਇਆ ਰੋਹ; ਸਿੰਘ ਸਾਹਿਬ ਨੇ ਕਿਹਾ, ਜਾਂਚ ਲਈ ਬਣੇਗੀ ਕਮੇਟੀ

ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ

ਕਸਬਾ ਹਰੀਕੇ ਵਿਖੇ ਪੱਟੀ ਰੋਡ 'ਤੇ ਦੁਲਹਨ ਵਾਂਗ ਸਜਾਈ ਦੁਕਾਨ ਅੰਦਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਤੋਂ ਬਾਅਦ 'ਲੇਡੀਜ਼ ਸੈਲੂਨ' ਖੋਲ੍ਹ ਦਿੱਤਾ ਗਿਆ। ਇਸ ਮੌਕੇ ਬਾਣੀ ਪੜ੍ਹਨ ਵਾਲੇ ਗ੍ਰੰਥੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੀ ਸੰਪੂਰਨਤਾ ਦੀ ਜਿੱਥੇ ਅਰਦਾਸ ਕੀਤੀ ਗਈ, ਉਥੇ ਹੀ ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ ਕਰ ਕੇ ਅਰਦਾਸ ਦੌਰਾਨ ਕਾਰੋਬਾਰ ਦੇ ਵਾਧੇ ਦੀ ਮੰਗ ਕਰਦਿਆਂ ਧੁਰ ਕੀ ਬਾਣੀ ਦੀ ਤੁਕ ਦੀ ਵਰਤੋਂ ਵੀ ਕੀਤੀ ਗਈ। ਇਸ ਨੂੰ ਲੈ ਕੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਗੁਰੂ ਸਾਹਿਬ ਦੇ ਚਰਨ ਪਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਉਪਰੰਤ ਖੁਦ ਨੂੰ ਵਡਭਾਗਾ ਸਮਝਣ ਵਾਲੇ ਗੁਰਮੱੁਖਾਂ ਨੇ ਗੁਰੂ ਦੇ ਭਰੋਸੇ ਨੂੰ ਤਿਲਾਂਜਲੀ ਦੇ ਕੇ ਹਲਕਾ ਵਿਧਾਇਕ ਦੀ ਪਤਨੀ ਪਰਮਜੀਤ ਕੌਰ ਤੋਂ ਰਿਬਨ ਕਟਵਾਉਣ ਨੂੰ ਹੀ ਸ਼ੱੁਭ ਮਹੂਰਤ ਮੰਨਿਆ ਜਾਣਾ ਸੀ ਤਾਂ ਫਿਰ ਵਾਲ ਕੱਟਣ ਵਾਲੀ ਦੁਕਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਬੇਅਦਬੀ ਕਿਉਂ ਕੀਤੀ।

ਇਸ ਸਬੰਧੀ ਪੱਟੀ ਤੋ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਅੰਦਰ ਪਾਠੀ ਦੇ ਗਿਆਨ ਨੂੰ ਨਹੀਂ ਬਲਕਿ ਘੱਟ ਉਪਜੀਵਕਾ ਲੈਣ ਵਾਲੇ ਬੰਦੇ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਮੰਦਭਾਗੀ ਘਟਨਾ ਨੂੰ ਲੈ ਕੇ ਦੁਕਾਨ ਦੇ ਸੰਚਾਲਕ ਅਤੇ ਗ੍ਰੰਥੀ ਖ਼ਿਲਾਫ਼ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣਗੇ।

ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਜਥੇਦਾਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬਾਕਸ

ਜਾਂਚ ਲਈ ਗਿਠਤ ਹੋਵੇਗੀ ਕਮੇਟੀ : ਗਿ. ਗੁਰਬਚਨ ਸਿੰਘ

ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਸ ਕਤਲ ਕਰਨ ਵਾਲੀਆਂ ਦੁਕਾਨਾਂ 'ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗ੍ਰੰਥੀ ਅਤੇ ਦੁਕਾਨ ਮਾਲਕ ਖ਼ਿਲਾਫ਼ ਕਾਰਵਾਈ ਤੋਂ ਪਹਿਲਾਂ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕਰਨਗੇ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਹੋਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéåÅðé